<

p> ਜੇਐੱਨਐੱਨ, ਅੰਮਿ੍ਤਸਰ : ਕੋਤਵਾਲੀ ਥਾਣੇ ਅਧੀਨ ਪੈਂਦੇ ਕਾਠੀਆਂ ਵਾਲਾ ਬਾਜ਼ਾਰ ਵਿਚ ਸਥਿਤ ਸੈਂਟਰਲ ਬੈਂਕ ਆਫ ਇੰਡੀਆ ਦੀ ਸ਼ਾਖਾ ਵਿੱਚ ਬੁੱਧਵਾਰ ਸਵੇਰੇ ਅੱਗ ਲੱਗ ਗਈ। ਜਦੋਂ ਤਕ ਰਾਹਤ ਅਭਿਆਨ ਚਲਾਇਆ ਜਾਂਦਾ, ਤਦ ਤੱਕ ਬੈਂਕ ਦੇ ਅੰਦਰ ਰੱਖਿਆ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਚੁੱਕਿਆ ਸੀ। ਫਾਇਰ ਵਿਭਾਗ ਦੀਆਂ ਦੋ ਗੱਡੀਆਂ ਨੇ ਪੌਣੇ ਘੰਟੇ ਦੀ ਮੁਸ਼ੱਕਤ ਦੇ ਬਾਅਦ ਅੱਗ 'ਤੇ ਕਾਬੂ ਪਾ ਲਿਆ। ਬਿਲਡਿੰਗ ਦੇ ਮਾਲਕ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਗਰਾਊਂਡ ਫਲੋਰ ਸੈਂਟਰਲ ਬੈਂਕ ਆਫ ਇੰਡੀਆ ਨੂੰ ਵੇਚ ਰੱਖਿਆ ਹੈ। ਬੁੱਧਵਾਰ ਸਵੇਰੇ ਗਲੀ ਵਿਚ ਕੁੱਝ ਲੋਕਾਂ ਨੇ ਅੱਗ ਲੱਗਣ ਦਾ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਜਦੋਂ ਉਹ ਹੇਠਾਂ ਪੁੱਜੇ ਤਾਂ ਉਨ੍ਹਾਂ ਨੇ ਦੇਖਿਆ ਕਿ ਬੈਂਕ ਦੇ ਸ਼ਟਰ 'ਚੋਂ ਧੂੰਆਂ ਨਿਕਲ ਰਿਹਾ ਸੀ। ਉਨ੍ਹਾਂ ਨੇ ਤੁਰੰਤ ਆਸਪਾਸ ਦੇ ਲੋਕਾਂ ਨੂੰ ਇਕੱਠੇ ਕਰ ਕੇ ਫਾਇਰ ਵਿਭਾਗ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ। ਰਾਕੇਸ਼ ਕੁਮਾਰ ਨੇ ਦੱਸਿਆ ਇਲਾਕੇ ਦੇ ਲੋਕਾਂ ਨੇ ਆਪਣੇ ਪੱਧਰ 'ਤੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਬੈਂਕ ਦੇ ਅੰਦਰ ਤੋਂ ਅੱਗ ਦੀਆਂ ਲਪਟਾਂ ਵਧਣੀਆਂ ਸ਼ੁਰੂ ਹੋ ਚੁੱਕੀਆਂ ਸੀ। 15 ਮਿੰਟ ਦੇ ਅੰਦਰ ਫਾਇਰ ਬਿ੍ਗੇਡ ਦੀ ਦੋ ਗੱਡੀਆਂ ਘਟਨਾ ਸਥਾਨ 'ਤੇ ਪਹੁੰਚ ਗਈਆਂ ਅਤੇ ਅੱਗ 'ਤੇ ਪਾਣੀ ਦੀਆਂ ਵਾਛੜਾਂ ਕੀਤੀਆਂ ਜਾਣ ਲੱਗੀਆਂ। ਲਗਪਗ ਪੌਣੇ ਘੰਟੇ ਬਾਅਦ ਅੱਗ 'ਤੇ ਕਾਬੂ ਪਾ ਲਿਆ ਗਿਆ ਲੇਕਿਨ ਤੱਦ ਤੱਕ ਬੈਂਕ ਦਾ ਸਾਰਾ ਫਰਨੀਚਰ, ਸਟੇਸ਼ਨਰੀ, ਏਸੀ, ਪੱਖੇ ਆਦਿ ਸੜ ਕੇ ਸੁਆਹ ਹੋ ਚੁੱਕੇ ਸਨ। ਪੁਲਿਸ ਅਧਿਕਾਰੀਆਂ ਨੇ ਸ਼ੱਕ ਜਾਹਰ ਕੀਤਾ ਹੈ ਕਿ ਅੱਗ ਸ਼ਾਰਟ ਸਰਕਟ ਨਾਲ ਲੱਗੀ ਹੈ। ਏਡੀਸੀਪੀ ਜਸਵੰਤ ਕੌਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਹੈ।