ਮਨਜੋਤ ਸਿੰਘ ਕੰਗ, ਅੰਮਿ੍ਤਸਰ : ਕੋੋਰੋਨਾ ਮਹਾਮਾਰੀ ਦੇ ਭਿਆਨਕ ਦੌਰ ਵਿਚ ਸਾਨੂੰ ਲੋੜ ਹੈ ਵਾਤਾਵਰਨ ਨੂੰ ਸਾਫ਼ ਤੇ ਹਰਿਆ-ਭਰਿਆ ਰੱਖਣ ਦੀ। ਅੱਜ ਕੋਰੋਨਾ ਦੇ ਮਰੀਜ਼ਾਂ ਨੂੰ ਆਕਸੀਜਨ ਦੀ ਸਖ਼ਤ ਲੋੜ ਹੈ ਅਤੇ ਅਜਿਹੀ ਸਾਫ਼ ਤੇ ਸ਼ੁੱਧ ਆਕਸੀਜਨ ਸਾਨੂੰ ਹਰਿਆਵਲ ਤੋਂ ਮਿਲ ਸਕਦੀ ਹੈ। ਇਹ ਵਿਚਾਰ ਐਡਵੋਕੇਟ ਵਿਸ਼ਾਖਾ ਵੈਦ ਨੇ ਗੱਲਬਾਦ ਦੌਰਾਨ ਸਾਂਝੇ ਕਰਦਿਆਂ ਦੱਸਿਆ ਕਿ ਕੋਰੋਨਾ ਮਹਾਮਾਰੀ ਲਈ ਸਿੱਧੇ ਤੌਰ 'ਤੇ ਅਸੀਂ ਖ਼ੁਦ ਦੋਸ਼ੀ ਹਾਂ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਵਿਚ ਵਾਧਾ ਹੋਣ ਦਾ ਵੱਡਾ ਕਾਰਨ ਇਹ ਵੀ ਹੈ ਕਿ ਅਸੀਂ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਨੂੰ ਨਹੀਂ ਮੰਨਿਆ ਅਤੇ ਭੀੜ-ਭਾੜ ਵਾਲੇ ਇਲਾਕਿਆਂ ਵਿਚ ਵੀ ਬਿਨਾਂ ਮਾਸਕ ਦੇ ਘੁੰਮਦੇ ਰਹੇ। ਵਿਸ਼ਾਖਾ ਵੈਦ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਬਿਮਾਰੀ ਤੋਂ ਬਚਣ ਲਈ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕੋਰੋਨਾ ਵੈਕਸੀਨ ਇਸ ਭਿਆਨਕ ਵਾਇਰਸ ਸਾਹਮਣੇ ਇਕ ਢਾਲ ਦਾ ਕੰਮ ਕਰਦੀ ਹੈ, ਤਾਂ ਜੋ ਸਾਡਾ ਸਰੀਰ ਵਾਇਰਸ ਨਾਲ ਲੜਣ ਦੇ ਕਾਬਲ ਹੋ ਸਕੇ। ਇਸ ਲਈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਵੱਧ ਤੋਂ ਵੱਧ ਵੈਕਸੀਨ ਲਗਵਾ ਕੇ ਕੋਰੋਨਾ ਮਹਾਮਾਰੀ ਨੂੰ ਖ਼ਤਮ ਕਰਨ 'ਚ ਸੂਬਾ ਸਰਕਾਰ ਤੇ ਪ੍ਰਸ਼ਾਸਨ ਦਾ ਸਾਥ ਦਈਏ।