ਜੇਐੱਨਐੱਨ, ਅੰਮਿ੍ਰਤਸਰ - ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਭਾਰਤ-ਪਾਕਿਸਤਾਨ ਸਰਹੱਦ ’ਤੇ ਨਸ਼ਾ ਤਸਕਰਾਂ ਦੀ ਹਲਚਲ ਦੇਖੀ। ਇਸ ਤੋਂ ਬਾਅਦ ਜਵਾਨਾਂ ਨੇ ਫਾਇਰਿੰਗ ਕੀਤੀ। ਇਸ ’ਚ ਇਕ ਭਾਰਤੀ ਤਸਕਰ ਗੋਲ਼ੀ ਲੱਗਣ ਨਾਲ ਜ਼ਖ਼ਮੀ ਹੋ ਗਿਆ। ਫਾਇਰਿੰਗ ਦੇਖ ਕੇ ਪਾਕਿਸਤਾਨੀ ਤਸਕਰ ਭੱਜ ਗਿਆ। ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨੀ ਤਸਕਰ ਨੂੰ ਵੀ ਗੋਲ਼ੀ ਲੱਗੀ ਹੈ।

ਘਟਨਾ ਅਟਾਰੀ-ਵਾਹਗਾ ਸਰਹੱਦ ਕੋਲ ਬੀਓਪੀ ਕਹਾਨਗੜ੍ਹ ਕੋਲ ਹੋਈ। ਜਾਣਕਾਰੀ ਅਨੁਸਾਰ ਭਾਰਤੀ ਤਸਕਰ ਉਥੇ ਪਾਕਿਸਤਾਨੀ ਤਸਕਰਾਂ ਕੋਲੋਂ ਹੈਰੋਇਨ ਲੈਣ ਗਿਆ ਸੀ। ਇਸ ਦੌਰਾਨ ਬੀਐੱਸਐੱਫ ਦੇ ਜਵਾਨਾਂ ਨੇ ਉਨ੍ਹਾਂ ਨੂੰ ਦੇਖ ਲਿਆ ਤੇ ਰੁਕਣ ਲਈ ਕਿਹਾ ਪਰ ਤਸਕਰਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਜਵਾਨਾਂ ਦੀ ਚੇਤਾਵਨੀ ਤੋਂ ਬਾਅਦ ਵੀ ਉਹ ਨਹੀਂ ਰੁਕਿਆ ਤਾਂ ਜਵਾਨਾਂ ਨੇ ਫਾਇਰਿੰਗ ਕੀਤੀ।

ਭੱਜ ਰਹੇ ਭਾਰਤੀ ਨਸ਼ਾ ਤਸਕਰ ਨੂੰ ਗੋਲ਼ੀ ਲੱਗੀ ਤੇ ਉਹ ਡਿੱਗ ਗਿਆ। ਇਸ ਤੋਂ ਬਾਅਦ ਬੀਐੱਸਐੱਫ ਦੇ ਜਵਾਨਾਂ ਨੇ ਉਸ ਨੂੰ ਫੜ ਲਿਆ। ਦੱਸਿਆ ਜਾ ਰਿਹਾ ਹੈ ਕਿ ਬੀਐੱਸਐੱਫ ਦੇ ਜਵਾਨਾਂ ਨੇ ਪਾਕਿਸਤਾਨੀ ਤਸਕਰਾਂ ’ਤੇ ਵੀ ਗੋਲ਼ੀਆਂ ਚਲਾਈਆਂ ਪਰ ਉਹ ਦੌੜ ਗਏ। ਸੂਤਰਾਂ ਅਨੁਸਾਰ ਪਾਕਿਸਤਾਨੀ ਤਸਕਰ ਨੂੰ ਵੀ ਗੋਲ਼ੀ ਲੱਗੀ ਹੈ। ਬੀਐੱਸਐੱਫ ਦੇ ਜਵਾਨਾਂ ਨੇ ਜ਼ਖ਼ਮੀ ਭਾਰਤੀ ਤਸਕਰ ਨੂੰ ਚੱੁਕਿਆ ਤੇ ਅੰਮਿ੍ਰਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਬੀਐੱਸਐੱਫ ਦੇ ਜਵਾਨਾਂ ਵੱਲੋਂ ਪੂਰੇ ਖੇਤਰ ’ਚ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਖੇਤਰ ’ਚ ਪਾਕਿਸਤਾਨ ਵੱਲੋਂ ਘੁਸਪੈਠ ਤੇ ਨਸ਼ਾ ਤੇ ਹਥਿਆਰਾਂ ਦੀ ਤਸਕਰੀ ਦੀਆਂ ਲਗਾਤਾਰ ਕੋਸ਼ਿਸ਼ਾਂ ਹੰੁਦੀਆਂ ਰਹਿੰਦੀਆਂ ਹਨ।

Posted By: Harjinder Sodhi