ਅੰਮਿ੍ਤਪਾਲ ਸਿੰਘ, ਅੰਮਿ੍ਤਸਰ : ਚੀਫ਼ ਖ਼ਾਲਸਾ ਦੀਵਾਨ ਦੇ ਅਹੁਦੇਦਾਰਾਂ ਨੇ ਕਿਸਾਨਾਂ ਅਤੇ ਕੇਂਦਰ ਸਰਕਾਰ ਦੀ ਬੇਸਿੱਟਾ ਨਿਕਲ ਰਹੀਆਂ ਮੀਟਿੰਗਾਂ 'ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ।

ਅਹੁਦੇਦਾਰਾਂ ਨੇ ਹਰਿਆਣਾ ਸਰਕਾਰ ਵੱਲੋਂ ਅੰਨਦਾਤਾ ਕਿਸਾਨਾਂ ਪ੍ਰਤੀ ਅਪਣਾਏ ਅਪਮਾਨਜਨਕ ਰਵੱਈਏ ਅਤੇ ਕੰਗਨਾ ਰਣੌਤ ਵੱਲੋਂ ਕਿਸਾਨ ਅੰਦੋਲਨ ਵਿਚ ਸ਼ਾਮਲ ਬਜ਼ੁਰਗ ਔਰਤ ਲਈ ਵਰਤੀ ਗਈ ਗ਼ਲਤ ਸ਼ਬਦਾਵਲੀ ਦੀ ਵੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ। ਆਪਣੇ ਅਧਿਕਾਰ ਲਈ ਖੜੇ੍ ਕਿਸਾਨਾਂ ਵੱਲੋਂ ਯੋਜਨਾਬੱਧ ਤਰੀਕੇ ਨਾਲ ਚਲਾਏ ਜਾ ਰਹੇ ਸ਼ਾਂਤੀਪੂਰਨ ਅੰਦੋਲਨ ਦੀ ਹਮਾਇਤ ਕਰਦਿਆਂ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਨੇ ਜਾਰੀ ਬਿਆਨ ਵਿਚ ਕਿਹਾ ਕਿ ਇਨਸਾਫ਼ ਅਤੇ ਹੱਕ ਦਾ ਕਿਸਾਨੀ ਸੰਘਰਸ਼ ਜਿੰਨਾ ਲੰਮਾ ਹੁੰਦਾ ਜਾਵੇਗਾ, ਦੇਸ਼ ਦੀ ਸਥਿਤੀ ਉਨੀ ਹੀ ਤਣਾਅਪੂਰਨ ਅਤੇ ਅਸੁਰੱਖਿਅਤ ਹੁੰਦੀ ਜਾਵੇਗੀ।

ਉਨ੍ਹਾਂ ਕਿਹਾ ਕਿ ਕੈਨੇਡਾ, ਆਸਟ੍ਰੇਲੀਆ, ਨਿਊਯਾਰਕ ਸਮੇਤ ਹੋਰਨਾਂ ਦੇਸ਼ਾਂ ਦੇ ਸਦਨਾਂ ਵਿਚ ਵੀ ਕਿਸਾਨੀ ਮੁੱਦਾ ਚੁੱਕਿਆ ਗਿਆ ਹੈ ਅਤੇ ਵਿਦੇਸ਼ਾਂ ਦੀਆਂ ਸਰਕਾਰਾਂ ਨੇ ਖੁੱਲ੍ਹੇ ਦਿਲ ਨਾਲ ਕਿਸਾਨਾਂ ਦੀ ਹਮਾਇਤ ਕੀਤੀ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਪੰਜਾਬੀ ਕਿਸਾਨਾਂ, ਜਿਨ੍ਹਾਂ ਨੇ ਦੇਸ਼ ਨੂੰ ਵਿਦੇਸ਼ੀ ਅਨਾਜ ਦੀ ਦਰਾਮਦ ਤੋਂ ਮੁਕਤ ਕਰਵਾਇਆ ਸੀ, ਦੀਆਂ ਸਮੱਸਿਆਵਾਂ ਨੂੰ ਸ਼ਾਂਤੀਪੂਰਵਕ ਸਮਝ ਕੇ ਛੇਤੀ ਹੱਲ ਕਰਨ ਦੀ ਅਪੀਲ ਕੀਤੀ।

ਧਰਮ ਪ੍ਰਚਾਰ ਕਮੇਟੀ ਦੇ ਮੁਖੀ ਭਾਗ ਸਿੰਘ ਅਣਖੀ, ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ, ਕਾਰਜਕਾਰੀ ਆਨਰੇਰੀ ਸਕੱਤਰ ਅਜੀਤ ਸਿੰਘ ਬਸਰਾ ਅਤੇ ਮੀਤ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਨੇ ਸਾਂਝੇ ਤੌਰ 'ਤੇ ਕਿਹਾ ਕਿ ਖੇਤੀ ਖੇਤਰ ਵਿਚ ਨਵੀਆਂ ਨੀਤੀਆਂ ਤੇ ਯੋਜਨਾਵਾਂ ਕਿਸਾਨ ਵਰਗ ਦੀ ਵੱਡੀ ਸਹਿਮਤੀ ਤੋਂ ਬਗੈਰ ਲਾਗੂ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ, ਕਿਉਂਕਿ ਇਸ ਦਾ ਸਬੰਧ ਕਰੋੜਾਂ ਕਿਸਾਨਾਂ ਨਾਲ ਹੁੰਦਾ ਹੈ, ਜਿਨ੍ਹਾਂ ਦੇ ਮੋਢਿਆਂ 'ਤੇ ਦੇਸ਼ ਦੀ ਖੁਰਾਕ ਅਤੇ ਵੱਡੇ ਕਾਰੋਬਾਰੀ ਜੁੜੇ ਹੁੰਦੇ ਹਨ। ਅਹੁਦੇਦਾਰਾਂ ਨੇ ਅਪੀਲ ਕੀਤੀ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਪ੍ਰਤੀ ਖੇਤੀ ਕਾਨੂੰਨਾਂ ਦੇ ਖਤਰਨਾਕ ਭਵਿੱਖੀ ਸਿੱਟਿਆਂ ਨੂੰ ਧਿਆਨ ਵਿਚ ਰੱਖਦਿਆਂ ਬਿਨਾਂ ਸ਼ਰਤ ਬਿਨਾਂ ਕਿਸੇ ਹੋਰ ਦੇਰੀ ਖੇਤੀ ਕਾਨੂੰਨ ਰੱਦ ਕਰ ਦੇਣੇ ਚਾਹੀਦੇ ਹਨ ਅਤੇ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ 'ਤੇ ਦਰਜ ਨਾਜਾਇਜ਼ ਪੁਲਿਸ ਕੇਸ ਖਾਰਜ ਕਰ ਦੇਣੇ ਚਾਹੀਦੇ ਹਨ।