ਮੋਨਜ ਕੁਮਾਰ, ਅੰਮ੍ਰਿਤਸਰ : ਭਗਵਾਨ ਵਾਲਮੀਕਿ ਤੀਰਥ ਵਿਖੇ ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਦਿਵਸ ਮੌਕੇ ਰਾਜ ਪੱਧਰੀ ਸਮਾਗਮ ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵਿਸ਼ੇਸ਼ ਤੌਰ ਉਤੇ ਸ਼ਿਰਕਤ ਕੀਤੀ। ਇਸ ਮੌਕੇ ਸਭ ਤੋਂ ਪਹਿਲਾਂ ਉਹ ਭਗਵਾਨ ਵਾਲਮੀਕਿ ਤੀਰਥ ਵਿਖੇ ਨਤਮਸਤਕ ਹੋਏ। ਉਪਰੰਤ ਉਨ੍ਹਾਂ 25 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਪਨੋਰਮਾ ਦਾ ਨੀਂਹ ਪੱਥਰ ਸਮੇਤ ਕਈ ਹੋਰ ਪ੍ਰਾਜੈਕਟਾਂ ਦਾ ਐਲਾਨ ਕੀਤਾ। ਇਸ ਮੌਕੇ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਹੁਣ ਪੰਜਾਬ ਵਿਚ ਹਰ ਪੱਧਰ ਹੀ ਭਰਤੀ ਬਿਨਾਂ ਰਿਸ਼ਵਤ ਤੋਂ ਹੋਵੇਗੀ ਅਤੇ ਇਸ ਦੇ ਲਈ ਕਿਸੇ ਨੂੰ ਵੀ ਇਕ ਪੈਸਾ ਦੇਣ ਦੀ ਲੋੜ ਨਹੀਂ ਹੈ। ਉਨ੍ਹਾਂ ਐਲਾਨ ਕੀਤਾ ਕਿ ਗੁਰੂ ਨਾਨਕ ਦੇਵ ਵਰਸਿਟੀ ਵਿਚ ਭਾਈ ਜੀਵਨ ਸਿੰਘ ਜੀ ਦੇ ਨਾਂ ਉਤੇ ਇਕ ਚੇਅਰ ਸਥਾਪਤ ਕੀਤੀ ਜਾਵੇਗੀ, ਜਿਸ ਲਈ ਹਰ ਸਾਲ ਪੰਜ ਕਰੋੜ ਰੁਪਏ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਬੇਘਰੇ ਲੋਕਾਂ ਲਈ ਮੇਰਾ ਘਰ ਮੇਰੇ ਨਾਂ ਦੀ ਸਕੀਮ ਸ਼ੁਰੂ ਕੀਤੀ ਜਾਵੇਗੀ, ਜਿਸ ਤਹਿਤ ਬੇਘਰੇ ਲੋਕਾਂ ਨੂੰ ਪੰਜ ਪੰਜ ਮਰਲੇ ਦੇ ਪਲਾਟ ਦਿੱਤੇ ਜਾਣਗੇ। ਉਨ੍ਹਾਂਂ ਨੇ ਕਿਹਾ ਕਿ ਜਿਹੜੇ ਲੋਕ ਲਾਲ ਲਕੀਰ ਵਾਲੀ ਜ਼ਮੀਨ ਅੰਦਰ ਰਹਿ ਰਹੇ ਹਨ, ਉਨ੍ਹਾਂ ਲੋਕਾਂ ਨੂੰ ਜ਼ਮੀਨ ਦੇ ਮਾਲਕੀ ਹੱਕ ਦਿੱਤੇ ਜਾਣਗੇ ਅਤੇ ਇਸ ਯੋਜਨਾ ਤਹਿਤ ਦੀਵਾਲੀ ਤੋਂ ਪਹਿਲਾਂ ਪਹਿਲਾਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਐਲਾਨ ਕੀਤਾ ਕਿ ਸਫਾਈ ਸੇਵਕਾਂ ਨੂੰ ਹਰ ਹਫਤੇ ਹਫ਼ਤਾਵਾਰੀ ਛੁੱਟੀ ਦਿੱਤੀ ਜਾਵੇਗੀ। ਮੁੱਖ ਮੰਤਰੀ ਚੰਨੀ ਨੇ ਅਕਾਲੀਆਂ ਉੱਤੇ ਹਮਲਾ ਕਰਦਿਆਂ ਕਿਹਾ ਕਿ ਉਹ ਪੰਜਾਬ ਦਾ ਖ਼ਜ਼ਾਨਾ ਲੁੱਟ ਕੇ ਖਾ ਗਏ ਹਨ। ਉਨ੍ਹਾਂ ਨੇ ਲੋਕਾਂ ਨੂੰ ਨਸ਼ੇੜੀ ਬਣਾ ਦਿੱਤਾ। ਪੰਜਾਬ ਦੇ ਲੋਕ ਅਕਾਲੀਆਂ ਨੂੰ ਕਦੇ ਵੀ ਮੁਆਫ ਨਹੀਂ ਕਰਨਗੇ ਉਨ੍ਹਾਂ ਕਿਹਾ ਕਿ ਪੰਜਾਬ ਦਾ ਖਜ਼ਾਨਾ ਆਮ ਲੋਕਾਂ ਲਈ ਭਰਿਆ ਹੋਇਆ ਹੈ। ਉਨ੍ਹਾਂ ਸੂਬੇ ਦੇ ਲੋਕਾਂ ਨੂੰ ਭਗਵਾਨ ਵਾਲਮੀਕਿ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੰਦੇ ਹੋਏ ਉਨ੍ਹਾਂ ਵੱਲੋਂ ਦਿੱਤੀਆਂ ਸਿੱਖਿਆਵਾਂ ਉਤੇ ਚੱਲਣ ਲਈ ਕਿਹਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹੁਣ ਆਮ ਜਨਤਾ ਦੀ ਸਰਕਾਰ ਹੈ। ਇਸ ਮੌਕੇ ਸੰਬੋਧਨ ਕਰਦੇ ਹੋਏ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ, ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ, ਕੈਬਨਿਟ ਮੰਤਰੀ ਡਾ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਪੰਜਾਬ ਵਿਚ ਮੁੜ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਅਗਵਾਈ ਵਿਚ ਕਾਂਗਰਸ ਦੀ ਸਰਕਾਰ ਬਣੇਗੀ। ਅੰਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਨੇ ਐਲਾਨ ਕੀਤਾ ਕਿ ਵਾਲਮੀਕਿ ਤੀਰਥ ਆਉਣ ਵਾਲੇ ਸ਼ਰਧਾਲੂਆਂ ਲਈ ਪੰਜਾਹ ਲੱਖ ਦੀ ਲਾਗਤ ਨਾਲ ਇਕ ਸਵਾਗਤੀ ਗੇਟ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਨਗਰ ਨਿਗਮ ਪੰਝੀ ਲੱਖ ਰੁਪਏ ਨਾਲ ਵਾਲਮੀਕਿ ਤੀਰਥ ਦਾ ਇਕ ਮਾਡਲ ਤਿਆਰ ਕਰਕੇ ਦੇਵੇਗੀ। ਇਸ ਮੌਕੇ ਐਮਐਲਏ ਪਵਨ ਆਦੀਆ, ਵਿਧਾਇਕ ਤਰਸੇਮ ਸਿੰਘ ਡੀਸੀ, ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਵੀ ਸੰਬੋਧਨ ਕੀਤਾ। ਰਾਜ ਪੱਧਰੀ ਸਮਾਗਮ ਵਿਚ ਹਿੱਸਾ ਲੈਣ ਲਈ ਵੱਡੀ ਗਿਣਤੀ ਸੰਗਤ ਵੀ ਪੁੱਜੀ ਹੋਈ ਸੀ।

ਇਸ ਮੌਕੇ ਐਮਪੀ ਗੁਰਜੀਤ ਸਿੰਘ ਔਜਲਾ, ਐਮਪੀ ਮੁਹੰਮਦ ਸਦੀਕ, ਵਿਧਾਇਕ ਸੁਨੀਲ ਦੱਤੀ, ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਪਨਸੀਡ ਦੇ ਚੇਅਰਮੈਨ ਜੁਗਲ ਕਿਸ਼ੋਰ ਸ਼ਰਮਾ, ਪੰਜਾਬ ਖਾਦੀ ਬੋਰਡ ਦੀ ਚੇਅਰਪਰਸਨ ਮਮਤਾ ਦੱਤਾ, ਜ਼ਿਲ੍ਹਾ ਕਾਂਗਰਸ ਅੰਮ੍ਰਿਤਸਰ ਸ਼ਹਿਰੀ ਦੀ ਪ੍ਰਧਾਨ ਜਤਿੰਦਰ ਸੋਨੀਆ, ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ ਆਦਿ ਮੌਜੂਦ ਸਨ।

Posted By: Seema Anand