ਅੰਮਿ੍ਤਪਾਲ ਸਿੰਘ, ਅੰਮਿ੍ਤਸਰ : ਪੰਜਾਬ 'ਚ ਚੱਲ ਰਹੇ ਕਾਲੇ ਦੌਰ ਸਮੇਂ ਅੱਤਵਾਦ ਨਾਲ ਲੋਹਾ ਲੈਂਦਿਆਂ ਬਾਰ੍ਹਵੀਂ ਵਿਚ ਪੜ੍ਹਦੇ ਪੁੱਤਰ ਤੇ ਕਈ ਸਾਥੀ ਕੁਰਬਾਨ ਕਰਨ ਅਤੇ ਕਈ ਵਾਰ ਅੱਤਵਾਦੀਆਂ ਦੀਆਂ ਗੋਲ਼ੀਆਂ ਦਾ ਨਿਸ਼ਾਨਾ ਬਣਨ ਵਾਲੇ ਭਾਜਪਾ ਆਗੂ ਮਾਸਟਰ ਸੁਰਿੰਦਰਪਾਲ ਸਿੰਘ ਮਹਿੰਦਰੂ ਨੂੰ ਕੇਂਦਰ 'ਚ ਆਪਣੀ ਹੀ ਸਰਕਾਰ ਨੇ ਵਿਸਾਰ ਦਿੱਤਾ ਹੈ। ਸਮੇਂ-ਸਮੇਂ ਦੀਆਂ ਕੇਂਦਰੀ ਸਰਕਾਰਾਂ ਨੇ ਅੱਜ ਤਕ ਮਾਸਟਰ ਮਹਿੰਦਰੂ ਨੂੰ ਵਿਸਾਰਿਆ ਹੋਇਆ ਹੈ, ਜਦਕਿ ਉਹ ਲੋਕ ਭਲਾਈ ਦੇ ਕੰਮਾਂ ਵਿਚ ਅੱਜ ਵੀ ਸੇਵਾ ਕਰ ਰਹੇ ਹਨ।

ਗੱਲਬਾਤ ਕਰਦਿਆਂ ਮਾਸਟਰ ਸੁਰਿੰਦਰਪਾਲ ਮਹਿੰਦਰੂ ਨੇ ਦੱਸਿਆ ਕਿ 1987 'ਚ ਉਨ੍ਹਾਂ ਨੇ ਅੱਤਵਾਦ ਪ੍ਰਭਾਵਿਤ ਸੁਸਾਇਟੀ ਦਾ ਗਠਨ ਕੀਤਾ ਸੀ। 2002 'ਚ ਸ੍ਰੀ ਗੁਰੂ ਨਾਨਕ ਦੇਵ, ਭਾਈ ਬਾਲਾ ਜੀ, ਭਾਈ ਮਰਦਾਨਾ ਜੀ ਬਿਰਧ ਆਸ਼ਰਮ ਖੋਲਿ੍ਹਆ, ਜਿਸ ਵਿਚ ਫ੍ਰੀ ਹਸਪਤਾਲ, ਫ਼੍ਰੀ ਸਿਲਾਈ ਸੈਂਟਰ ਵੀ ਚੱਲ ਰਿਹਾ ਹੈ, ਜਿਥੇ ਲੜਕੀਆਂ ਨੂੰ ਫ੍ਰੀ ਕੋਰਸ ਕਰਵਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਅੱਤਵਾਦ ਪੀੜਤ ਪਰਿਵਾਰਾਂ ਨੂੰ 26 ਜਨਵਰੀ ਤੇ 15 ਅਗਸਤ ਵਾਲੇ ਦਿਨ ਜ਼ਰੂਰਤ ਦਾ ਹਰ ਸਾਮਾਨ ਦਿੱਤਾ ਜਾਂਦਾ ਹੈ। ਦੇਸ਼ ਦੀ ਸੇਵਾ ਕਰਨ ਦੇ ਮਕਸਦ ਨਾਲ ਉਹ 1967 'ਚ ਆਰਐੱਸਐੱਸ ਨਾਲ ਜੁੜੇ ਤੇ 1971 ਦੀ ਭਾਰਤ ਪਾਕਿਸਤਾਨ ਜੰਗ ਦੌਰਾਨ ਆਰਐੱਸਐੱਸ ਦੇ ਸਵੈ-ਸੇਵਕਾਂ ਨਾਲ ਮਿਲ ਕੇ ਭਾਰਤੀ ਫ਼ੌਜੀ ਜਵਾਨਾਂ ਨੂੰ ਜੰਗ 'ਚ ਰਾਸ਼ਨ ਪਹੁੰਚਾਉਣ, ਸਰਹੱਦੀ ਲੋਕਾਂ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਤੇ ਸੁਰੱਖਿਅਤ ਜਗ੍ਹਾ 'ਤੇ ਪਹੁੰਚਾਉਣ 'ਚ ਵੀ ਅਹਿਮ ਭੂਮਿਕਾ ਨਿਭਾਉਂਦੇ ਰਹੇ। ਮਾਸਟਰ ਮਹਿੰਦਰੂ ਨੇ ਦੱਸਿਆ ਕਿ ਸਾਲ 1980 'ਚ ਪੰਜਾਬ 'ਚ ਕਾਲੇ ਦੌਰ ਦੌਰਾਨ ਉਨ੍ਹਾਂ ਨੇ ਅੱਤਵਾਦ ਦਾ ਡੱਟ ਕੇ ਵਿਰੋਧ ਕੀਤਾ। ਸਾਲ 1983 ਤੋਂ ਲੈ ਕੇ 1991 ਤਕ ਉਨ੍ਹਾਂ 'ਤੇ ਅੱਤਵਾਦੀਆਂ ਨੇ 6 ਵਾਰ ਜਾਨਲੇਵਾ ਹਮਲੇ ਕੀਤੇ, ਜਿਨ੍ਹਾਂ 'ਚ ਕਈ ਸਾਥੀ ਤੇ ਬਾਰ੍ਹਵੀਂ 'ਚ ਪੜ੍ਹਦਾ ਇਕ ਪੁੱਤਰ ਵੀ ਸ਼ਹੀਦ ਹੋ ਗਿਆ ਤੇ ਉਹ ਖੁਦ ਨੂੰ ਵੀ ਗੋਲ਼ੀਆਂ ਲੱਗੀਆਂ ਤੇ ਗੰਭੀਰ ਜ਼ਖਮੀ ਹੋਏ।

ਮਾਸਟਰ ਮਹਿੰਦਰੂ ਨੇ ਦੱਸਿਆ ਕਿ ਅੱਤਵਾਦ ਨਾਲ ਡੱਟ ਕੇ ਮੁਕਾਬਲਾ ਕਰਨ ਸਦਕਾ ਉਸ ਵੇਲੇ ਦੇ ਡਿਪਟੀ ਕਮਿਸ਼ਨਰ ਨੇ ਰਾਸ਼ਟਰਪਤੀ ਐਵਾਰਡ ਲਈ ਉਨ੍ਹਾਂ ਦਾ ਨਾਂ ਭਾਰਤ ਸਰਕਾਰ ਨੂੰ ਭੇਜਿਆ ਸੀ, ਜਿਸ 'ਤੇ ਸਰਕਾਰ ਨੇ ਅੱਜ ਤਕ ਗੌਰ ਨਹੀਂ ਕੀਤਾ। ਮਾਸਟਰ ਮਹਿੰਦਰੂ ਨੇ ਦੱਸਿਆ ਕਿ ਅੱਤਵਾਦ ਖ਼ਿਲਾਫ਼ ਲੜਨ ਬਦਲੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਕਈ ਵਾਰ ਨਕਦ ਐਵਾਰਡ ਵੀ ਮਿਲੇ ਹਨ। ਇਸ ਮੌਕੇ ਰਣਜੀਤ ਸਿੰਘ, ਬਲਵਿੰਦਰ ਸਿੰਘ, ਸੁਖਵਿੰਦਰ ਕੁਮਾਰ, ਮਨਜੀਤ ਸਿੰਘ, ਅਮਰਦੀਪ ਸਿੰਘ, ਰਾਜ ਕੁਮਾਰ ਆਦਿ ਮੌਜੂਦ ਸਨ।

------------

1991 'ਚ ਦੋ ਅੱਤਵਾਦੀ ਕੀਤੇ ਸਨ ਢੇਰ

ਮਾਸਟਰ ਮਹਿੰਦਰੂ ਨੇ ਦੱਸਿਆ ਕਿ 26 ਅਕਤੂਬਰ 1991 ਨੂੰ ਤੇਜ ਨਗਰ ਚੌਕ ਸਥਿਤ ਭਾਜਪਾ ਦੇ ਦਫ਼ਤਰ 'ਚ ਅੱਤਵਾਦੀਆਂ ਨੇ ਅਚਾਨਕ ਹਮਲਾ ਕਰ ਦਿੱਤਾ। ਇਸ ਦੌਰਾਨ ਸੁਰਿੰਦਰ ਸਿੰਘ ਰੇਡੀਓ ਮਕੈਨਿਕ ਦੀ ਗੋਲ਼ੀ ਲੱਗਣ ਨਾਲ ਮੌਤ ਹੋ ਗਈ ਅਤੇ ਉਨ੍ਹਾਂ ਸਮੇਤ ਕਈ ਸਾਥੀ ਗੰਭੀਰ ਜ਼ਖ਼ਮੀ ਹੋ ਗਏ। ਉਸ ਵੇਲੇ ਉਨ੍ਹਾਂ ਕੋਲ ਇਕ ਰਿਵਾਲਵਰ ਸੀ, ਜਿਸ ਨਾਲ ਆਏ ਦੋਵਾਂ ਅੱਤਵਾਦੀਆਂ ਨੂੰ ਗੋਲ਼ੀ ਮਾਰ ਕੇ ਮਾਰ ਦਿੱਤਾ।