ਜੇਐੱਨਐੱਨ, ਅਜਨਾਲਾ : 8 ਅਗਸਤ ਨੂੰ ਅਜਨਾਲਾ ਦੇ ਸ਼ਰਮਾ ਫਿਲਿੰਗ ਸਟੇਸ਼ਨ ’ਤੇ ਖੜ੍ਹੇ ਪੈਟਰੋਲ ਦੇ ਟੈਂਕਰ ਨੂੰ ਟਿਫਨ ਬੰਬ ਨਾਲ ਉਡਾਉਣ ਦਾ ਮੁਲਜ਼ਮ ਰੂਬਲ ਅਕਸਰ ਵਾਰਦਾਤ ਤੋਂ ਬਾਅਦ ਪੈਟਰੋਲ ਪੰਪ ’ਤੇ ਆਇਆ ਕਰਦਾ ਸੀ। ਮੁਲਜ਼ਮ ਪੈਟਰੋਲ ਪੰਪ ਦੇ ਮੈਨੇਜਰ ਅਤੇ ਸੇਲਜ਼ਮੈਨ ਤੋਂ ਰੋਜ਼ਾਨਾ ਰਿਪੋਰਟ ਲਿਆ ਕਰਦਾ ਸੀ।

ਮੁਲਜ਼ਮ ਦੋਵਾਂ ਤੋਂ ਪੁੱਛਗਿੱਛ ਕਰਦਾ ਸੀ ਕਿ ਕੀ ਹਾਲੇ ਤਕ ਪੁਲਿਸ ਪੈਟਰੋਲ ਦੇ ਟੈਂਕਰ ਨੂੰ ਉਡਾਉਣ ਵਾਲਿਆਂ ਦਾ ਪਤਾ ਨਹੀਂ ਲਗਾ ਸਕੀ ਹੈ। ਹਾਲਾਂਕਿ ਪੰਪ ਦੇ ਮੁਲਾਜ਼ਮਾਂ ਨੂੰ ਕਦੇ ਉਸ ’ਤੇ ਸ਼ੱਕ ਨਹੀਂ ਹੋਇਆ ਕਿ ਉਹ ਦੇਸ਼ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਹੈ ਅਤੇ ਇਕ ਖਤਰਨਾਕ ਟੀਮ ਨਾਲ ਅੱਤਵਾਦੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਹੈ।

ਪੰਪ ਦੇ ਮੈਨੇਜਰ ਗੌਰ ਸਿੰਘ ਅਤੇ ਸੇਲਜ਼ਮੈਨ ਸ਼ੰਭੂ ਦੱਤ ਨੇ ਦੱਸਿਆ ਕਿ ਰੂਬਲ ਅਕਸਰ ਉਨ੍ਹਾਂ ਦੇ ਪੈਟਰੋਲ ਪੰਪ ’ਤੇ ਆਇਆ ਕਰਦਾ ਸੀ। ਪੈਟਰੋਲ ਭਰਵਾ ਕੇ ਚਲਾ ਜਾਂਦਾ ਸੀ। ਕਈ ਵਾਰ ਰੁਕ ਕੇ ਵਧਦੇ ਪੈਟਰੋਲ ਦੇ ਭਾਅ ’ਤੇ ਸਰਕਾਰ ਨੂੰ ਕੋਸਦਾ ਰਹਿੰਦਾ ਸੀ ਪਰ ਉਨ੍ਹਾਂ ਨੂੰ ਬਿਲਕੁੱਲ ਭਿਣਕ ਨਹੀਂ ਲੱਗਣ ਦਿੱਤੀ ਕਿ ਉਹ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਹੈ। ਵੀਰਵਾਰ ਨੂੰ ਜਦੋਂ ਉਨ੍ਹਾਂ ਰੂਬਲ ਦੀ ਫੋਟੋ ਅਖਬਾਰਾਂ ਵਿਚ ਦੇਖੀ ਤਾਂ ਉਨ੍ਹਾਂ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ।

ਪਤਾ ਲੱਗਾ ਹੈ ਕਿ ਰੂਬਲ ਦੇ ਨਾਲ ਰਹਿਣ ਵਾਲੇ ਅਤੇ ਘੁੰਮਣ ਵਾਲੇ ਉਸ ਦੇ ਨਜ਼ਦੀਕੀ ਵੀ ਪੁਲਿਸ ਦੇ ਡਰੋਂ ਰੂਪੋਸ਼ ਹੋ ਚੁੱਕੇ ਹਨ। ਉਨ੍ਹਾਂ ਨੂੰ ਡਰ ਸਤਾਉਣ ਲੱਗਾ ਹੈ ਕਿ ਪੁਲਿਸ ਉਨ੍ਹਾਂ ਨੂੰ ਗਿ੍ਰਫਤਾਰ ਕਰਕੇ ਜੇਲ੍ਹ ਵਿਚ ਨਾ ਸੁੱਟ ਦੇਵੇ। ਅਜਨਾਲਾ ਅਤੇ ਉਸ ਦੇ ਆਸ-ਪਾਸ ਦੇ ਪਿੰਡਾਂ ਵਿਚੋਂ ਬੁੱਧਵਾਰ ਨੂੰ ਹੋਈ ਲਗਾਤਾਰ ਫੜੋ-ਫੜੀ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਹੈ। ਪੁਲਿਸ ਅਤੇ ਬੀਐੱਸਐੱਫ ਦੇ ਜਵਾਨ ਸਰਹੱਦੀ ਪਿੰਡਾਂ ਵਿਚ ਲਗਾਤਾਰ ਤਲਾਸ਼ੀ ਮੁਹਿੰਮ ਚਲਾ ਰਹੇ ਹਨ। ਲਗਾਤਾਰ ਵਾਹਨਾਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ।

Posted By: Jagjit Singh