ਅੰਮਿ੍ਤਪਾਲ ਸਿੰਘ, ਅੰਮਿ੍ਤਸਰ : ਚੀਫ਼ ਖ਼ਾਲਸਾ ਦੀਵਾਨ ਵੱਲੋਂ ਸਾਹਿਤਕਾਰ, ਆਧੁਨਿਕ ਕਵਿਤਾ ਦੇ ਪਿਤਾਮਾ ਕਵੀ ਅਤੇ ਚਿੰਤਕ ਭਾਈ ਵੀਰ ਸਿੰਘ ਦੇ ਜਨਮ ਦਿਨ ਮੌਕੇ ਸਮਾਗਮ ਕਰਵਾਇਆ ਗਿਆ। ਇਸ ਮੌਕੇ ੇ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਸਹਿਕਾਰਤਾ ਅਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਵੱਲੋਂ ਭਾਈ ਵੀਰ ਸਿੰਘ ਦਾ ਨਾਂ ਭਾਰਤ ਰਤਨ ਲਈ ਭੇਜਣ ਦੀ ਮੰਗ 'ਤੇ ਬੋਲਦਿਆਂ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਉਨ੍ਹਾਂ ਦਾ ਨਾਂ ਉਕਤ ਵੱਕਾਰੀ ਐਵਾਰਡ ਲਈ ਭੇਜੇਗੀ।

ਉਨ੍ਹਾਂ ਕਿਹਾ ਕਿ ਉਹ ਖ਼ੁਦ ਇਹ ਮਾਮਲਾ ਮੁੱਖ ਮੰਤਰੀ ਕੈਪਟਨ ਅਮਿਰੰਦਰ ਸਿੰਘ ਨਾਲ ਵਿਚਾਰਣਗੇ। ਉਨ੍ਹਾਂ ਕਿਹਾ ਕਿ ਅਫਸੋਸ ਵਾਲੀ ਗੱਲ ਹੈ ਕਿ ਭਾਈ ਵੀਰ ਸਿੰਘ ਨੂੰ ਉਹ ਮਾਣ-ਸਤਿਕਾਰ ਕੌਮ ਅਤੇ ਸਰਕਾਰਾਂ ਵੱਲੋਂ ਨਹੀਂ ਦਿੱਤਾ ਗਿਆ, ਜਿਸ ਦੇ ਉਹ ਹੱਕਦਾਰ ਸਨ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਪੰਜਾਬੀਅਤ ਦੇ ਝੰਡਾ ਬਰਦਾਰ ਰਹੇ ਭਾਈ ਵੀਰ ਸਿੰਘ ਦਾ ਅਸਲ ਸਨਮਾਨ ਇਹੀ ਹੈ ਕਿ ਆਪਾਂ ਸਾਰੇ ਉਨ੍ਹਾਂ ਵੱਲੋਂ ਰਚੇ ਸਾਹਿਤ ਨੂੰ ਪੜ੍ਹੀਏ ਅਤੇ ਜਿੰਨਾ ਹਲਾਤਾਂ 'ਚ ਉਨ੍ਹਾਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਉੱਚਾ ਚੁੱਕਣ ਲਈ ਯਤਨ ਕੀਤਾ, ਉਸ ਲੋੜ ਨੂੰ ਅੱਜ ਸਮਝਦੇ ਹੋਏ ਦੇਸ਼ ਤੇ ਕੌਮ ਲਈ ਆਪਣਾ ਯੋਗਦਾਨ ਪਾਈਏ। ਉਨ੍ਹਾਂ ਸਮਾਗਮ 'ਚ ਬੈਠੇ ਸਕੂਲ ਮੁਖੀਆਂ, ਵਿਦਵਾਨਾਂ ਤੇ ਅਧਿਆਪਕਾਂ ਨੂੰ ਮੁਖਾਤਿਬ ਹੁੰਦੇ ਕਿਹਾ ਕਿ ਪੰਜਾਬ ਦਾ ਭਵਿੱਖ ਬਣਾਉਣ ਲਈ ਤਹਾਨੂੰ ਸਾਰਿਆਂ ਨੂੰ ਅੱਗੇ ਆਉਣਾ ਪਵੇਗਾ ਅਤੇ ਤੁਸੀਂ ਹੀ ਮੁੜ ਭਾਈ ਵੀਰ ਸਿੰਘ ਜਿਹੇ ਵਿਦਵਾਨ ਤੇ ਭਗਤ ਸਿੰਘ ਵਰਗੇ ਸੂਰਮੇ ਪੈਦਾ ਕਰ ਸਕਦੇ ਹੋ।

ਉਨ੍ਹਾਂ ਕਿਹਾ ਕਿ ਅਸੀਂ ਗੁਰੂ ਨਾਨਕ ਸਾਹਿਬ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ ਹੈ, ਖੁਸ਼ੀ ਹੈ ਕਿ ਉਨ੍ਹਾਂ ਦਾ ਸੰਦੇਸ਼ ਘਰ-ਘਰ ਪੁੱਜਾ ਹੈ। ਪਰ ਲੋੜ ਹੈ ਕਿ ਅਸੀਂ ਉਨ੍ਹਾਂ ਦੇ ਸੰਦੇਸ਼ ਕਿਰਤ ਕਰੋ ਅਤੇ ਵੰਡ ਛਕੋ ਦੇ ਸਿਧਾਂਤ ਨੂੰ ਨਿੱਜੀ ਜ਼ਿੰਦਗੀ 'ਚ ਲਾਗੂ ਕਰੀਏ। ਉਨ੍ਹਾਂ ਕਿਹਾ ਕਿ ਉਹ ਜਾਗਰੂਕ, ਸੱਚੀ ਅਤੇ ਸੁੱਚੀ ਰੂਹ ਸਨ। ਉਨ੍ਹਾਂ ਚੀਫ਼ ਖ਼ਾਲਸਾ ਦੀਵਾਨ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਅਖਿਤਆਰੀ ਕੋਟੇ 'ਚੋਂ ਦੀਵਾਨ ਨੂੰ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ।

ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਨੇ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਵਾਉਣ ਲਈ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ। ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਐੱਸਪੀ ਸਿੰਘ ਨੇ ਵੀ ਭਾਈ ਵੀਰ ਸਿੰਘ ਦੀ ਸਾਹਿਤਕ ਦੇਣ ਨੂੰ ਚੇਤੇ ਕਰਦੇ ਉਨ੍ਹਾਂ ਵੱਲੋਂ ਜਗਾਈ ਜੋਤ ਨੂੰ ਜੱਗਦੇ ਰੱਖਣ ਲਈ ਸਾਰੀਆਂ ਧਿਰਾਂ ਨੂੰ ਸਰਗਰਮ ਹੋਣ ਦਾ ਸੱਦਾ ਦਿੱਤਾ। ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਨੇ ਇਸ ਮੌਕੇ ਸਾਰਿਆਂ ਦਾ ਧੰਨਵਾਦ ਕਰਦੇ ਡੇਰਾ ਬਾਬਾ ਨਾਨਕ ਵਿਚ ਚੀਫ਼ ਖ਼ਾਲਸਾ ਦੀਵਾਨ ਵੱਲੋਂ ਅਤਿ ਆਧੁਨਿਕ ਸਕੂਲ ਖੋਲ੍ਹਣ ਦਾ ਐਲਾਨ ਵੀ ਜੈਕਾਰਿਆਂ ਦੀ ਗੂੰਜ 'ਚ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸਾਬਕਾ ਮਤੰਰੀ ਸ਼ਵਿੰਦਰ ਸਿੰਘ ਕੱਥੂਨੰਗਲ, ਦਿਹਾਤੀ ਕਾਂਗਰਸ ਦੇ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ, ਵੇਰਕਾ ਦੇ ਜੀਐੱਮ ਹਰਜਿੰਦਰ ਸਿੰਘ ਮਰਹਾਣਾ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।