ਪੱਤਰ ਪ੍ਰੇਰਕ, ਅੰਮਿ੍ਤਸਰ : ਸ਼੍ਰੋਮਣੀ ਅਕਾਲੀ ਦਲ ( ਬ) ਦੇ ਸਾਬਕਾ ਮੰਤਰੀ ਅਤੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਦੇ ਸਿਆਸੀ ਸਲਾਹਕਾਰ ਤਲਬੀਰ ਸਿੰਘ ਗਿੱਲ ਸਮੇਤ ਸੱਤ ਲੋਕਾਂ ਖ਼ਿਲਾਫ਼ ਕੁੱਟਮਾਰ ਕਰਨ ਦੇ ਦੋਸ਼ 'ਚ ਮਜੀਠਾ ਰੋਡ ਥਾਣੇ ਦੀ ਪੁਲਿਸ ਨੇ ਐਤਵਾਰ ਰਾਤ ਮਾਮਲਾ ਦਰਜ ਕੀਤਾ ਹੈ। ਐੱਫਆਈਆਰ 'ਚ ਤਲਬੀਰ ਸਿੰਘ ਗਿੱਲ ਦੇ ਨਾਲ-ਨਾਲ ਰਵੀਸ਼ੇਰ ਸਿੰਘ, ਸੰਦੀਪ ਸਿੰਘ ਦੇ ਨਾਂ ਵੀ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਝਗੜਾ ਸਿਆਸੀ ਰੰਜਿਸ਼ ਨੂੰ ਲੈ ਕੇ ਹੋਇਆ ਹੈ। ਝਗੜੇ 'ਚ ਅਮਨਇੰਦਰ ਸਿੰਘ ਅਤੇ ਉਨ੍ਹਾਂ ਦੇ ਦੋ ਰਿਸ਼ਤੇਦਾਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਸੌ ਫੁੱਟੀ ਰੋਡ ਸਥਿਤ ਪ੍ਰਰੀਤਮ ਨਗਰ ਵਾਸੀ ਅਮਨਇੰਦਰ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨ 'ਚ ਦੱਸਿਆ ਕਿ ਸ਼ਨਿੱਚਰਵਾਰ ਰਾਤ ਉਹ ਆਪਣੇ ਚਚੇਰੇ ਭਰਾ ਅਤੇ ਦੋਸਤ ਨਾਲ ਤਾਜ ਹੋਟਲ 'ਚ ਖਾਣਾ ਖਾਣ ਗਏ ਸਨ। ਇਸ ਦੌਰਾਨ ਰਵੀਸ਼ੇਰ ਸਿੰਘ ਨਾਂ ਦੇ ਵਿਅਕਤੀ ਨੇ ਉਨ੍ਹਾਂ ਨੂੰ ਫੋਨ ਕਰ ਕੇ ਹੋਟਲ ਦੇ ਬਾਹਰ ਆਉਣ ਨੂੰ ਕਿਹਾ। ਕੁੱਝ ਦੇਰ ਬਾਅਦ ਉਹ ਆਪਣੇ ਸਾਥੀਆਂ ਦੇ ਨਾਲ ਹੋਟਲ ਦੇ ਬਾਹਰ ਪਹੁੰਚ ਗਏ। ਉੱਥੇ ਵਿਧਾਇਕ ਮਜੀਠੀਆ ਦੇ ਸਿਆਸੀ ਸਲਾਹਕਾਰ ਤਲਬੀਰ ਸਿੰਘ ਗਿੱਲ, ਰਵੀਸ਼ੇਰ ਸਿੰਘ ਅਤੇ ਸੰਦੀਪ ਸਿੰਘ ਉਰਫ ਸੰਨੀ ਆਪਣੇ 4 ਹੋਰ ਹਥਿਆਰਬੰਦ ਸਾਥੀਆਂ ਨਾਲ ਖੜ੍ਹੇ ਸਨ। ਅਮਨਇੰਦਰ ਸਿੰਘ ਨੇ ਦੋਸ਼ ਲਾਇਆ ਕਿ ਤਲਬੀਰ ਗਿੱਲ ਨੇ ਉਨ੍ਹਾਂ ਨੂੰ ਗਲੇ ਤੋਂ ਫੜਿਆ, ਜਦਕਿ ਬਾਕੀ ਲੋਕਾਂ ਨੇ ਉਨ੍ਹਾਂ ਦੇ ਚਚੇਰੇ ਭਰਾ ਅਤੇ ਦੋਸਤ 'ਤੇ ਹਮਲਾ ਕਰ ਦਿੱਤਾ। ਅਮਨਇੰਦਰ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਰੌਲਾ ਪਾਏ ਜਾਣ 'ਤੇ ਹੋਟਲ ਦੇ ਸੁਰੱਖਿਆ ਮੁਲਾਜ਼ਮ ਬਾਹਰ ਆਏ, ਜਿਨ੍ਹਾਂ ਨੂੰ ਦੇਖ ਕੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।