Big News : ਖ਼ਾਲਸਾ ਏਡ ਦੇ ਮੁਖੀ ਤੇ ਮੈਨੇਜਰ ਨੇ ਦਿੱਤੇ ਅਸਤੀਫੇ, ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਇਹ ਕਾਰਨ
ਪ੍ਰੈਸ ਕਾਨਫਰੰਸ ਵਿਚ ਦਵਿੰਦਰਜੀਤ ਸਿੰਘ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਤੋਂ ਉਹ ਖਾਲਸਾ ਏਡ ਵਿਚ ਪੂਰੀ ਤਨਦੇਹੀ ਨਾਲ ਸੇਵਾ ਨਿਭਾਅ ਰਹੇ ਸਨ, ਪਰ ਖਾਲਸਾ ਏਡ ਸੰਸਥਾ ਅੰਦਰ ਇਸ ਸਮੇਂ ਬਣੇ ਮਾੜੇ ਹਾਲਾਤਾਂ ਨੇ ਉਨ੍ਹਾਂ ਨੂੰ ਅੱਗੇ ਹੋਰ ਸੇਵਾ ਕਰਨ ਦੇ ਯੋਗ ਨਹੀਂ ਛੱਡਿਆ।
Publish Date: Wed, 12 Nov 2025 07:15 PM (IST)
Updated Date: Wed, 12 Nov 2025 07:27 PM (IST)
ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ : ਭਾਰਤ ਵਿਚ ਖ਼ਾਲਸਾ ਏਡ ਦੇ ਮੁਖੀ ਦਵਿੰਦਰਜੀਤ ਸਿੰਘ ਤੇ ਖ਼ਾਲਸਾ ਏਡ ਇੰਡੀਆ ਓਪਰੇਸ਼ਨ ਮੈਨੇਜਰ ਗੁਰਵਿੰਦਰ ਸਿੰਘ ਨੇ ਆਪਣੇ ਅਹੁਦਿਆ ਤੋਂ ਅਸਤੀਫਾ ਦੇ ਦਿੱਤਾ ਹੈ। ਦਵਿੰਦਰਜੀਤ ਸਿੰਘ ਨੇ ਇਸ ਅਸਤੀਫੇ ਦੇ ਕਾਰਨ ਖਾਲਸਾ ਏਡ ਸੰਸਥਾ ਅੰਦਰ ਚੰਗੀ ਮੈਨੇਜਮੈਂਟ ਦੀ ਕਮੀ, ਪਾਰਦਰਸ਼ਤਾ ਦੀ ਘਾਟ ਅਤੇ ਯੂਕੇ ਮੈਨੇਜਮੈਂਟ ਦੀ ਲੋੜ ਤੋਂ ਜ਼ਿਆਦਾ ਦਖਲਅੰਦਾਜ਼ੀ ਨੂੰ ਦੱਸਿਆ ਹੈ।
ਪ੍ਰੈਸ ਕਾਨਫਰੰਸ ਵਿਚ ਦਵਿੰਦਰਜੀਤ ਸਿੰਘ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਤੋਂ ਉਹ ਖਾਲਸਾ ਏਡ ਵਿਚ ਪੂਰੀ ਤਨਦੇਹੀ ਨਾਲ ਸੇਵਾ ਨਿਭਾਅ ਰਹੇ ਸਨ, ਪਰ ਖਾਲਸਾ ਏਡ ਸੰਸਥਾ ਅੰਦਰ ਇਸ ਸਮੇਂ ਬਣੇ ਮਾੜੇ ਹਾਲਾਤਾਂ ਨੇ ਉਨ੍ਹਾਂ ਨੂੰ ਅੱਗੇ ਹੋਰ ਸੇਵਾ ਕਰਨ ਦੇ ਯੋਗ ਨਹੀਂ ਛੱਡਿਆ। ਉਨ੍ਹਾਂ ਕਿਹਾ ਕਿ 2023 ਵਿਚ ਪਿਛਲੀ ਟੀਮ ਦੇ ਅਸਤੀਫੇ ਤੋਂ ਬਾਅਦ ਉਨ੍ਹਾਂ ਨੇ ਦੋ ਸਾਲ ਪਹਿਲਾਂ ਓਪਰੇਸ਼ਨ ਲੀਡ ਵਜੋਂ ਕਾਰਜਭਾਰ ਸੰਭਾਲੇ ਸਨ। ਦਵਿੰਦਰਜੀਤ ਸਿੰਘ ਨੇ 2025 ਹੜ੍ਹ ਰਾਹਤ ਸੇਵਾਵਾਂ ਦੌਰਾਨ ਖਾਲਸਾ ਏਡ ਦੇ ਪ੍ਰਦਰਸ਼ਨ 'ਤੇ ਟਿੱਪਣੀ ਕਰਦਿਆ ਕਿਹਾ ਕਿ ਕਈ ਚੀਜ਼ਾਂ ਮੈਨੇਜਮੈਂਟ ਦੇ ਕਮਜ਼ੋਰ ਹੋਣ ਕਰਕੇ ਅਤੇ ਯੂਕੇ ਹੈੱਡਕਵਾਰਟਰ ਤੋਂ ਬਹੁਤ ਜਿਆਦਾ ਕੰਟਰੋਲ ਕਰਨ ਦੇ ਕਾਰਨ ਲੋੜਵੰਦਾਂ ਦੀਆਂ ਉਮੀਦਾਂ ਨੂੰ ਪੂਰਾ ਨਹੀਂ ਕਰ ਸਕੀਆਂ।
ਉਨ੍ਹਾਂ ਕਿਹਾ ਕਿ ਪ੍ਰਮੁੱਖ ਅਤੇ ਅਹਿਮ ਫੈਸਲਿਆਂ ਵਿਚ ਦੇਰੀ, ਫੀਲਡ ਆਪ੍ਰੇਸ਼ਨਾਂ ਵਿਚ ਰੁਕਾਵਟਾਂ ਪਾਉਂਣਾ, ਲੋੜਵੰਦਾਂ ਦੀ ਸੇਵਾ ਲਈ ਖਰੀਦੇ ਜਾਣ ਵਾਲੇ ਸਾਮਾਨ ਦੇ ਸਪਲਾਇਰਾਂ ਅਤੇ ਸੇਵਾ ਕਰ ਰਹੇ ਵਲੰਟੀਅਰਾਂ ਦੀਆਂ ਪੇਮੈਂਟਾਂ ਨੂੰ ਵਾਰ-ਵਾਰ ਰੋਕਿਆ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਖਾਲਸਾ ਏਡ ਮੁਖੀ ਅਤੇ ਸੀਈਓ ਰਵੀ ਸਿੰਘ ਨੇ ਪੰਜਾਬ ਵਿਚ ਚੱਲ ਰਹੇ ਫੀਲਡ ਆਪ੍ਰੇਸ਼ਨਾਂ ਵਿਚ ਬਹੁਤ ਦਖਲਅੰਦਾਜ਼ੀ ਕਰਦਿਆ ਇੰਡੀਆ ਟੀਮ ਦੇ ਅਧਿਕਾਰ ਖੋਹੇ ਅਤੇ ਚੱਲ ਰਹੇ ਸੇਵਾ ਕਾਰਜਾਂ ਵਿਚ ਅੜਿੱਕਾ ਪਾਇਆ। ਖਾਲਸਾ ਏਡ ਵਿਚ ਕੋਈ ਵੀ ਮੈਨੇਜਮੈਂਟ ਅਤੇ ਪਾਰਦਰਸ਼ਤਾ ਨਹੀਂ ਹੈ, ਸੰਸਥਾ ਦੇ ਹਰੇਕ ਫੈਸਲੇ ਹਜਾਰਾਂ ਮੀਲ ਦੂਰ ਬੈਠਾ ਇਕ ਅਜਿਹਾ ਇਨਸਾਨ ਇੰਡੀਆ ਟੀਮ 'ਤੇ ਥੋਪ ਰਿਹਾ ਹੈ, ਜਿਸ ਨੂੰ ਜਮੀਨੀ ਹਕੀਕਤ ਬਾਰੇ ਕੁਝ ਵੀ ਗਿਆਨ ਨਹੀਂ ਹੈ।