ਅੰਮਿ੍ਤਪਾਲ ਸਿੰਘ, ਅੰਮਿ੍ਤਸਰ : ਚੀਫ਼ ਖ਼ਾਲਸਾ ਦੀਵਾਨ (ਸੀਕੇਡੀ) ਨੇ ਵੀਡੀਓ ਕਾਨਫਰੰਸ ਜ਼ਰੀਏ ਇਜਲਾਸ ਕਰ ਕੇ ਸਾਲ 2020-21 ਲਈ 147 ਕਰੋੜ 50 ਲੱਖ 43 ਹਜ਼ਾਰ ਦਾ ਬਜਟ ਪਾਸ ਕੀਤਾ ਹੈ।

ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅਧੀਨ ਆਉਂਦੇ ਸਕੂਲਾਂ, ਕਾਲਜਾਂ ਅਤੇ ਸਮੂਹ ਅਦਾਰਿਆਂ ਦਾ ਸਾਲ 2020-21 ਦਾ ਬਜਟ ਪਾਸ ਕਰਨ ਅਤੇ ਦੀਵਾਨ ਦੇ ਨਵੇਂ ਮੈਂਬਰ ਬਣਾਉਣ ਸਮੇਤ ਹੋਰ ਏਜੰਡੇ ਵਿਚਾਰਣ ਅਤੇ ਪ੍ਰਵਾਨ ਕਰਵਾਉਣ ਸਬੰਧੀ ਆਨ-ਲਾਈਨ ਵੀਡੀਓ ਕਾਨਫਰੰਸ ਰਾਹੀਂ ਪਹਿਲਾਂ ਕਾਰਜ-ਸਾਧਕ ਕਮੇਟੀ ਅਤੇ ਉਪਰੰਤ ਜਨਰਲ ਬਾਡੀ ਦਾ ਇਜਲਾਸ ਕਰਵਾਇਆ ਗਿਆ। ਇਸ ਦੀ ਪ੍ਰਧਾਨਗੀ ਚੀਫ਼ ਖ਼ਾਲਸਾ ਦੀਵਾਨ ਦੇ ਮੀਤ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਝਰ ਨੇ ਕੀਤੀ।

ਨਿੱਝਰ ਨੇ ਦੱਸਿਆ ਕਿ ਚੀਫ਼ ਖ਼ਾਲਸਾ ਦੀਵਾਨ ਦੇ ਪਾਸ ਕੀਤੇ ਬਜਟ ਵਿਚ ਅਜਨਾਲਾ ਰੋਡ ਵਿਖੇ ਨਵੇਂ ਸੀਕੇਡੀ ਸਕੂਲ ਦੀ ਉਸਾਰੀ ਲਈ 7 ਕਰੋੜ, ਆਦਰਸ਼ ਸਕੂਲਾਂ ਲਈ 1 ਕਰੋੜ 62 ਲੱਖ, ਧਰਮ ਪ੍ਰਚਾਰ ਲਈ 20 ਲੱਖ ਰੁਪਏ, ਸੀਕੇਡੀ ਅਧੀਨ ਪੇਂਡੂ ਸਕੂਲਾਂ ਨੂੰ ਅਪਗ੍ਰੇਡ ਕਰਨ ਲਈ 2 ਕਰੋੜ, ਸੈਂਟਰਲ ਖ਼ਾਲਸਾ ਯਤੀਮਖ਼ਾਨਾ, ਬਿਰਧ ਘਰਾਂ ਅਤੇ ਹੋਰਨਾਂ ਅਦਾਰਿਆਂ ਦੇ ਵਿਕਾਸ ਲਈ 1 ਕਰੋੜ ਰੁਪਏ, ਸ੍ਰੀ ਗੁਰੂ ਹਰਿਕਿ੍ਸ਼ਨ ਸਕੂਲ ਭਗਤਾਂਵਾਲਾ ਦੇ ਵਿਸਥਾਰ ਲਈ ਜ਼ਮੀਨ ਖਰੀਦਣ ਵਾਸਤੇ 3 ਕਰੋੜ ਅਤੇ ਉਸਾਰੀ ਲਈ 2 ਕਰੋੜ, ਸੁਰ ਸਿੰਘ ਵਿਖੇ ਸੀਕੇਡੀ ਸਕੂਲ ਦੀ ਜ਼ਮੀਨ ਹੋਰ ਲੈਣ ਲਈ 50 ਲੱਖ ਰੁਪਏ ਅਤੇ ਉਸਾਰੀ ਲਈ 80 ਲੱਖ ਰੁਪਏ ਦੀ ਰਾਸ਼ੀ ਰਾਖਵੀਂ ਰੱਖੀ ਗਈ ਹੈ। ਇਸ ਤੋਂ ਇਲਾਵਾ ਸ੍ਰੀ ਗੁਰੂ ਹਰਿਕਿ੍ਸ਼ਨ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ, ਰਣਜੀਤ ਐਵੀਨਿਊ ਵਿਖੇ ਸਾਲ 2020-21 ਵਿਚ ਤਿੰਨ ਬੈਡਮਿੰਟਨ ਹਾਲ ਬਣਾਉਣ ਦੀ ਵੀ ਯੋਜਨਾ ਹੈ।

ਆਨਰੇਰੀ ਸਕੱਤਰ ਸੁਰਿੰਦਰ ਸਿੰਘ ਰੁਮਾਲਿਆਂ ਵਾਲਿਆਂ ਨੇ ਦੱਸਿਆ ਕਿ ਸਾਲ 2019-20 ਵਿਚ ਜਿਹੜੀ ਕੁੱਲ ਆਮਦਨ 116 ਕਰੋੜ 42 ਲੱਖ ਸੀ, ਇਸ ਸਾਲ ਵੱਧ ਕੇ 137 ਕਰੋੜ 98 ਲੱਖ ਹੋ ਜਾਣ ਦਾ ਅਨੁਮਾਨ ਹੈ ਅਤੇ ਪਿਛਲੇ ਸਾਲ ਨਾਲੋਂ ਇਹ ਵਾਧਾ 21 ਕਰੋੜ ਰੁਪਏ ਹੈ। ਪਿਛਲੇ ਸਾਲ ਕੁੱਲ ਖਰਚਾ 121 ਕਰੋੜ 72 ਲੱਖ ਰੁਪਏ ਸੀ ਅਤੇ ਸਾਲ 2020-21 ਵਿਚ ਇਹ ਖਰਚਾ ਵੱਧ ਕੇ 147 ਕਰੋੜ 50 ਲੱਖ 93 ਹਜ਼ਾਰ ਹੋ ਜਾਣ ਦਾ ਅਨੁਮਾਨ ਹੈ।

ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਨੇ ਦੱਸਿਆ ਕਿ ਪਿਛਲੇ ਵਿੱਤੀ ਸਾਲ ਵਿਚ ਚੀਫ਼ ਖ਼ਾਲਸਾ ਦੀਵਾਨ ਵੱਲੋਂ ਆਪਣੇ ਅਦਾਰਿਆਂ ਨੂੰ ਅਲਟਰਾ ਮਾਡਰਨ ਸਹੂਲਤਾਂ ਨਾਲ ਲੈਸ ਕਰਨ ਅਤੇ ਲੈਬਾਰਟਰੀਆਂ, ਲਾਇਬ੍ਰੇਰੀਆਂ ਅਤੇ ਨਵੇਂ ਆਡੀਟੋਰੀਅਮ ਨੂੰ ਨਵ-ਤਕਨੀਕ ਅਨੁਸਾਰ ਬਣਾਇਆ ਗਿਆ ਹੈ ਅਤੇ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਬਸੰਤ ਐਵੀਨਿਊ ਲਈ 7 ਕਰੋੜ 50 ਲੱਖ ਰੁਪਏ ਨਾਲ ਨਵੀਂ ਜ਼ਮੀਨ ਦੀ ਖਰੀਦ ਵੀ ਕੀਤੀ ਗਈ ਹੈ। 4 ਕਰੋੜ ਦੀ ਲਾਗਤ ਨਾਲ ਚਾਰ ਸੀਕੇਡੀ ਸਕੂਲਾਂ ਵਿਚ ਨਵ-ਤਕਨੀਕੀ ਸੋਲਰ ਸਿਸਟਮ ਲਾਏ ਗਏ ਹਨ, ਜਿਸ ਕਰਕੇ 15 ਸਾਲਾਂ ਦੇ ਮੁਕਾਬਲੇ ਲਗਭਗ 18 ਕਰੋੜ ਦੀ ਬਿਜਲੀ ਬਚਤ ਕੀਤੀ ਜਾਵੇਗੀ।

ਜਨਰਲ ਹਾਊਸ ਦੀ ਇਸ ਆਨ-ਲਾਈਨ ਇਕੱਤਰਤਾ ਵਿਚ ਚੇਅਰਮੈਨ ਸੀਕੇਡੀ ਸਕੂਲਜ਼ ਭਾਗ ਸਿੰਘ ਅਣਖੀ, ਸਰਪ੍ਰਸਤ ਰਾਜਮੋਹਿੰਦਰ ਸਿੰਘ, ਮੀਤ ਪ੍ਰਧਾਨ ਅਮਰਜੀਤ ਸਿੰਘ ਵਿਕਰਾਂਤ, ਸਥਾਨਕ ਪ੍ਰਧਾਨ ਹਰਮਿੰਦਰ ਸਿੰਘ ਅਤੇ ਆਨ-ਲਾਈਨ ਐਪ ਰਾਹੀਂ ਚੀਫ਼ ਖ਼ਾਲਸਾ ਦੀਵਾਨ ਦੇ ਹੋਰ ਮੈਂਬਰ ਵੀ ਸ਼ਾਮਲ ਸਨ।