ਜੇਐੱਨਐੱਨ, ਅੰਮ੍ਰਿਤਸਰ : ਆਮ ਆਦਮੀ ਪਾਰਟੀ ਦੇ ਆਗੂ ਰਾਜੀਵ ਭਗਤ ਨੂੰ 15 ਕਰੋੜ ਦੀਆਂ ਪਾਬੰਦੀਸ਼ੁਦਾ ਦਵਾਈਆਂ ਦੇ ਮਾਮਲੇ ਵਿਚ ਅਦਾਲਤ ਵੱਲੋਂ ਅੰਤਿ੍ਮ ਜ਼ਮਾਨਤ ਮਿਲਣ ਨਾਲ ਪੁਲਿਸ ਜਾਂਚ ਨੂੰ ਝਟਕਾ ਲੱਗਾ ਹੈ।

ਵਿਧਾਨ ਸਭਾ ਚੋਣ ਵਿਚ ਪੱਛਮੀ ਹਲਕੇ ਲਈ ਦਾਅਵੇਦਾਰ ਰਾਜੀਵ ਭਗਤ ਦੀ ਗਿ੍ਫ਼ਤਾਰੀ ਲਈ ਜਿੱਥੇ ਪੁਲਿਸ ਛਾਪੇਮਾਰੀ ਕਰ ਰਹੀ ਸੀ, ਉਥੇ ਮੁਲਜ਼ਮ ਨੇ ਅਦਾਲਤ ਵਿਚ ਜ਼ਮਾਨਤ ਦੀ ਅਰਜ਼ੀ ਦਾਖ਼ਲ ਕਰ ਦਿੱਤੀ। ਹਾਈ-ਪ੍ਰੋਫਾਈਲ ਮਾਮਲੇ ’ਤੇ ਗੌਰ ਕਰਦੇ ਹੋਏ ਅਦਾਲਤ ਨੇ ਮੁਲਜ਼ਮ ਦੀ ਅੰਤਿ੍ਮ ਜ਼ਮਾਨਤ ਸਵੀਕਾਰ ਕਰਦੇ ਹੋਏ ਮੱਤੇਵਾਲ ਥਾਣੇ ਦੀ ਪੁਲਿਸ ਨੂੰ ਆਦੇਸ਼ ਦਿੱਤਾ ਹੈ ਕਿ ਉਹ ਉਸ ਨੂੰ ਜਾਂਚ ਵਿਚ ਸ਼ਾਮਲ ਕਰੇ।

ਉੱਧਰ ਮੱਤੇਵਾਲ ਥਾਣੇ ਦੇ ਐੱਸਐੱਚਓ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਰਾਜੀਵ ਭਗਤ ਕੋਲੋਂ ਕਈ ਸਵਾਲ ਪੁੱਛੇ ਜਾਣੇ ਹਨ। ਜੇਕਰ ਉਹ ਜਾਂਚ ਵਿਚ ਸ਼ਾਮਲ ਹੁੰਦੇ ਹਨ ਤਾਂ ਕਈ ਭੇਤਾਂ ਤੋਂ ਪਰਦਾ ਚੁੱਕਿਆ ਜਾਵੇਗਾ।

ਜਾਣਕਾਰੀ ਮੁਤਾਬਕ ਮੱਤੇਵਾਲ ਥਾਣੇ ਦੀ ਪੁਲਿਸ ਨੇ ਕੁਝ ਦਿਨ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਪਾਊਂਟਾ ਸਾਹਿਬ ਤੋਂ ਪਾਬੰਦੀਸ਼ੁਦਾ ਦਵਾਈ ਟਰਾਮਾਡੋਲ ਦੀ ਫੈਕਟਰੀ ਫੜੀ ਸੀ। ਉੱਥੋਂ 15 ਕਰੋੜ ਦੀਆਂ ਪਾਬੰਦੀਸ਼ੁਦਾ ਦਵਾਈਆਂ ਬਰਾਮਦ ਕਰ ਕੇ ਦਰਜਨ ਦੇ ਕਰੀਬ ਗਿ੍ਫ਼ਤਾਰੀਆਂ ਕੀਤੀਆਂ ਜਾ ਚੁੱਕੀਆਂ ਹਨ। ਮਨੀਸ਼ ਮੋਹਨ ਨਾਮ ਦਾ ਮੁਲਜ਼ਮ ਫੈਕਟਰੀ ਚਲਾ ਰਿਹਾ ਸੀ। ਇਸ ਤੋਂ ਬਾਅਦ ਪੁਲਿਸ ਨੇ ਦਿੱਲੀ ਵਿਚ ਛਾਪੇਮਾਰੀ ਕਰ ਕੇ ਪ੍ਰੇਮ ਕੁਮਾਰ ਨੂੰ ਗਿ੍ਰਫ਼ਤਾਰ ਕੀਤਾ ਸੀ। ਮਨੀਸ਼ ਮੋਹਨ ਤੇ ਪ੍ਰੇਮ ਕੁਮਾਰ ਦੀ ਗਿ੍ਫ਼ਤਾਰੀ ਤੋਂ ਬਾਅਦ ਪੁਲਿਸ ਨੇ ਅੰਮ੍ਰਿਤਸਰ ਦੇ ਕੱਟੜਾ ਸ਼ੇਰ ਸਿੰਘ ਦਵਾਈ ਮਾਰਕੀਟ ਤੋਂ ਸੰਨੀ ਸਿੰਘ ਤੇ ਮਨੂੰ ਚੌਹਾਨ ਨੂੰ ਗਿ੍ਫ਼ਤਾਰ ਕੀਤਾ ਸੀ। ਪੁਲਿਸ ਦਾ ਦਾਅਵਾ ਹੈ ਕਿ ਮੁਲਜ਼ਮਾਂ ਨੇ ਪੁੱਛਗਿੱਛ ਵਿਚ ਮੰਨਿਆ ਸੀ ਕਿ ਉਹ ਆਮ ਆਦਮੀ ਪਾਰਟੀ ਦੇ ਨੇਤਾ ਤੇ ਕਾਂਗਰਸ ਦੇ ਸਾਬਕਾ ਨੇਤਾ ਰਾਜੀਵ ਭਗਤ ਦੇ ਇਸ਼ਾਰੇ ’ਤੇ ਸੂਬੇ ਦੇ ਕਈ ਹਿੱਸਿਆਂ ਵਿਚ ਪਾਬੰਦੀਸ਼ੁਦਾ ਦਵਾਈਆਂ ਦਾ ਕਾਰੋਬਾਰ ਕਰ ਰਹੇ ਹਨ।

ਇਸ ਤੋਂ ਬਾਅਦ ਮੱਤੇਵਾਲ ਥਾਣੇ ਦੀ ਪੁਲਿਸ ਨੇ 25 ਜੂਨ ਨੂੰ ਆਪ ਆਗੂ ਰਾਜੀਵ ਭਗਤ ਨੂੰ ਵੀ ਐੱਫਆਈਆਰ ਵਿਚ ਨਾਮਜ਼ਦ ਕਰ ਲਿਆ ਸੀ। ਉਦੋਂ ਤੋਂ ਮੁਲਜ਼ਮ ਅੰਡਰ ਗਰਾਊਂਡ ਚੱਲ ਰਿਹਾ ਸੀ। ਜ਼ਿਕਰਯੋਗ ਹੈ ਕਿ ਰਾਜੀਵ ਭਗਤ ਪੇਸ਼ੇ ਤੋਂ ਵਕੀਲ ਵੀ ਹਨ।

Posted By: Jagjit Singh