ਪੱਤਰ ਪ੍ਰਰੇਰਕ, ਤਰਨਤਾਰਨ : ਪਿੰਡ ਦਲਾਵਰਪੁਰ 'ਚ ਮੋਬਾਈਲ ਟਾਵਰ 'ਚ ਲੱਗੀਆਂ ਬੈਟਰੀਆਂ ਅਣਪਛਾਤੇ ਵਿਅਕਤੀਆਂ ਵੱਲੋਂ ਚੋਰੀ ਕਰ ਲਈਆਂ ਗਈਆਂ। ਇਸ ਸਬੰਧੀ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਅਣਪਛਾਤੇ ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਸਵਰਨ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਰਾਹਲ ਚਾਹਲ ਨੇ ਕਿਹਾ ਕਿ ਉਹ ਏਅਰਟੈੱਲ, ਆਈਡੀਆ ਅਤੇ ਵੋਡਾਫੋਨ ਦੇ ਟਾਵਰ 'ਤੇ ਬਤੌਰ ਸਕਿਓਰਿਟੀ ਸੁਪਰਵਾਈਜ਼ਰ ਲੱਗਾ ਹੋਇਆ ਹੈ। ਉਹ ਟੀਮ ਸਮੇਤ ਰਾਤ 2.30 ਵਜੇ ਟਾਵਰਾਂ ਦੀ ਚੈਕਿੰਗ ਕਰ ਰਹੇ ਸਨ। ਜਦੋਂ ਉਹ ਪਿੰਡ ਦਲਾਵਰਪੁਰ ਟਾਵਰ ਨੇੜੇ ਪੁੱਜੇ ਤਾਂ ਕੁਝ ਅਣਪਛਾਤੇ ਵਿਅਕਤੀ ਉਨ੍ਹਾਂ ਨੂੰ ਵੇਖ ਕੇ ਸਵਿਫਟ ਕਾਰ ਪੀਬੀ69ਏ 5007 'ਚ ਬੈਠ ਕੇ ਭੱਜ ਗਏ। ਜਾਂਚ ਕਰਨ 'ਤੇ ਵੇਖਿਆ ਤਾਂ ਅਣਪਛਾਤੇ ਵਿਅਕਤੀ ਟਾਵਰ ਅੰਦਰੋਂ ਦੋ ਬੈਟਰੀ ਸੈੱਟ ਚੋਰੀ ਕਰ ਕੇ ਲੈ ਗਏ। ਮਾਮਲੇ ਦੀ ਜਾਂਚ ਕਰ ਰਹੀ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।