v> ਮਾਨ ਸਿੰਘ, ਮੀਆਂਵਿੰਡ : ਕੋਰੋਨਾ ਤੋਂ ਬਚਾਅ ਲਈ ਲਗਾਏ ਕਰਫਿਊ ਦੌਰਾਨ ਆਮ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹਾ ਹੀ ਇਕ ਮਾਮਲਾ ਕਸਬਾ ਖਡੂਰ ਸਾਹਿਬ ਵਿਖੇ ਦੇਖਣ ਨੂੰ ਮਿਲਿਆ। ਜਿਥੇ ਲਾੜਾ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੀ ਲਾੜੀ ਨੂੰ ਵਿਆਹੁਣ ਜਾ ਰਿਹਾ ਸੀ। ਇਸ ਸਬੰਧੀ ਜਲੰਧਰ ਤੋਂ ਆਏ ਲਾੜੇ ਬਲਜੀਤ ਸਿੰਘ ਜਿਸ ਨੇ ਕਿ ਆਪਣਾ ਮੂੰਹ ਰੁਮਾਲ ਨਾਲ ਢੱਕਿਆ ਹੋਇਆ ਸੀ, ਨੇ ਦੱਸਿਆ ਕਿ ਉਸ ਦਾ ਵਿਆਹ ਪਰਿਵਾਰ ਨੇ ਕੁਝ ਮਹੀਨੇ ਪਹਿਲਾਂ ਮਿੱਥਿਆ ਸੀ। ਹੁਣ ਕਰਫਿਊ ਲੱਗਾ ਹੋਣ ਕਾਰਨ ਉਹ ਆਪਣੇ ਭਰਾ ਅਤੇ ਮਾਤਾ ਪਿਤਾ ਨਾਲ ਦੋ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਨੌਸ਼ਹਿਰਾ ਪਨੂੰਆਂ ਵਿਖੇ ਆਪਣੀ ਹੋਣ ਵਾਲੀ ਸ਼ਰੀਕੇ ਹਯਾਤ ਨੂੰ ਵਿਆਉਣ ਲਈ ਜਾ ਰਿਹਾ ਹੈ। ਉਸ ਨੇ ਦੱਸਿਆ ਕਿ ਥਾਂ- ਥਾਂ ਪੁਲਿਸ ਦੀ ਚੈਕਿੰਗ ਹੋਣ ਕਰਕੇ ਉਸ ਨੂੰ ਕਾਫੀ ਦੇਰੀ ਹੋ ਚੁੱਕੀ ਹੈ। ਲਾੜੇ ਨੇ ਦੱਸਿਆ ਕਿ ਉਸ ਨੂੰ ਇਸ ਗੱਲ ਦੀ ਖੁਸ਼ੀ ਵੀ ਹੈ ਕਿ ਉਹ ਇਹ ਸਭ ਆਪਣੇ ਦੇਸ਼ ਅਤੇ ਸਮਾਜ ਦੀ ਭਲਾਈ ਖਾਤਰ ਤੇ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਕਰ ਰਿਹਾ ਹੈ।

Posted By: Rajnish Kaur