ਅੰਮ੍ਰਿਤਸਰ (ਪੰਜਾਬ ਜਾਗਰਣ ਸਪੈਸ਼ਲ) : ਭਾਜਪਾ ਦੇ ਚਾਣਕਯ ਅਖਵਾਉਣ ਵਾਲੇ ਸਾਬਕਾ ਵਿੱਤ ਮੰਤਰੀ ਅਰੁਣਜੇਤਲੀ ਨੂੰ ਪੰਜਾਬ ਨਾਲ ਖ਼ਾਸ ਲਗਾਅ ਸੀ। ਕੇਂਦਰ ਦੀ ਰਾਜਨੀਤੀ 'ਚ ਆਪਣੀ ਵੱਖਰੀ ਜਗ੍ਹਾ ਬਣਾਉਣ ਵਾਲੇ ਜੇਤਲੀ ਦਾ ਅੰਮ੍ਰਿਤਸਰ ਨਾਲ ਅਟੁੱਟ ਜਾਂ ਇੰਝ ਕਹਿ ਲਉ ਖ਼ੂਨ ਦਾ ਰਿਸ਼ਤਾ ਸੀ। ਇਹੀ ਕਾਰਨ ਹੈ ਕਿ ਉਹ ਇੱਥੋਂ ਚੋਣ ਲੜੇ ਅਤੇ ਹਾਰ ਦੇ ਬਾਵਜੂਦ ਇਸ ਨਾਲ ਉਨ੍ਹਾਂ ਦਾ ਖ਼ਾਸ ਲਗਾਅ ਕਾਇਮ ਰਿਹਾ। ਅਸਲ ਵਿਚ ਉਨ੍ਹਾਂ ਦੇ ਪਰਿਵਾਰ ਨੂੰ ਭਾਰਤ-ਪਾਕਿ ਵੰਡ ਤੋਂ ਬਾਅਦ ਇੱਥੇ ਹੀ ਸਹਾਰਾ ਮਿਲਿਆ ਸੀ। ਲਾਹੌਰ ਤੋਂ ਆਉਣ 'ਤੇ ਉਨ੍ਹਾਂ ਦੀ ਭੂਆ ਨੇ ਉਨ੍ਹਾਂ ਦੇ ਪਿਤਾ ਤੇ ਪੰਜ ਭਰਾਵਾਂ ਨੂੰ ਆਪਣੇ ਘਰ ਸਹਾਰਾ ਦਿੱਤਾ ਸੀ।

ਅੰਮ੍ਰਿਤਸਰ 'ਚ ਸੀ ਜੇਤਲੀ ਦੇ ਨਾਨਕੇ, ਵੰਡ ਤੋਂ ਬਾਅਦ ਲਾਹੌਰ ਤੋਂ ਇੱਥੇ ਆਇਆ ਸੀ ਪਰਿਵਾਰ

ਪੰਜਾਬੀ ਹੋਣ ਦੇ ਨਾਤੇ ਜੇਤਲੀ ਦਾ ਪੰਜਾਬ ਦੀ ਰਾਜਨੀਤੀ 'ਚ ਹਮੇਸ਼ਾ ਦਖ਼ਲ ਰਿਹਾ। ਅੰਮ੍ਰਿਤਸਰ ਦੀ ਸਿਆਸਤ ਉਨ੍ਹਾਂ ਤੋਂ ਸ਼ੁਰੂ ਹੁੰਦੀ ਸੀ। ਉਨ੍ਹਾਂ ਤੋਂ ਹੀ ਆਸ਼ੀਰਵਾਦ ਲੈ ਕੇ ਅੰਮ੍ਰਿਤਸਰ ਦੇ ਕਈ ਨੇਤਾ ਫਰਸ਼ ਤੋਂ ਅਰਸ਼ 'ਤੇ ਪਹੁੰਚੇ। ਦੁਖਾਂਤ ਇਹ ਰਿਹਾ ਕਿ ਜੇਤਲੀ ਨੂੰ ਸਿਆਸੀ ਹਾਰ ਦਾ ਦਰਦ ਵੀ ਇਸੇ ਧਰਤੀ 'ਤੇ ਝੱਲਣਾ ਪਿਆ।

ਵੰਡ ਵੇਲੇ ਫੁੱਲਾਂ ਵਾਲੇ ਚੌਕ 'ਚ ਜੇਤਲੀ ਦੀ ਭੂਆ ਰਹਿੰਦੀ ਸੀ। ਪਾਕਿਸਤਾਨ ਤੋਂ ਉੱਜੜ ਕੇ ਆਇਆ ਉਨ੍ਹਾਂ ਦਾ ਪਰਿਵਾਰ ਸਭ ਤੋਂ ਪਹਿਲਾਂ ਅੰਮ੍ਰਿਤਸਰ 'ਚ ਭੂਆ ਦੇ ਘਰ ਰੁਕਿਆ ਸੀ। ਜੇਤਲੀ ਦੇ ਨਾਨਕੇ ਵੀ ਅੰਮ੍ਰਿਤਸਰ 'ਚ ਹੀ ਹਨ। ਖੂਹ ਸੁਣਿਆਰੀਆ 'ਚ ਉਨ੍ਹਾਂ ਦੇ ਮਾਮਾ ਮਦਨ ਲਾਲ ਵੱਟਾ ਵੀ ਰਹਿੰਦੇ ਸਨ। ਜੇਤਲੀ ਦਾ ਜਨਮ ਤਾਂ ਦਿੱਲੀ 'ਚ ਹੋਇਆ ਪਰ ਅੰਮ੍ਰਿਤਸਰ ਨਾਲ ਉਨ੍ਹਾਂ ਦਾ ਲਗਾਅ ਹਮੇਸ਼ਾ ਬਣਿਆ ਰਿਹਾ। ਖਾ਼ਸ ਕਰ ਭੂਆ ਦੇ ਪੌਤਰੇ ਨਰਿੰਦਰ ਸ਼ਰਮਾ ਅੱਜ ਵੀ ਉਨ੍ਹਾਂ ਦੇ ਬੇਹੱਦ ਕਰੀਬ ਹਨ।

ਪਰਿਵਾਰਕ ਸਮਾਗਮ 'ਚ ਉਨ੍ਹਾਂ ਦਾ ਹਮੇਸ਼ਾ ਆਉਣਾ-ਜਾਣਾ ਰਿਹਾ। ਇਹ ਵੱਖਰੀ ਗੱਲ ਹੈ ਕਿ ਸਿਆਸਤ 'ਚ ਨਾਨਕਾ ਪਰਿਵਾਰ ਤੋਂ ਕੋਈ ਵੀ ਅੱਗੇ ਨਹੀਂ ਆਇਆ। ਜੇਤਲੀ ਦੀ ਪਤਨੀ ਦੇ ਨਾਨਕੇ ਵੀ ਅੰਮ੍ਰਿਤਸਰ ਦੀ ਲੂਣ ਮੰਡੀ 'ਚ ਹਨ। ਇਸ ਨਾਤੇ ਵੀ ਉਨ੍ਹਾਂ ਦਾ ਜੁੜਾਅ ਅੰਮ੍ਰਿਤਸਰ ਨਾਲ ਰਿਹਾ।

ਜੇਤਲੀ ਪਰਿਵਾਰ ਦੇ ਬੇਹੱਦ ਨਜ਼ਦੀਕੀ ਅਨੂਪ ਤ੍ਰਿਖਾ ਬਿੱਟਾ ਨੇ ਦੱਸਿਆ ਕਿ ਅਰੁਣ ਜੇਤਲੀ ਦੇ ਨਾਨਕੇ ਅੰਮ੍ਰਿਤਸਰ 'ਚ ਸਨ। ਚੌਕ ਫੁੱਲਾਂ ਵਾਲਾ 'ਚ ਉਨ੍ਹਾਂ ਦੀ ਭੂਆ ਦਾ ਘਰ ਸੀ। ਵੰਡ ਦੌਰਾਨ ਅਰੁਣ ਜੇਤਲੀ ਦੇ ਪਿਤਾ ਆਪਣੇ ਪੰਜ ਭਰਾਵਾਂ ਨਾਲ ਲਾਹੌਰ ਤੋਂ ਅੰਮ੍ਰਿਤਸਰ ਆਏ ਸਨ ਅਤੇ ਫੁੱਲਾਂ ਵਾਲਾ ਚੌਕ ਸਥਿਤ ਆਪਣੀ ਭੈਣ ਦੇ ਘਰ ਰੁਕੇ ਸਨ। ਅਰੁਣ ਜੇਤਲੀ ਜਦੋਂ ਵੀ ਅੰਮ੍ਰਿਤਸਰ ਆਉਂਦੇ ਆਪਣੀ ਭੂਆ ਦੇ ਘਰ ਜ਼ਰੂਰ ਜਾਂਦੇ। ਉਨ੍ਹਾਂ ਦੇ ਮਾਮਾ ਜੀ ਮਦਨ ਲਾਲ ਵੱਟਾ ਖੂਹ ਸੁਣਿਆਰੀਆ 'ਚ ਰਹਿੰਦੇ ਹਨ ਅਤੇ ਹੁਣ ਉਨ੍ਹਾਂ ਦੇ ਬੱਚੇ ਉੱਥੇ ਰਹਿੰਦੇ ਹਨ।

ਦੇਖਣਾ ਪਿਆ ਹਾਰ ਦਾ ਮੂੰਹ

ਅਰੁਣ ਜੇਤਲੀ ਦੀ ਹਮੇਸ਼ਾ ਹੀ ਭਾਜਪਾ ਦੀ ਸਿਆਸਤ 'ਚ ਤੂਤੀ ਬੋਲਦੀ ਰਹੀ। ਉਨ੍ਹਾਂ ਨੂੰ ਭਾਜਪਾ ਦੇ ਮੁੱਖ ਰਣਨੀਤੀਕਾਰਾਂ 'ਚ ਮੰਨਿਆ ਜਾਂਦਾ ਸੀ ਅਤੇ ਉਹ ਪਾਰਟੀ ਦੇ 'ਚਾਣਕਯ' ਸਨ। ਰਾਜ ਸਬਾ ਦੇ ਸੀਨੀਅਰ ਮੈਂਬਰ ਜੇਤਲੀ ਪਹਿਲੀ ਵਾਰ ਚੋਣ ਮੈਦਾਨ 'ਚ 2014 'ਚ ਨਿੱਤਰੇ। ਉਨ੍ਹਾਂ ਸਾਹਮਣੇ ਸਨ ਕਾਂਗਰਸ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ। ਅੰਮ੍ਰਿਤਸਰ ਸੰਸਦੀ ਸੀਟ ਤੋਂ ਉੱਤਰੇ ਜੇਤਲੀ ਆਪਣੀਆਂ ਇੱਥੇ ਜੜ੍ਹਾਂ ਹੋਣ ਕਾਰਨ ਜਿੱਤ ਨੂੰ ਲੈ ਕੇ ਭਰੋਸੇਮੰਦ ਸਨ। ਪੰਜਾਬ 'ਚ ਅਕਾਲੀ-ਭਾਜਪਾ ਸਰਕਾਰ, ਖ਼ਾਸਕਰ ਬਾਦਲ ਪਰਿਵਾਰ ਨੇ ਵੀ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਇੱਥੋਂ ਵੱਡੀ ਜਿੱਤ ਦਰਜ ਕਰਨਗੇ। ਹਾਲਾਂਕਿ ਚੋਣਾਂ 'ਚ ਜੇਤਲੀ ਨੂੰ 1,02,770 ਵੋਟਾਂ ਨਾਲ ਹਾਰ ਦਾ ਮੂੰਹ ਦੇਖਣਾ ਪਿਆ ਅਤੇ ਅੰਮ੍ਰਿਤਸਰ ਦੀ ਧਰਤੀ 'ਤੇ ਹੀ ਉਨ੍ਹਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ।

ਅੰਮ੍ਰਿਤਸਰ ਨੂੰ ਆਈਆਈਐੱਮ, ਸਮਾਰਟ ਸਿਟੀ ਤੇ ਬਹੁਤ ਕੁਝ ਦਿੱਤਾ

ਚੋਣਾਂ 'ਚ ਹਾਰ ਦੇ ਬਾਵਜੂਦ ਜੇਤਲੀ 2014 'ਚ ਐੱਨਡੀਏ ਸਰਕਾਰ 'ਚ ਮੰਤਰੀ ਬਣੇ। ਉਨ੍ਹਾਂ ਅੰਮ੍ਰਿਤਸਰ ਦੇ ਆਗੂਆਂ ਤੋਂ ਦੂਰੀ ਬਣਾ ਲਈ ਪਰ ਗੁਰੂ ਨਗਰੀ ਨਾਲ ਉਨ੍ਹਾਂ ਦਾ ਲਗਾਅ ਘਟਿਆ ਨਹੀਂ। ਅੰਮ੍ਰਿਤਸਰ ਨੂੰ ਉਨ੍ਹਾਂ ਆਈਆਈਐੱਮ ਦਿੱਤਾ। ਸਮਾਰਟ ਸਿਟੀ ਅਤੇ ਹੈਰੀਟੇਜ ਸਿਟੀ ਦਾ ਦਰਜਾ ਦਿੰਦੇ ਹੋਏ ਇਸ ਨੂੰ ਵਿਸ਼ਵ ਪੱਧਰੀ ਸ਼ਹਿਰਾਂ 'ਚ ਖੜ੍ਹਾ ਕਰਨ 'ਚ ਕੋਈ ਕਸਰ ਨਹੀਂ ਰੱਖੀ। ਅੰਮ੍ਰਿਤਸਰ ਦੇ ਵਪਾਰੀ, ਕਾਰੋਬਾਰੀ ਤੇ ਆਗੂ ਜਦੋਂ ਵੀ ਉਨ੍ਹਾਂ ਕੋਲ ਸਮੱਸਿਆਵਾਂ ਲੈ ਕੇ ਦਿੱਲੀ ਗਏ ਤਾਂ ਉਨ੍ਹਾਂ ਪਹਿਲ ਦੇ ਆਧਾਰ 'ਤੇ ਉਨ੍ਹਾਂ ਦਾ ਨਾ ਸਿਰਫ਼ ਹਲ ਕਰਵਆਇਆ ਅਤੇ ਉਨ੍ਹਾਂ ਨੂੰ ਵੱਡੀ ਰਾਹਤ ਦਿਵਾਈ। ਸ਼ਹਿਰ ਦੇ ਕਈ ਆਗੂਆਂ ਨੇ ਜੇਤਲੀ ਦੇ ਆਸ਼ੀਰਵਾਦ ਲੈ ਕੇ ਸਿਆਸੀ ਮੁਕਾਮ ਹਾਸਿਲ ਕੀਤਾ।

Posted By: Seema Anand