ਅੰਮ੍ਰਿਤਪਾਲ ਸਿੰਘ, ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਬਲੀਕੇਸ਼ਨ ਵਿਭਾਗ ਵਿਚੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਸਬੰਧੀ ਰਿਕਾਰਡ ਨਾ ਹੋਣ ਕਾਰਨ ਇਨ੍ਹਾਂ ਸਰੂਪਾਂ ਦੀ ਭਾਲ ਲਈ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਮਾਂਡ ਸੰਭਾਲੀ ਹੈ। ਸੂਤਰਾਂ ਮੁਤਾਬਕ ਬੀਬੀ ਜਗੀਰ ਕੌਰ ਇਕ ਵਿਭਾਗ ਦੇ ਇੰਚਾਰਜ ਰਾਹੀਂ 328 ਪਾਵਨ ਸਰੂਪਾਂ ਨੂੰ ਲੱਭਣ ਲਈ ਸ਼੍ਰੋਮਣੀ ਕਮੇਟੀ ਦੇ ਸੈਕਸ਼ਨ 85 ਅਤੇ ਸੈਕਸ਼ਨ 87 ਦੇ ਗੁਰਦੁਆਰਿਆਂ ਵਿਚ ਜਿੰਨੇ ਵੀ ਪਾਵਨ ਸਰੂਪ ਹਨ, ਉਨ੍ਹਾਂ ਦੀ ਘੋਖ ਅਤੇ ਰਿਕਾਰਡ ਦੀ ਜਾਂਚ ਕਰ ਰਹੇ ਹਨ। ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰਕ ਨਾਲ ਸਬੰਧਤ ਪ੍ਰਚਾਰਕਾਂ ਦੀ ਡਿਊਟੀ ਲਗਾਈ ਗਈ ਹੈ, ਜੋ ਉਪਰੋਕਤ ਗੁਰਦੁਆਰਿਆਂ ਵਿਚ ਜਾ ਕੇ ਸਰੂਪਾਂ ਦੀ ਘੋਖ ਕਰ ਰਹੇ ਹਨ ਅਤੇ ਸ਼੍ਰੋਮਣੀ ਕਮੇਟੀ ਦੇ ਪਬਲੀਕੇਸ਼ਨ ਵਿਭਾਗ ਵਿਚੋਂ ਛਪੇ ਸਰੂਪਾਂ ਦਾ ਰਿਕਾਰਡ ਮਿਲਾਣ ਕਰ ਰਹੇ ਹਨ। ਸ਼੍ਰੋਮਣੀ ਕਮੇਟੀ ਦੇ ਦੋਵਾਂ ਸੈਕਸ਼ਨਾਂ ਵਿਚ ਤਕਰੀਬਨ 800 ਦੇ ਕਰੀਬ ਗੁਰਦੁਆਰੇ ਹਨ, ਜਿਨ੍ਹਾਂ ਵਿਚ ਜਾਂਚ ਕੀਤੀ ਜਾਵੇਗੀ। ਸੂਤਰਾਂ ਮੁਤਾਬਕ ਕੁਝ ਸਰੂਪ ਕਮੇਟੀ ਦੇ ਪਬਲੀਕੇਸ਼ਨ ਵਿਭਾਗ ਵਿਚੋਂ ਛਪੇ ਹੋਏ ਕੁਝ ਗੁਰਦੁਆਰਿਆਂ ਵਿਚੋਂ ਮਿਲੇ ਹਨ, ਜਿਨ੍ਹਾਂ ਪ੍ਰਤੀ ਆਸ ਹੈ, ਇਹ ਉਹੀ 328 ਪਾਵਨ ਸਰੂਪਾਂ ਵਿਚੋਂ ਹੋ ਸਕਦੇ ਹਨ। ਇਥੇ ਇਹ ਵੀ ਦੱਸਣਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵਲੋਂ ਸੰਗਤਾਂ ਦੀ ਮੰਗ ਅਨੁਸਾਰ ਸਰੂਪ ਛਾਪਣ ਦੀ ਆਗਿਆ ਦਿੱਤੀ ਜਾਂਦੀ ਹੈ, ਜਿਸ ਦੀ ਆਗਿਆ ਦੇ ਨਾਲ ਆਰਡਰ ਨੰਬਰ ਰਾਹੀਂ ਸਰੂਪਾਂ ਤੇ ਸੀਰੀਅਲ ਨੰਬਰ ਛਾਪੇ ਜਾਂਦੇ ਹਨ। ਵੱਖ-ਵੱਖ ਸਮੇਂ ਵਿਚ ਹੋਏ ਇਨ੍ਹਾਂ ਆਰਡਰਾਂ ਦੇ ਸੀਨੀਅਰ ਨੰਬਰਾਂ ਵਿਚੋਂ 328 ਪਾਵਨ ਸਰੂਪਾਂ ਦੇ ਸੀਰੀਅਲ ਨੰਬਰ ਘੱਟ ਹੋਣ ਕਾਰਨ ਹੀ ਇਹ ਮਾਮਲਾ ਸਾਹਮਣੇ ਆਇਆ ਸੀ। ਇਥੇ ਇਹ ਦੱਸਣਯੋਗ ਹੈ ਕਿ ਇਹ ਮਾਮਲਾ ਉਜਾਗਰ ਹੋਣ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ 17 ਜੁਲਾਈ ਨੂੰ ਇਕ ਜਾਂਚ ਕਮੇਟੀ ਬਣਾਈ ਸੀ, ਜਿਸ ਦੀ ਰਿਪੋਰਟ ਜਾਂਚ ਕਮੇਟੀ ਵਲੋਂ ਡਾ. ਈਸ਼ਰ ਸਿੰਘ ਨੇ ਪੰਜ ਸਿੰਘ ਸਾਹਿਬ ਨੂੰ 24 ਅਗਸਤ ਵਾਲੀ ਮੀਟਿੰਗ ਵਿਚ ਸੌਪੀ ਸੀ। ਜਥੇਦਾਰ ਦੇ ਕਹਿਣ ਤੇ 27 ਅਗਸਤ ਨੂੰ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਰਿਪੋਰਟ ਦੇ ਅਧਾਰ ਤੇ 16 ਮੁਲਾਜਮਾਂ, ਅਧਿਕਾਰੀਆਂ ਅਤੇ ਠੇਕੇ ਤੇ ਕੰਮ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਸੀ ਅਤੇ ਕੁਝ ਤੇ ਫੌਜਧਾਰੀ ਪਰਚਾ ਦਰਜ ਕਰਕੇ ਕਾਨੂੰਨੀ ਕਾਰਵਾਈ ਦਾ ਮਤਾ ਵੀ ਪਾਇਆ ਸੀ। ਜਿਸ ਤੋਂ ਬਾਅਦ 5 ਸਤੰਬਰ ਨੂੰ ਮੁੜ ਅੰਤ੍ਰਿੰਗ ਕਮੇਟੀ ਨੇ ਕਾਨੂੰਨੀ ਕਾਰਵਾਈ ਨਾ ਕਰਨ ਅਤੇ ਆਪਣੇ ਪੱਧਰ ਤੇ ਸਰੂਪਾਂ ਦੀ ਭਾਲ ਕਰਨ ਦੀ ਗੱਲ ਕਹੀ ਸੀ। ਇਸੇ ਮਤੇ ਦਾ ਹਿੱਸਾ ਹੈ ਕਿ ਬੀਬੀ ਜਗੀਰ ਕੌਰ ਸਮੇਤ ਟੀਮ ਸਰੂਪਾਂ ਦੀ ਭਾਲ ਲਈ ਜੁਟੀ ਹੋਈ ਹੈ। ਇਥੇ ਇਹ ਵੀ ਦੱਸ ਦਈਏ ਕਿ ਸ਼੍ਰੋਮਣੀ ਕਮੇਟੀ ਦੇ ਦਫਤਰ ਦੇ ਬਾਹਰ ਕੁਝ ਪੰਥਕ ਜਥੇਬੰਦੀਆਂ ਵਲੋਂ 14 ਸਤੰਬਰ ਤੋਂ ਸ਼੍ਰੋਮਣੀ ਕਮੇਟੀ ਪਾਸੋਂ ਸਰੂਪ ਕਿੱਥੇ ਹਨ, ਕਿਸ ਨੇ ਦਿੱਤੇ ਅਤੇ ਕਿਸ ਦੇ ਕਹਿਣ ਤੇ ਦਿੱਤੇ ਇਹ ਮੰਗ ਰੱਖ ਕੇ ਲਗਾਤਾਰ ਧਰਨਾ ਲਗਾਇਆ ਹੋਇਆ ਹੈ। ਇਸੇ ਦਰਮਿਆਨ 17 ਸਤੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੰਥਕ ਜਥੇਬੰਦੀਆਂ ਨੇ ਇਕੱਠ ਕਰਕੇ ਪਾਵਨ ਸਰੂਪਾਂ ਦੇ ਨਾਲ ਹੋਈ ਛੇੜਖਾਨੀ ਅਤੇ ਸਰੂਪਾਂ ਦੀਆਂ ਭੇਟਾ ਦੇ ਪੈਸੇ ਜਮ੍ਹਾ ਨਾ ਕਰਵਾਉਣ ਵਾਲਿਆਂ ਵਿਰੁੱਧ ਅਦਾਲਤ ਦਾ ਸਹਾਰਾ ਲੈਣ ਦਾ ਵੀ ਮਤਾ ਪਾਸ ਕੀਤਾ ਸੀ। 18 ਸਤੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਾਹਿਬ ਵਲੋਂ ਮੌਜੂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੂੰ 328 ਪਾਵਨ ਸਰੂਪਾਂ ਦੀ ਸੰਭਾਲ ਨਾ ਕਰ ਸਕਣ ਕਾਰਨ ਬੇਅਦਬੀ ਦੇ ਦੋਸ਼ੀ ਸਮਝਦਿਆਂ ਧਾਰਮਿਕ ਸਜਾ ਤਨਖਾਹ ਵੀ ਲਗਾਈ ਹੈ। ਇਥੇ ਇਹ ਵੀ ਦੱਸ ਦਈਏ ਕਿ ਸ਼੍ਰੋਮਣੀ ਕਮੇਟੀ ਵਲੋਂ 28 ਸਤੰਬਰ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਮੁੱਖ ਦਫਤਰ ਵਿਖੇ ਸਲਾਨਾ ਬਜਟ ਇਜਲਾਸ ਵੀ ਰੱਖਿਆ ਗਿਆ ਹੈ, ਜਿਸ ਵਿਚ ਇਹ ਮਾਮਲਾ ਭਖ ਸਕਦਾ ਹੈ।


Posted By: Jagjit Singh