ਸਟਾਫ ਰਿਪੋਰਟਰ, ਅੰਮਿ੍ਤਸਰ : ਬੀਆਰਟੀਐੱਸ ਬੱਸਾਂ ਦੇ ਮੁਫ਼ਤ ਝੂਟੇ 27 ਅਪ੍ਰਰੈਲ ਤੋਂ ਬੰਦ ਹੋ ਜਾਣਗੇ ਤੇ 28 ਅਪ੍ਰਰੈਲ ਤੋਂ ਇਨ੍ਹਾਂ ਬੱਸਾਂ ਦਾ ਕਿਰਾਇਆ ਸ਼ੁਰੂ ਹੋ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿ੍ਰੰਸੀਪਲ ਸਕੱਤਰ ਟਰਾਂਸਪੋਰਟ ਵਿਭਾਗ ਕੇ. ਸ਼ਿਵਾ ਪ੍ਰਸ਼ਾਦ ਨੇ ਦੱਸਿਆ ਹੈ ਕਿ 0 ਤੋਂ 3 ਕਿਮੀ: ਤੱਕ ਬੱਸ ਦਾ ਕਿਰਾਇਆ 5 ਰੁਪਏ, 3 ਤੋਂ 6 ਕਿਮੀ: ਤੱਕ 10 ਰੁਪਏ, 6 ਤੋਂ 12 ਕਿਮੀ: ਤੱਕ 15 ਰੁਪਏ, 12 ਤੋਂ 20 ਕਿਮੀ: ਤੱਕ 20 ਰੁਪਏ ਤੇ 20 ਕਿਮੀ: ਤੋਂ ਉੱਤੇ ਬੱਸ ਦਾ ਕਿਰਾਇਆ 1 ਰੁਪਏ ਪ੍ਰਤੀ ਕਿਮੀ: ਵਾਧੂ ਚਾਰਜ ਲੱਗੇਗਾ। ਉਨ੍ਹਾਂ ਦੱਸਿਆ ਕਿ ਇਕ ਦਿਨ ਵਿੱਚ ਅਸੀਮੀਤ ਸਫ਼ਰ ਕਰਨ ਲਈ ਰੋਜ਼ਾਨਾ ਬੱਸ ਪਾਸ ਲਈ ਵਿਦਿਆਰਥੀਆਂ ਤੇ ਸੀਨੀਅਰ ਨਾਗਰਿਕਾਂ ਤੋਂ 25 ਰੁਪਏ ਤੇ ਆਮ ਲੋਕਾਂ ਕੋਲੋਂ 50/- ਰੁਪਏ ਲਏ ਜਾਣਗੇ। ਉਨ੍ਹਾਂ ਦੱਸਿਆ ਕਿ ਕਾਲਜ ਵਿਦਿਆਰਥੀਆਂ ਨੂੰ ਬੱਸ ਕਿਰਾਏ ਵਿੱਚ 66 ਫੀਸਦੀ ਰਿਆਇਤ ਤੇ ਸਕੂਲੀ ਵਿਦਿਆਰਥੀਆਂ ਨੂੰ 100 ਫ਼ੀਸਦੀ ਰਿਆਇਤ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਲੋਂ ਕੇਵਲ ਇਕ ਵਾਰ ਹੀ 50/- ਰੁਪਏ ਕਾਰਡ ਦੇ ਲਏ ਜਾਣਗੇ ਜੋ ਕਿ ਨਾਮੋੜਨਯੋਗ ਹੋਣਗੇ। ਪ੍ਰਸ਼ਾਦ ਨੇ ਦੱਸਿਆ ਕਿ ਆਮ ਲੋਕਾਂ ਲਈ ਸਮਾਰਟ ਕਾਰਡ ਬਣਾਏ ਜਾਣਗੇ ਅਤੇ ਉਨ੍ਹਾਂ ਨੂੰ 20 ਫੀਸਦੀ ਰਿਆਇਤ ਦਿੱਤੀ ਜਾਵੇਗੀ ਤੇ ਉਨਾਂ ਕੋਲੋਂ ਕੇਵਲ ਇਕ ਵਾਰ ਹੀ 50 ਰੁਪਏ ਲਏ ਜਾਣਗੇ ਜੋ ਕਿ ਬੱਸ ਪਾਸ ਮੋੜਨ ਉਪਰੰਤ ਮੋੜਨਯੋਗ ਹੋਣਗੇ।