ਜਸਪਾਲ ਸਿੰਘ ਜੱਸੀ, ਤਰਨਤਾਰਨ : ਤਰਨਤਾਰਨ-ਖਡੂਰ ਸਾਹਿਬ ਮਾਰਗ 'ਤੇ ਪੈਂਦੇ ਪਿੰਡ ਕਲੇਰ ਦੇ ਖ਼ਾਲੀ ਪਲਾਟ 'ਚ 4 ਸਤੰਬਰ ਨੂੰ ਹੋਏ ਬੰਬ ਧਮਾਕੇ ਦੇ ਮਾਮਲੇ ਵਿਚ ਗਿ੍ਫ਼ਤਾਰ ਕੀਤੇ ਗਏ 6 ਮੁਲਜ਼ਮਾਂ ਨੂੰ ਮੰਗਲਵਾਰ ਮੁੜ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿੱਥੋਂ ਉਨ੍ਹਾਂ ਦਾ ਪੰਜ ਦਿਨਾਂ ਪੁਲਿਸ ਰਿਮਾਂਡ ਮਿਲਿਆ ਹੈ। ਜਦੋਂਕਿ ਇਸ ਤੋਂ ਪਹਿਲਾਂ ਗਿ੍ਫ਼ਤਾਰ ਹੋਇਆ ਮੱਸਾ ਸਿੰਘ ਪਹਿਲਾਂ ਹੀ ਚਾਰ ਦਿਨਾਂ ਪੁਲਿਸ ਰਿਮਾਂਡ 'ਤੇ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਧਮਾਕੇ 'ਚ ਦੋ ਨੌਜਵਾਨਾਂ ਵਿਕਰਮਜੀਤ ਸਿੰਘ ਉਰਫ਼ ਬਿੱਕਰ ਵਾਸੀ ਕੱਦਗਿੱਲ, ਹਰਪ੍ਰਰੀਤ ਸਿੰਘ ਉਰਫ਼ ਹੈਪੀ ਵਾਸੀ ਬੱਚੜੇ ਦੀ ਮੌਤ ਹੋ ਗਈ ਸੀ ਅਤੇ ਗੁਰਜੰਟ ਸਿੰਘ ਜੰਟਾ ਨਾਮਕ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਸੀ। ਜੋ ਤਰਨਤਾਰਨ ਦੇ ਨਿੱਜੀ ਹਸਪਤਾਲ 'ਚ ਜ਼ੇਰੇ ਇਲਾਜ ਹੈ। ਹਾਲਾਂਕਿ ਉਸ ਦੀਆਂ ਅੱਖਾਂ ਦੀ ਰੋਸ਼ਨੀ ਜਾ ਚੁੱਕੀ ਹੈ। ਧਮਾਕੇ ਵਾਲੀ ਥਾਂ ਨੂੰ ਰਾਸ਼ਟਰੀ ਜਾਂਚ ਏਜੰਸੀ, ਰਾਸ਼ਟਰੀ ਸੁਰੱਖਿਆ ਏਜੰਸੀ, ਬੀਡੀਡੀਐੱਸ ਅਤੇ ਆਈਬੀ ਤੋਂ ਇਲਾਵਾ ਹੋਰ ਕੌਮੀ ਏਜੰਸੀਆਂ ਦੇ ਨਾਲ-ਨਾਲ ਸਥਾਨਕ ਪੁਲਿਸ ਨੇ ਬਰੀਕੀ ਨਾਲ ਛਾਣਿਆ ਸੀ। ਜਦੋਂਕਿ ਫੌਰੈਂਸਿਕ ਲੈਬ ਨੇ ਘਟਨਾ ਵਾਲੀ ਥਾਂ ਤੋਂ ਨਮੂਨੇ ਵੀ ਇਕੱਤਰ ਕੀਤੇ ਸਨ। ਧਮਾਕੇ ਤੋਂ ਬਾਅਦ ਪਹਿਲੇ ਸ਼ੱਕੀ ਵਜੋਂ ਹਰਜੀਤ ਸਿੰਘ ਦਾ ਨਾਂ ਸਾਹਮਣੇ ਆਇਆ ਸੀ, ਜਿਸ ਦਾ ਘਰ ਧਮਾਕੇ ਵਾਲੀ ਥਾਂ ਤੋਂ ਕੁਝ ਮੀਟਰ ਦੀ ਦੂਰੀ 'ਤੇ ਹੈ। ਹਾਲਾਂਕਿ ਹਰਜੀਤ ਸਿੰਘ ਉਸੇ ਦਿਨ ਤੋਂ ਹੀ ਗਾਇਬ ਹੋ ਗਿਆ ਸੀ। ਪੁਲਿਸ ਨੇ ਉਸ ਦੇ ਘਰੋਂ 12 ਬੋਰ ਦੀ ਬੰਦੂਕ ਕਬਜ਼ੇ ਵਿਚ ਲਈ ਸੀ। ਧਮਾਕੇ ਦੇ 12ਵੇਂ ਦਿਨ ਪੁਲਿਸ ਨੇ ਪਿੰਡ ਦੀਨੇਵਾਲ ਵਾਸੀ ਮਨਦੀਪ ਸਿੰਘ ਮੱਸਾ ਨੂੰ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ। ਜਿਸ ਦੀ ਪੁੱਛਗਿੱਛ ਤੋਂ ਬਾਅਦ ਪੁਲਿਸ ਨੇ ਪੰਡੋਰੀ ਗੋਲਾ ਨਿਵਾਸੀ ਹਰਜੀਤ ਸਿੰਘ ਹੀਰਾ, ਪਿੰਡ ਬੱਚੜੇ ਨਿਵਾਸੀ ਅੰਮਿ੍ਤਪਾਲ ਸਿੰਘ, ਮੁਰਾਦਪੁਰ ਦੇ ਮਨਪ੍ਰਰੀਤ ਸਿੰਘ, ਬਟਾਲਾ ਦੇ ਚਨਦੀਪ ਸਿੰਘ, ਮਜੀਠਾ ਦੇ ਪਿੰਡ ਕੋਟਲਾ ਗੁੱਜਰਾ ਵਾਸੀ ਮਲਕੀਤ ਸਿੰਘ, ਫਤਹਿਗੜ੍ਹ ਚੂੜੀਆਂ ਨਿਵਾਸੀ ਅਮਰਜੀਤ ਸਿੰਘ ਨੂੰ ਗਿ੍ਫ਼ਤਾਰ ਕੀਤਾ ਸੀ। ਮਨਦੀਪ ਸਿੰਘ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਨੇ ਪਹਿਲਾਂ ਚਾਰ ਦਿਨ ਦਾ ਰਿਮਾਂਡ ਲਿਆ ਸੀ। ਜਦੋਂਕਿ ਛੇ ਹੋਰ ਮੁਲਜ਼ਮ ਇਕ ਦਿਨ ਦੇ ਪੁਲਿਸ ਰਿਮਾਂਡ 'ਤੇ ਸਨ। ਜਿਨ੍ਹਾਂ ਨੂੰ ਮੰਗਲਵਾਰ ਮੁੜ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਪੰਜ ਦਿਨਾਂ ਦਾ ਪੁਲਿਸ ਰਿਮਾਂਡ ਮਿਲਿਆ ਹੈ। ਦੂਜੇ ਪਾਸੇ, ਤਰਨਤਾਰਨ ਦੇ ਐੱਸਐੱਸਪੀ ਧਰੁਵ ਦਹੀਆ ਨਾਲ ਵਾਰ-ਵਾਰ ਰਾਬਤਾ ਕਰਨ 'ਤੇ ਵੀ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।

ਜੁੜਦੀ ਗਈ ਕੜੀ ਨਾਲ ਕੜੀ

ਬੰਬ ਧਮਾਕੇ ਸਬੰਧੀ ਪੁਲਿਸ ਵੱਲੋਂ ਸ਼ੁਰੂ ਕੀਤੀ ਗਈ ਜਾਂਚ ਦੇ ਪਹਿਲੇ ਦਿਨ ਹੀ ਕਈ ਸੁਰਾਗ ਹੱਥ ਲੱਗਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਨ੍ਹਾਂ ਵਿਚ ਵਿਦੇਸ਼ਾਂ ਤੋਂ ਹੋਈ ਫੰਡਿੰਗ ਦੇ ਨਾਲ-ਨਾਲ ਧਮਾਕੇ ਦੇ ਤਾਰ ਖਾਲਿਸਤਾਨ ਹਮਾਇਤੀਆਂ ਤੇ ਪਾਕਿਸਤਾਨ ਨਾਲ ਜੁੜੇ ਹੋਣ ਦਾ ਖਦਸ਼ਾ ਵੀ ਪ੍ਰਗਟਾਇਆ ਜਾ ਰਿਹਾ ਸੀ। ਪੁਲਿਸ ਇਸ ਸਬੰਧੀ ਕੜੀ ਨਾਲ ਕੜੀ ਜੋੜ ਕੇ ਚੱਲ ਰਹੀ ਸੀ। ਆਖਰ 12 ਦਿਨਾਂ ਬਾਅਦ ਪੁਲਿਸ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਨ 'ਚ ਸਫਲ ਹੋ ਗਈ।