ਪੱਤਰ ਪ੍ਰੇਰਕ, ਅੰਮਿ੍ਤਸਰ : ਅਕਾਲੀ ਆਗੂ ਤੇ ਨਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਜ਼ੋਰਾਵਰ ਸਿੰਘ ਸਮੇਤ 4 ਜਣਿਆਂ 'ਤੇ ਪੁਲਿਸ ਨੇ ਧੋਖਾਦੇਹੀ, ਜਾਅਲਸਾਜ਼ੀ ਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਦੋਸ਼ ਹੈ ਕਿ ਨਗਰ ਪੰਚਾਇਤ ਦੇ ਪ੍ਰਧਾਨ ਜ਼ੋਰਾਵਰ ਸਿੰਘ ਨੇ ਚੋਰੀ ਦੀ ਵਾਰਦਾਤ 'ਚ ਮੁਲਜ਼ਮ ਜਤਿੰਦਰ ਸਿੰਘ ਨੂੰ ਪੀਸੀਸੀ (ਪੁਲਿਸ ਕਲੀਰੈਂਸ ਸਰਟੀਫਿਕੇਟ) ਦਿਵਾ ਦਿੱਤਾ ਤੇ ਉਹ ਵਿਦੇਸ਼ ਭੱਜਣ ਵਿਚ ਕਾਮਯਾਬ ਹੋ ਗਿਆ। ਇਸ ਦਾ ਪਤਾ ਲੱਗਦੇ ਸਾਰ ਐੱਸਐੱਸਪੀ ਵਿਕਰਮਜੀਤ ਦੁੱਗਲ ਨੇ ਮਾਮਲੇ ਦੀ ਜਾਂਚ ਦੇ ਹੁਕਮ ਕੀਤੇ ਹਨ। ਪੜਤਾਲ ਵਿਚ ਮਾਮਲਾ ਸਾਫ਼ ਹੋ ਗਿਆ ਤੇ ਸ਼ੁੱਕਰਵਾਰ ਨੂੰ ਜ਼ੋਰਾਵਰ ਸਿੰਘ ਵਿਰੁੱਧ ਕੇਸ ਦਰਜ ਕਰ ਲਿਆ ਹੈ।

ਐੱਸਐੱਸਪੀ ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਮਾਹਲ ਕਾਲੋਨੀ ਵਾਸੀ ਦਲਜੀਤ ਸਿੰਘ ਦੀ ਪਤਨੀ ਹਰਜੀਤ ਕੌਰ ਦੇ ਬਿਆਨ ਉੱਤੇ ਅਜਨਾਲਾ ਥਾਣੇ ਦੀ ਪੁਲਿਸ ਨੇ ਹੈੱਡ ਕਾਂਸਟੇਬਲ ਚਮਨ ਲਾਲ (ਥਾਣੇ ਦਾ ਮੁਨਸ਼ੀ) ਨਾਮਦੇਵ ਕਾਲੋਨੀ ਵਾਸੀ ਪਰਮਜੀਤ ਕੌਰ, ਉਸ ਦੇ ਪੁੱਤਰ ਜਤਿੰਦਰ ਸਿੰਘ ਤੇ ਨਗਰ ਪੰਚਾਇਤ ਅਜਨਾਲੇ ਦੇ ਪ੍ਰਧਾਨ ਜ਼ੋਰਾਵਰ ਸਿੰਘ ਵਿਰੁੱਧ ਮਾਮਲਾ ਦਰਜ ਕੀਤਾ ਹੈ।

ਪੁਲਿਸ ਨੂੰ ਸ਼ਿਕਾਇਤਕਰਤਾ ਨੇ ਦੱਸਿਆ ਕਿ ਜਤਿੰਦਰ ਸਿੰਘ ਵਿਰੁੱਧ ਅਜਨਾਲਾ ਥਾਣੇ ਵਿਚ ਸਾਲ 2017 ਵਿਚ ਚੋਰੀ ਤੇ ਜਾਅਲਸਾਜ਼ੀ ਦੇ ਇਲਜ਼ਾਮ ਤਹਿਤ ਕੇਸ ਦਰਜ ਕੀਤਾ ਸੀ। ਪੁਲਿਸ ਨੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਤੇ ਜੇਲ੍ਹ ਭੇਜ ਦਿੱਤਾ। ਕੁਝ ਸਮਾਂ ਜੇਲ੍ਹ ਵਿਚ ਕੱਟਣ ਮਗਰੋਂ ਜਤਿੰਦਰ ਜ਼ਮਾਨਤ ਲੈ ਕੇ ਬਾਹਰ ਆ ਗਿਆ ਸੀ। ਮੌਕਾ ਪਾ ਕੇ ਦੋਸ਼ੀ ਪੁਲਿਸ ਵਿਭਾਗ ਤੋਂ ਪੁਲਿਸ ਕਲੀਰੈਂਸ ਸਰਟੀਫਿਕੇਟ (ਪੀਸੀਸੀ) ਲੈ ਕੇ ਵਿਦੇਸ਼ ਭੱਜ ਗਿਆ। ਜਦੋਂ ਇਸ ਦੀ ਪੜਤਾਲ ਕਰਵਾਈ ਗਈ ਤਾਂ ਪਤਾ ਲੱਗਿਆ ਕਿ ਪੀਸੀਸੀ ਹਾਸਿਲ ਕਰਨ ਵਿਚ ਜਤਿੰਦਰ ਸਿੰਘ ਦੀ ਮਾਂ ਪਰਮਜੀਤ ਕੌਰ ਨੇ ਨਗਰ ਪੰਚਾਇਤ ਦੇ ਪ੍ਰਧਾਨ ਜ਼ੋਰਾਵਰ ਸਿੰਘ ਦੇ ਨਾਲ ਸੰਪਰਕ ਕੀਤਾ ਸੀ। ਜ਼ੋਰਾਵਰ ਸਿੰਘ ਨੇ ਥਾਣੇ ਦੇ ਮੁਨਸ਼ੀ ਚਮਨ ਨੂੰ ਕਿਹਾ ਸੀ ਕਿ ਉਹ ਚੋਰੀ ਦੇ ਮੁਲਜ਼ਮ ਜਤਿੰਦਰ ਨੂੰ ਬਿਨਾਂ ਕਿਸੇ ਰੋਕ ਤੋਂ ਪੀਸੀਸੀ ਜਾਰੀ ਕਰ ਦੇਵੇ।