ਜੇਐੱਨਐੱਨ, ਅੰਮਿ੍ਤਸਰ : ਕਾਂਗਰਸੀ ਕੌਂਸਲਰ ਗੁਰਦੀਪ ਸਿੰਘ ਪਹਿਲਵਾਨ ਹੱਤਿਆਕਾਂਡ 'ਚ ਸਿਵਲ ਲਾਈਨ ਥਾਣੇ ਦੀ ਪੁਲਿਸ ਨੇ ਖ਼ਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆ ਗਿਰੋਹ ਦੇ ਇਕ ਹੋਰ ਮੈਂਬਰ ਨੂੰ ਸ਼ਨਿਚਰਵਾਰ ਨੂੰ ਗਿ੍ਫ਼ਤਾਰ ਕਰ ਲਿਆ ਹੈ।

ਫੜੇ ਗਏ ਮੁਲਜ਼ਮ ਵਰਿੰਦਰ ਸਿੰਘ ਉਰਫ਼ ਫ਼ਤਹਿ ਉਰਫ਼ ਸੰਨੀ ਨੇ ਆਪਣੇ ਸਾਥੀ ਮਨਦੀਪ ਸਿੰਘ ਉਰਫ਼ ਤੂਫ਼ਾਨ ਤੇ ਕਰਨ ਮਸਤੀ (ਮਰ ਚੁੱਕਾ) ਨਾਲ ਮਿਲ ਕੇ 3 ਜੂਨ 2018 ਦੀ ਸ਼ਾਮ ਗੋਲਬਾਗ਼ ਕੋਲ ਦੰਗਲ 'ਚ ਗੋਲ਼ੀਆਂ ਮਾਰ ਕੇ ਪਹਿਲਵਾਨ ਦੀ ਹੱਤਿਆ ਕਰ ਦਿੱਤੀ ਸੀ। ਥਾਣਾ ਇੰਚਾਰਜ ਸ਼ਿਵ ਦਰਸ਼ਨ ਨੇ ਦੱਸਿਆ ਕਿ ਮਨਦੀਪ ਸਿੰਘ ਉਰਫ਼ ਤੂਫ਼ਾਨ ਦੀ ਗਿ੍ਫ਼ਤਾਰੀ ਲਈ ਪੁਲਿਸ ਛਾਪਾਮਾਰੀ ਕਰ ਰਹੀ ਹੈ।

ਪੁਲਿਸ ਨੇ ਹੁਣ ਮੁਲਜ਼ਮਾਂ ਦੀ ਪਛਾਣ ਬਟਾਲਾ ਦੇ ਡੇਰਾ ਰੋਡ ਕਿਲ੍ਹਾ ਲਾਲ ਸਿੰਘ ਦੇ ਸੁੰਦਰ ਨਗਰ ਦੇ ਰਹਿਣ ਵਾਲੇ ਵਰਿੰਦਰ ਸਿੰਘ ਉਰਫ਼ ਫ਼ਤਹਿ ਉਰਫ਼ ਸੰਨੀ ਤੇ ਸੁੰਦਰ ਨਗਰ ਨਿਵਾਸੀ ਮਨਦੀਪ ਸਿੰਘ ਉਰਫ਼ ਤੂਫ਼ਾਨ ਦੇ ਰੂਪ 'ਚ ਦੱਸੀ ਹੈ। ਕੁਝ ਦਿਨ ਪਹਿਲਾਂ ਬਟਾਲਾ ਪੁਲਿਸ ਨੇ ਕਿਸੇ ਮਾਮਲੇ 'ਚ ਵਰਿੰਦਰ ਸਿੰਘ ਨੂੰ ਗਿ੍ਫ਼ਤਾਰ ਕੀਤਾ ਸੀ।

ਪੁੱਛਗਿੱਛ 'ਚ ਮੁਲਜ਼ਮ ਨੇ ਗੁਰਦੀਪ ਪਹਿਲਵਾਨ ਹੱਤਿਆਕਾਂਡ ਦਾ ਖ਼ੁਲਾਸਾ ਕੀਤਾ ਸੀ। ਹੁਣ ਸਿਵਲ ਲਾਈਨ ਪੁਲਿਸ ਨੇ ਉਕਤ ਮੁਲਜ਼ਮ ਨੂੰ ਪੋ੍ਡਕਸ਼ਨ ਵਾਰੰਟ 'ਤੇ ਗਿ੍ਫ਼ਤਾਰ ਕਰ ਕੇ ਪੁੱਛਗਿੱਛ ਕੀਤੀ ਤਾਂ ਵਰਿੰਦਰ ਸਿੰਘ ਨੇ ਪੁਲਿਸ ਹਿਰਾਸਤ 'ਚ ਸਵੀਕਾਰ ਕੀਤਾ ਕਿ ਹੱਤਿਆਕਾਂਡ ਤੋਂ ਕੁਝ ਦਿਨ ਪਹਿਲਾਂ ਜੇਲ੍ਹ 'ਚ ਬੰਦ ਜੱਗੂ ਗੈਂਗਸਟਰ ਨੇ ਵ੍ਹਟਸਐਪ ਕਾਲ ਰਾਹੀਂ ਉਸ ਨੂੰ ਦੱਸਿਆ ਸੀ ਕਿ ਉਹ ਗੁਰਦੀਪ ਪਹਿਲਵਾਨ ਦੀ ਹੱਤਿਆ ਕਰ ਦੇਵੇ।

ਇਸ ਕੰਮ ਦਾ ਜ਼ਿੰਮਾ ਵੈਸੇ ਉਸ ਨੇ ਗੈਂਗਸਟਰ ਕਰਨ ਮਸਤੀ ਤੇ ਅੰਗਰੇਜ਼ ਸਿੰਘ ਨੂੰ ਸੌਂਪਿਆ ਸੀ। ਪਰ ਉਸ ਨੂੰ ਯਕੀਨ ਨਹੀਂ ਹੈ ਕਿ ਉਹ ਦੋਵੇਂ ਗੁਰਦੀਪ ਦੀ ਹੱਤਿਆ ਕਰ ਸਕਣਗੇ ਜਾਂ ਨਹੀਂ। ਇਹ ਸੰਦੇਸ਼ ਮਿਲਦੇ ਹੀ ਵਰਿੰਦਰ ਸਿੰਘ ਆਪਣੇ ਸਾਥੀ ਮਨਦੀਪ ਸਿੰਘ ਨਾਲ ਬੱਸ 'ਚ ਸਵਾਰ ਹੋ ਕੇ 3 ਜੂਨ ਨੂੰ 2018 ਨੂੰ ਅੰਮਿ੍ਤਸਰ ਪਹੁੰਚ ਗਿਆ ਸੀ। ਉੱਥੇ ਉਸ ਨੂੰ ਕਰਨ ਮਸਤੀ ਤੇ ਅੰਗਰੇਜ਼ ਸਿੰਘ ਵੀ ਮਿਲੇ ਸਨ। ਉਨ੍ਹਾਂ ਕੋਲ ਚਾਰ ਪਿਸਤੌਲ ਸਨ। ਸਾਰੇ ਲੋਕਾਂ ਨੇ ਇਕ-ਇਕ ਪਿਸਤੌਲ ਵੰਡ ਲਈ ਤੇ ਗੋਲਬਾਗ਼ ਕੋਲ ਚੱਲ ਰਹੇ ਦੰਗਲ 'ਚ ਪਹੁੰਚ ਗਏ।

ਮੁਲਜ਼ਮ ਨੇ ਸਵੀਕਾਰ ਕੀਤਾ ਕਿ ਦੰਗਲ ਦੇ ਬਾਹਰ ਕਰਨ ਮਸਤੀ ਦੇ ਕੁਝ ਜਾਣ ਪਛਾਣ ਵਾਲੇ ਨੌਜਵਾਨ ਖੜ੍ਹੇ ਸਨ। ਉਕਤ ਨੌਜਵਾਨਾਂ ਨੇ ਮਸਤੀ ਨੂੰ ਦੱਸਿਆ ਕਿ ਗੁਰਦੀਪ ਪਹਿਲਵਾਨ ਅੰਦਰ ਦੰਗਲ ਦੇਖ ਰਿਹਾ ਹੈ। ਇਸ ਤੋਂ ਬਾਅਦ ਅੰਗਰੇਜ਼ ਬਾਹਰ ਮੋਟਰਸਾਈਕਲ ਕੋਲ ਖੜ੍ਹਾ ਰਿਹਾ ਤੇ ਤਿੰਨਾਂ ਨੇ ਅੰਦਰ ਜਾ ਕੇ ਗੁਰਦੀਪ ਨੂੰ ਸੰਦੇਸ਼ ਭੇਜਿਆ। ਗੁਰਦੀਪ ਜਿਵੇਂ ਹੀ ਦੰਗਲ ਤੋਂ ਬਾਹਰ ਆਇਆ ਤਾਂ ਕਰਨ ਮਸਤੀ, ਵਰਿੰਦਰ ਸਿੰਘ ਤੇ ਮਨਦੀਪ ਸਿੰਘ ਨੇ ਉਸ ਦੀ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ।