ਰਾਜਿੰਦਰ ਸਿੰਘ ਰੂਬੀ, ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਚੰਡੀਗੜ੍ਹ ਤੋਂ ਚੱਲ ਕੇ ਅੰਮ੍ਰਿਤਸਰ ਪਹੁੰਚਣ ਮੌਕੇ ਅਕਾਲੀ ਵਰਕਰਾਂ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕਰਦਿਆਂ ਜੀ ਆਇਆਂ ਕਿਹਾ ਗਿਆ ਹੈ। ਵਿਧਾਨ ਸਭਾ ਹਲਕਾ ਅਟਾਰੀ ਆਉਣ 'ਤੇ ਉਨ੍ਹਾਂ ਦਾ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਦੀ ਅਗਵਾਈ ਵਿੱਚ ਹਜ਼ਾਰਾਂ ਅਕਾਲੀ ਵਰਕਰਾਂ ਵੱਲੋਂ ਨਿੱਘਾ ਸਵਾਗਤ ਕਰਕੇ ਜੈਕਾਰੇ ਲਗਾਏ ਗਏ। ਜਥੇਦਾਰ ਰਣੀਕੇ ਤੇ ਸਾਬਕਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਦੀ ਅਗਵਾਈ ਹੇਠ ਸਵਾਗਤੀ ਪ੍ਰੋਗਰਾਮ ਤਹਿਤ ਵਿਧਾਨ ਸਭਾ ਹਲਕਾ ਅਟਾਰੀ ਦੇ ਖੇਤਰ ਵਿਖੇ ਪੁੱਜੇ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪਿਛਲੀ ਕਾਂਗਰਸ ਦੀ ਲੋਕ ਮਾਰੂ ਸਰਕਾਰ ਨੇ ਬੇਸ਼ੁਮਾਰ ਧੱਕੇਸ਼ਾਹੀਆਂ ਕੀਤੀਆਂ ਤੇ ਉਨ੍ਹਾਂ ਨੂੰ ਵੀ ਝੂਠੇ ਕੇਸ ਵਿੱਚ ਫਸਾਇਆ ਗਿਆ ਜੋ ਗੁਰੂ ਸਾਹਿਬ ਨੇ ਕਿਰਪਾ ਕਰਕੇ ਪੰਜਾਬ ਦੀਆਂ ਸੰਗਤਾਂ ਦੀ ਅਰਦਾਸ ਸੱਚੀ ਹੁੰਦਿਆਂ ਉਨ੍ਹਾਂ ਨੂੰ ਜ਼ਮਾਨਤ ਮਿਲੀ ਹੈ।

ਉਨ੍ਹਾਂ ਕਿਹਾ ਕਿ ਮਜੀਠੀਆ ਨਾ ਤਾਂ ਪਹਿਲਾਂ ਕਿਸੇ ਵਿਰੋਧੀ ਸਿਆਸੀ ਲੋਕਾਂ ਤੋਂ ਡਰਦਾ ਸੀ ਤੇ ਨਾ ਅਗਾਂਹ ਹੀ ਡਰੇਗਾ। ਉਨ੍ਹਾਂ ਕਿਹਾ ਕਿ ਮੈਨੂੰ ਝੂਠੇ ਕੇਸ ਵਿੱਚ ਫਸਾਉਣ ਵਾਲੇ ਵੀ ਮੇਰੇ ਨਾਲ ਹੀ ਸੱਜੇ ਖੱਬੇ ਜੇਲ੍ਹ ਵਿਚ ਬੈਠੇ ਵਿਖਾਈ ਦਿੱਤੇ ਜਿੱਥੇ ਸੱਚ ਸਾਹਮਣੇ ਆਉਣ ਤੇ ਉਨ੍ਹਾਂ ਦੀ ਜ਼ਮਾਨਤ ਹੋ ਗਈ ਤੇ ਉਹ ਅਜੇ ਵੀ ਜੇਲ੍ਹ ਅੰਦਰ ਹਨ।

ਉਨ੍ਹਾਂ ਕਿਹਾ ਕਿ ਅੱਜ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਗਾਣੇ ਚੱਲ ਰਹੇ ਹਨ ਕਿ 'ਛੱਲਾ ਮੁੜ ਕੇ ਨ੍ਹੀਂ ਆਇਆ' ਤੇ ਉਹ ਹੁਣ ਕੈਨੇਡਾ ਵਿੱਚ ਪੀਆਰ ਲੈ ਕੇ ਆਪਣਾ ਟਾਈਮ ਪਾਸ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਕੱਟੜ ਵਿਰੋਧੀ ਸ ਨਵਜੋਤ ਸਿੰਘ ਸਿੱਧੂ ਦੀ ਵੀ ਗੁਰੂ ਸਾਹਿਬ ਅੱਗੇ ਅਰਦਾਸ ਕਰਦਿਆਂ ਠੋਕੋ ਤਾਲੀ ਦੀ ਵੀ ਖ਼ੈਰ ਮੰਗਦੇ ਹਨ। ਮਜੀਠੀਆ ਨੇ ਕਿਹਾ ਕਿ ਗੁਰੂ ਸਾਹਿਬ ਜੀ ਦੀ ਮਿਹਰ ਸਦਕਾ ਉਨ੍ਹਾਂ ਨੂੰ ਝੂਠੇ ਕੇਸ ਵਿੱਚ ਜ਼ਮਾਨਤ ਮਿਲ ਗਈ ਹੈ, ਨੇ ਇਹ ਵੀ ਕਿਹਾ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਜੋ ਸਤਾਈ ਸਾਲ ਤੋਂ ਜੇਲ੍ਹ ਅੰਦਰ ਬੰਦ ਹਨ, ਉਸ ਸ਼ਖ਼ਸੀਅਤ ਨੂੰ ਰਿਹਾਈ ਵੀ ਮਿਲਣੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਉਹ ਮਾਨਯੋਗ ਜੱਜ ਸਾਹਿਬ ਦਾ ਵੀ ਕੋਟਿਨ-ਕੋਟ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਸੱਚ ਨੂੰ ਸਾਹਮਣੇ ਲਿਆਉਂਦਿਆਂ ਜ਼ਮਾਨਤ ਦਿੱਤੀ ਹੈ। ਇਸ ਮੌਕੇ ਵਿਧਾਨ ਸਭਾ ਹਲਕਾ ਅਟਾਰੀ ਦੇ ਅਕਾਲੀ ਵਰਕਰਾਂ ਵੱਲੋਂ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਦੀ ਅਗਵਾਈ ਵਿੱਚ ਵਿਧਾਇਕ ਸਰਦਾਰ ਲਖਬੀਰ ਸਿੰਘ ਲੋਧੀ ਨੰਗਲ, ਮੈਂਬਰ ਮਗਵਿੰਦਰ ਸਿੰਘ ਖਾਪੜਖੇੜੀ, ਹਰਦਲਬੀਰ ਸਿੰਘ ਸ਼ਾਹ, ਗੁਰਿੰਦਰ ਪਾਲ ਸਿੰਘ ਲਾਲੀ ਰਣੀਕੇ, ਐਡਵੋਕੇਟ ਅਮਨਬੀਰ ਸਿੰਘ ਸਿਆਲੀ, ਸਾਬਕਾ ਚੇਅਰਮੈਨ ਕੰਵਲਜੀਤ ਸਿੰਘ ਗੁਰੂਵਾਲੀ, ਮਲਕੀਤ ਸਿੰਘ ਬੱਬੂ ਮਾਨਾਂਵਾਲਾ, ਪ੍ਰਧਾਨ ਲਖਵਿੰਦਰ ਸਿੰਘ ਘੁੰਮਣ, ਜਸਪਾਲ ਸਿੰਘ ਨੇਸ਼ਟਾ, ਭਲਵਾਨ ਨਿਰਮਲ ਸਿੰਘ ਨੰਗਲੀ, ਹੀਰਾ ਸਿੰਘ ਪੰਡੋਰੀ, ਗੁਰਵਿੰਦਰ ਸਿੰਘ ਬੰਬ, ਸੁੱਚਾ ਸਿੰਘ ਧਰਮੀ ਫ਼ੌਜੀ ਸਮੇਤ ਸੀਨੀਅਰ ਅਕਾਲੀ ਵਰਕਰ ਹਾਜ਼ਰ ਸਨ।

Posted By: Jagjit Singh