ਜੇਐੱਨਐੱਨ, ਅੰਮ੍ਰਿਤਸਰ : ਤਰਸਿੱਕਾ ਥਾਣੇ ਦੀ ਪੁਲਿਸ ਨੇ ਸੈਦਪੁਰਾ ਪਿੰਡ ਦੇ ਗੁਰਦੁਆਰਾ ਬਾਬਾ ਜੀਵਨ ਸਿੰਘ ਦੇ ਤਿੰਨ ਸੇਵਾਦਾਰਾਂ ਵਿਰੁੱਧ ਆਵਾਜ਼ ਪ੍ਰਦੂਸ਼ਣ ਫੈਲਾਉਣ ਦੇ ਦੋਸ਼ ਵਿਚ ਕੇਸ ਦਰਜ ਕੀਤਾ ਹੈ, ਤਿੰਨੇ ਜਣੇ ਹਾਲੇ ਫ਼ਰਾਰ ਹਨ।

ਯਾਦ ਰਹੇ ਦਿਲ ਦੀ ਬਿਮਾਰੀ ਤੋਂ ਪੀੜਤ ਸੁੱਚਾ ਸਿੰਘ (63) ਦਾ ਦੋਸ਼ ਹੈ ਕਿ ਨਿਹੰਗ ਸਮੇਤ ਤਿੰਨ ਸੇਵਾਦਾਰ ਰੋਜ਼ਾਨਾ ਕਈ-ਕਈ ਘੰਟੇ ਗੁਰਦੁਆਰੇ ਦਾ ਸਪੀਕਰ ਬਹੁਤ ਉੱਚੀ ਆਵਾਜ਼ ਵਿਚ ਚਲਾਈ ਰੱਖਦੇ ਹਨ। ਓਧਰ ਏਐੱਸਆਈ ਜਗੀਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਗਿ੍ਰਫ਼ਤਾਰੀ ਲਈ ਛਾਪਾਮਾਰੀ ਤੇਜ਼ ਕਰ ਦਿੱਤੀ ਹੈ।

ਗੱਲ ਨਹੀਂ ਸੁਣੀ ਸਗੋਂ ਕੀਤਾ ਜ਼ਲੀਲ

ਮਿਲੇ ਵੇਰਵਿਆਂ ਮੁਤਾਬਕ ਪੀੜਤ ਸੁੱਚਾ ਸਿੰਘ ਨੇ ਦੱਸਿਆ ਸੀ ਕਿ ਉਹ ਦਿਲ ਦੇ ਮਰੀਜ਼ ਹਨ ਤੇ ਇਲਾਜ ਚੱਲਦਾ ਹੈ। ਡਾਕਟਰ ਨੇ ਵਾਧੂ ਦੇ ਰੌਲੇ ਰੱਪੇ ਤੋਂ ਬਚਣ ਦੀ ਸਲਾਹ ਦਿੱਤੀ ਸੀ। ਜਦਕਿ ਘਰੋਂ ਥੋੜ੍ਹੀ ਦੂਰ ਬਾਬਾ ਜੀਵਨ ਸਿੰਘ ਦਾ ਗੁਰਦੁਆਰਾ ਹੈ। ਪ੍ਰਬੰਧ ਚਲਾਉਣ ਵਾਲੇ ਵਿਅਕਤੀ ਹਰ ਰੋਜ਼ ਤੇਜ਼ ਆਵਾਜ਼ ਵਿਚ ਸਪੀਕਰ ਚਲਾਈ ਰੱਖਦੇ ਹਨ ਜਦਕਿ ਪਿੰਡ ਵਿਚ ਇਕ ਹੋਰ ਗੁਰਦੁਆਰਾ ਹੈ, ਉਥੋਂ ਰੌਲਾ ਰੱਪਾ ਨਹੀਂ ਪਾਇਆ ਜਾਂਦਾ, ਉਹ ਲੋਕ ਕਮਰਿਆਂ ਦੀ ਹਦੂਦ ਵਿਚ ਸਪੀਕਰ ਲਾਉਂਦੇ ਹਨ। ਆਪਣੀ ਬਿਮਾਰੀ ਬਾਰੇ ਜਦੋਂ ਉਨ੍ਹਾਂ ਨੇ ਗੁਰਦੁਆਰੇ ਦੇ ਸੇਵਾਦਾਰ ਅਮੀਰ ਸਿੰਘ, ਮਲਕੀਤ ਸਿੰਘ ਤੇ ਜਗਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਇਕ ਨਹੀਂ ਸੁਣੀ। ਪਿੰਡ ਦੇ ਲੋਕਾਂ ਨੂੰ ਇਕੱਤਰ ਕਰ ਕੇ ਉਨ੍ਹਾਂ ਨੂੰ ਉਨ੍ਹਾਂ ਨੂੰ ਜ਼ਲੀਲ ਕੀਤਾ ਗਿਆ।

ਪ੍ਰਸ਼ਾਸਨ ਨੇ ਫ਼ਰਜ਼ ਅਦਾਇਗੀ ਕੀਤੀ

ਇਸ ਮਗਰੋਂ ਉਨ੍ਹਾਂ ਹਾਰ ਨਹੀਂ ਮੰਨੀ ਤੇ ਸਾਲ ਪਹਿਲਾ ਡਿਪਟੀ ਕਮਿਸ਼ਨਰ ਤੇ ਐੱਸਐੱਸਪੀ ਨੂੰ ਸ਼ਿਕਾਇਤ ਦਿੱਤੀ। ਹੁਣ ਜਾਂਚ ਹੋਈ ਤਾਂ ਪੁਲਿਸ ਨੇ ਤਿੰਨਾਂ ਸੇਵਾਦਾਰਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ। ਪੁਲਿਸ ਮੁਤਾਬਕ ਹਾਲੇ ਤਿੰਨੇਂ ਜਣੇ ਫ਼ਰਾਰ ਹਨ, ਜਲਦੀ ਕਾਬੂ ਕੀਤੇ ਜਾਣਗੇ।

100 ਡੈਸੀਬਲ ਤੋਂ ਵੱਧ ਸ਼ੋਰ ਸ਼ਰਾਬਾ ਕਰਦੇ ਨੇ ਸਪੀਕਰ

ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸੀਅਨ ਹਰਪਾਲ ਸਿੰਘ ਨੇ ਦੱਸਿਆ ਕਿ ਸਪੀਕਰ ਦੀ ਆਵਾਜ਼ 60 ਡੈਸੀਬਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਜੇ ਇਸ ਤੋਂ ਵੱਧ ਰੌਲਾ ਰੱਪਾ ਹੁੰਦਾ ਹੈ ਤਾਂ ਪੁਲਿਸ ਬਣਦੀ ਸਖ਼ਤੀ ਕਰ ਸਕਦੀ ਹੈ। ਅਜੋਕੇ ਸਮੇਂ ਵਿਚ ਜ਼ਿਆਦਾਤਰ ਲਾਊਡ ਸਪੀਕਰ 100 ਡੈਸੀਬਲ ਤਕ ਚੱਲ ਰਹੇ ਹਨ ਜਦਕਿ ਦਿਲ ਦੇ ਮਰੀਜ਼ਾਂ ਤੇ ਮਨੁੱਖੀ ਕੰਨਾਂ ਲਈ ਇਹ ਇਹ ਬੇਹੱਦ ਨੁਕਸਾਨਦੇਹ ਹੈ।

Posted By: Jagjit Singh