ਗੁਰਿੰਦਰ ਸਿੰਘ ਗਿੱਲ, ਵਰਪਾਲ : ਪਿੰਡ ਵਰਪਾਲ ਫੌਜਾ ਸਿੰਘ ਦੇ ਖੂਹ ਪਾੜ ਵਾਲਾ ਵਿਖੇ ਬੀਤੇ ਸ਼ੁੱਕਰਵਾਰ ਦੀ ਸ਼ਾਮ ਨੂੰ ਅਵਾਰਾ ਕੁੱਤਿਆਂ ਨੇ ਦੋ ਸਾਲ ਦੇ ਬੱਚੇ ਨੂੰ ਨੋਚ-ਨੋਚ ਕੇ ਮੌਤ ਦੇ ਮੂੰਹ 'ਚ ਪਹੁੰਚਾ ਦਿੱਤਾ। ਪੀੜਤ ਬੱਚੇ ਦੀ ਪਛਾਣ ਗੁਰਸ਼ਾਨਦੀਪ ਸਿੰਘ ਵਜੋਂ ਹੋਈ ਹੈ। ਬੱਚੇ ਦੇ ਪਿਤਾ ਗੁਰਸਾਹਿਬ ਸਿੰਘ ਤੇ ਦਾਦਾ ਅਮਰਜੀਤ ਸਿੰਘ ਨੇ ਦੱਸਿਆ ਕਿ ਬੱਚਾ ਖਿਡੌਣੇ ਖੇਡ ਰਿਹਾ ਸੀ ਤੇ ਖੇਡਦਾ-ਖੇਡਦਾ ਬੱਚਾ ਦਰਵਾਜ਼ੇ ਤੋਂ ਬਾਹਰ ਚਲਾ ਗਿਆ। ਜਦ ਗੁਰਸ਼ਾਨਦੀਪ ਕਾਫੀ ਦੇਰ ਬਾਹਰ ਨਾ ਪਰਤਿਆ ਤਾਂ ਉਨ੍ਹਾਂ ਗੁਰਸ਼ਾਨ ਦੀ ਭਾਲ ਵਿਚ ਬਾਹਰ ਨਿਕਲੇ ਤਾਂ ਉਨ੍ਹਾਂ ਨੂੰ ਕੁਝ ਦੂਰੀ 'ਤੇ ਕੁੱਤਿਆਂ ਦਾ ਝੁੰਡ ਨਜ਼ਰ ਆਇਆ। ਜਦੋਂ ਉੱਥੇ ਜਾ ਕੇ ਦੇਖਿਆ ਤਾਂ ਉਸ ਸਮੇਂ ਤਕ ਗੁਰਸ਼ਾਨਦੀਪ ਨੂੰ ਕੁੱਤਿਆਂ ਨੇ ਨੋਚ-ਨੋਚ ਕੇ ਮਾਰ ਦਿੱਤਾ ਸੀ। ਗੁਰਸ਼ਾਨਦੀਪ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਇਸ ਘਟਨਾ ਨਾਲ ਇਲਾਕੇ ਵਿਚ ਸੋਗ ਦਾ ਮਾਹੌਲ ਹੈ। ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਤੋਂ ਅਵਾਰਾ ਕੁੱਤਿਆਂ 'ਤੇ ਸ਼ਿਕੰਜਾ ਕੱਸਣ ਦੀ ਮੰਗ ਕੀਤੀ ਹੈ।