ਅੰਮਿ੍ਤਪਾਲ ਸਿੰਘ, ਅੰਮਿ੍ਤਸਰ : ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਜਨਰਲ ਹਾਊਸ ਦੀ ਇਕੱਤਰਤਾ ਪ੍ਰਧਾਨ ਨਿਰਮਲ ਸਿੰਘ ਠੇਕੇਦਾਰ ਦੀ ਅਗਵਾਈ ਵਿਚ ਅਹਿਮ ਫੈਸਲੇ ਲਏ ਗਏ ਜਿਸ ਵਿਚ ਵਿਰੋਧੀ ਧਿਰ ਦੇ ਮੈਂਬਰ ਗੁਰਿੰਦਰ ਸਿੰਘ ਚਾਵਲਾ ਦੀ ਦੀਵਾਨ ਵਿੱਚੋਂ ਛੁੱਟੀ ਕਰ ਦਿੱਤੀ ਗਈ ਹੈ ਤੇ ਮੈਂਬਰ ਅਮਰਜੀਤ ਸਿੰਘ ਭਾਟੀਆ ਨੂੰ ਨਿੱਜੀ ਲੈਣ-ਦੇਣ ਦੇ ਮਾਮਲੇ ਵਿਚ ਮੁਅੱਤਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਭਾਗ ਸਿੰਘ ਅਣਖੀ, ਹਰਭਜਨ ਸਿੰਘ ਸੋਚ ਤੇ ਅਵਤਾਰ ਸਿੰਘ ਦੀ ਮੈਂਬਰਸ਼ਿਪ ਬਹਾਲ ਕਰ ਦਿੱਤੀ ਹੈ, ਇਹ ਤਿੰਨੋਂ ਮੈਂਬਰ ਤਕਰੀਬਨ 10 ਸਾਲ ਦਾ ਸਮਾਂ ਦੀਵਾਨ ਤੋਂ ਬਾਹਰ ਰਹੇ ਹਨ।

ਪ੍ਰਧਾਨ ਨਿਰਮਲ ਸਿੰਘ ਨੇ ਕਿਹਾ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੇ ਵੇਲੇ ਦੀਵਾਨ ਦੇ ਸਕੂਲਾਂ ਦੇ ਬੱਚਿਆਂ ਲਈ ਜੋ ਕਿਤਾਬਾਂ ਤੇ ਵਰਦੀਆਂ ਦੀ ਖ਼ਰੀਦ ਕੀਤੀ ਜਾਂਦੀ ਰਹੀ ਹੈ, ਉਸ ਵਿਚ 8 ਕਰੋੜ ਦੇ ਕਰੀਬ ਹੇਰਾਫੇਰੀ ਹੋਈ ਹੈ, ਜਿਸ ਲਈ 5 ਮੈਂਬਰੀ ਕਮੇਟੀ ਬਣਾ ਕੇ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਸਪਸ਼ਟ ਕੀਤਾ ਕਿ 10 ਸਾਲ ਪਹਿਲਾਂ ਕਾਨਪੁਰ ਵਿਚ ਮਤਾ ਪਾ ਕੇ ਜੋ ਮੈਂਬਰ ਲਏ ਗਏ ਸਨ, ਉਨ੍ਹਾਂ ਵਿੱਚੋਂ ਗ਼ੈਰ-ਜ਼ਰੂਰੀ ਮੈਂਬਰ ਬਾਹਰ ਕੱਢੇ ਜਾਣਗੇ।

ਸੈਸ਼ਨ ਲਈ ਬੱਚਿਆਂ ਨੂੰ ਕਿਤਾਬਾਂ ਤੇ ਵਰਦੀਆਂ 'ਤੇ ਭਾਰੀ ਛੋਟ ਮਿਲੀ ਹੈ ਜਦਕਿ ਪਿਛਲੇ ਸਮੇਂ ਵਿਚ ਪੂਰੇ ਭਾਅ 'ਤੇ ਕਿਤਾਬਾਂ ਲਈ ਮਾਪਿਆਂ ਨੂੰ ਮੁੱਲ ਭਰਨਾ ਪੈਂਦਾ ਸੀ ਤੇ ਮੋਟੀ ਰਕਮ ਕਮੀਸ਼ਨ ਵਜੋਂ ਪ੍ਰਧਾਨ ਡਕਾਰ ਜਾਂਦਾ ਸੀ। ਜਲਦੀ ਜਾਂਚ ਪੂਰੀ ਕਰ ਕੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਨ ਡੁਮੇਨ ਯੂਨੀਵਰਸਿਟੀ ਲਈ ਜੇ ਸਰਕਾਰ ਜਾਂ ਕੋਈ ਸੰਸਥਾ ਜਗ੍ਹਾ ਦੇਵੇਗੀ ਤਾਂ ਦੀਵਾਨ ਉਸਾਰੀ ਤੇ ਯੂਨੀਵਰਸਿਟੀ ਨੂੰ ਜ਼ਰੂਰ ਚਲਾਵੇਗਾ। ਇਸ ਮੌਕੇ ਆਨਰੇਰੀ ਸਕੱਤਰ ਸੁਰਿੰਦਰ ਸਿੰਘ ਰੁਮਾਲਿਆਂਵਾਲਾ, ਰਾਜਮੋਹਿੰਦਰ ਸਿੰਘ ਮਜੀਠਾ, ਰਜਿੰਦਰ ਸਿੰਘ ਮਰਵਾਹਾ ਆਦਿ ਮੌਜੂਦ ਸਨ।

ਕੀਤੀ ਜਾਵੇਗੀ ਮੁਕੰਮਲ ਪੜਤਾਲ

ਨਿਰਮਲ ਸਿੰਘ ਨੇ ਕਿਹਾ ਕਿ ਦੀਵਾਨ ਨੂੰ ਪਿਛਲੇ ਸਮੇਂ ਵਿਚ ਪੂਰੇ ਮੁੱਲ ਉੱਤੇ ਵਰਦੀਆਂ ਵੇਚਣ ਵਾਲੇ ਸਰਦਾਰ ਪਗੜੀ ਹਾਊਸ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇ ਇਸ ਵਾਰ 20 ਫ਼ੀਸਦ ਤੀਕ ਛੋਟ ਮਿਲ ਸਕਦੀ ਹੈ ਤਾਂ ਸਾਬਕਾ ਪ੍ਰਧਾਨ ਚੱਢਾ ਦੇ ਸਮੇਂ ਵਿਚ ਵਰਦੀਆਂ ਦੀ ਕਮੀਸ਼ਨ ਕਿਸ ਨੇ ਲਈ? ਇਸ ਦੀ ਜਾਂਚ ਹੋਵੇਗੀ।

ਸਾਰੇ ਦੋਸ਼ ਬੇਬੁਨਿਆਦ : ਚੱਢਾ

ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੇ ਕਿਹਾ ਕਿ ਪ੍ਰਧਾਨ ਨਿਰਮਲ ਸਿੰਘ ਵੱਲੋਂ ਉਨ੍ਹਾਂ 'ਤੇ ਬੇਬੁਨਿਆਦ ਇਲਜ਼ਾਮ ਲਾਏ ਜਾ ਰਹੇ ਹਨ। ਸਾਰਾ ਲੈਣ ਦੇਣ ਸਾਬਕਾ ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ ਕਰਦਾ ਸੀ।

ਚਾਵਲਾ ਨੇ ਰੋਸ ਪ੍ਰਗਟ ਕੀਤਾ

ਗੁਰਿੰਦਰ ਸਿੰਘ ਚਾਵਲਾ ਨੂੰ ਦੀਵਾਨ ਦੀ ਇਕੱਤਰਤਾ ਵਿਚ ਜਾਣ ਵੇਲੇ ਪੁਲਿਸ ਨੇ ਬਾਹਰ ਹੀ ਰੋਕ ਲਿਆ ਤੇ ਦੀਵਾਨ ਵੱਲੋਂ ਸ਼ਿਕਾਇਤ ਦਾ ਹਵਾਲਾ ਦੇ ਦਿੱਤਾ। ਜਿਸ 'ਤੇ ਚਾਵਲਾ ਨੇ ਰੋਸ ਪ੍ਰਗਟ ਕੀਤਾ।