ਕਿਰਪਾਲ ਸਿੰਘ ਰੰਧਾਵਾ, ਹਰੀਕੇ ਪੱਤਣ : ਸੰਸਾਰ ਪ੍ਰਸਿੱਧ ਹਰੀਕੇ ਬਰਡ ਸੈਂਚੁਰੀ ਵਿਚ ਅੱਗ ਲਗਾ ਕੇ ਪੰਛੀਆਂ ਦੇ ਰੈਣ ਬਸੇਰੇ ਨੂੰ ਨਸ਼ਟ ਕਰਨ ਵਾਲੇ ਦੋ ਅਨਸਰਾਂ ਨੂੰ ਵਣ ਤੇ ਜੰਗਲੀ ਜੀਵ ਵਿਭਾਗ ਦੇ ਕਾਮਿਆਂ ਨੇ ਕਾਬੂ ਕੀਤਾ ਹੈ। ਦੋਵਾਂ ਦੇ ਖਿਲਾਫ ਕੇਸ ਦਰਜ ਕਰ ਕੇ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।

ਵਣ ਰੇਂਜ ਤੇ ਜੰਗਲੀ ਜੀਵ ਰੇਂਜ ਹਰੀਕੇ ਦੇ ਅਧਿਕਾਰੀ ਕਮਲਜੀਤ ਸਿੰਘ ਨੇ ਦੱਸਿਆ ਕਿ ਉਹ ਸੋਮਵਾਰ ਨੂੰ ਵਣ ਗਾਰਡ ਤੇਜਿੰਦਰ ਸਿੰਘ ਦੇ ਨਾਲ ਸੈਂਕਚੁਰੀ ਖੇਤਰ ਵਿਚ ਗਸ਼ਤ ਕਰ ਰਹੇ ਸਨ। ਇਸੇ ਦੌਰਾਨ ਵੇਖਿਆ ਕਿ ਦੋ ਵਿਅਕਤੀ ਨਜਾਇਜ਼ ਤੌਰ 'ਤੇ ਸੈਂਕਚੁਰੀ ਵਿਚ ਦਾਖ਼ਲ ਹੋਏ ਤੇ ਅੱਗ ਲਗਾ ਕੇ ਪੰਛੀਆਂ ਅਤੇ ਜਾਨਵਰਾਂ ਦੇ ਰਹਿਣ ਬਸੇਰੇ ਨੂੰ ਨਸ਼ਟ ਕਰ ਰਹੇ ਸਨ।

ਦੋਵਾਂ ਮੁਲਜ਼ਮਾਂ ਦੀ ਪਛਾਣ ਬੰਤਾ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਪਿੰਡ ਲੱਲੇ ਬੂਹ ਅਤੇ ਰਾਜਬੀਰ ਸਿੰਘ ਰਾਜੂ ਪੁੱਤਰ ਗੁਰਮੀਤ ਸਿੰਘ ਵਾਸੀ ਟੱਲੀ ਗਰਾਮ (ਫਿਰੋਜ਼ਪੁਰ) ਵਜੋਂ ਹੋਈ ਹੈ। ਦੋਵਾਂ ਜਣਿਆਂ ਨੂੰ ਮੌਕੇ 'ਤੇ ਹੀ ਕਾਬੂ ਕਰ ਕੇ ਉਨ੍ਹਾਂ ਦੇ ਖਿਲਾਫ ਜੰਗਲੀ ਜੀਵ ਸੁਰੱਖਿਆ ਐਕਟ ਦੇ ਤਹਿਤ ਕਾਰਵਾਈ ਕਰਕੇ ਸੁਲਤਾਨਪੁਰ ਲੋਧੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਗੁਰਦਾਸਪੁਰ ਦੀ ਜੇਲ੍ਹ ਵਿਚ ਭੇਜਣ ਦੇ ਹੁਕਮ ਮਿਲੇ ਹਨ।

Posted By: Jagjit Singh