ਜੇਐੱਨਐੱਨ, ਤਰਨਤਾਰਨ: ਸ਼ੌਰੀਆ ਚੱਕਰ ਜੇਤੂ ਕਾਮਰੇਡ ਬਲਵਿੰਦਰ ਸਿੰਘ ਦੇ ਕਤਲ ਮਾਮਲੇ ਵਿਚ ਸੋਮਵਾਰ ਨੂੰ ਦਿੱਲੀ ਤੋਂ ਕਾਬੂ ਕੀਤੇ ਬੱਬਰ ਖ਼ਾਲਸਾ ਦੇ ਦੋ ਅੱਤਵਾਦੀਆਂ ਗੁਰਜੀਤ ਸਿੰਘ ਤੇ ਸੁਖਦੀਪ ਸਿੰਘ ਦੀ ਗਿ੍ਫ਼ਤਾਰੀ ਮਗਰੋਂ ਪੰਜਾਬ ਪੁਲਿਸ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ।

ਪੁਲਿਸ ਵਾਰ-ਵਾਰ ਦਾਅਵਾ ਕਰਦੀ ਰਹੀ ਹੈ ਕਿ ਕਤਲ ਦੇ ਪਿੱਛੇ ਕਿਸੇ ਅੱਤਵਾਦੀ ਜਥੇਬੰਦੀ ਦਾ ਹੱਥ ਨਹੀਂ ਹੈ ਪਰ ਹੁਣ ਦੋਵਾਂ ਦੇ ਹਿਜ਼ਬੁਲ ਮੁਜਾਹਿਦੀਨ ਦੇ ਅੱਤਵਾਦੀਆਂ ਨਾਲ ਫੜੇ ਜਾਣ ਮਗਰੋਂ ਪੁਲਿਸ ਦੀ ਜਾਂਚ 'ਤੇ ਸਵਾਲ ਉੱਠ ਰਹੇ ਹਨ।

ਗ਼ੌਰਤਲ਼ਬ ਹੈ ਕਿ ਭਿੱਖੀਵਿੰਡ ਵਾਸੀ ਕਾਮਰੇਡ ਬਲਵਿੰਦਰ ਦਾ ਕਤਲ ਲੰਘੀ 16 ਅਕਤੂਬਰ ਨੂੰ ਉਨ੍ਹਾਂ ਦੇ ਘਰ ਵਿਚ ਗੋਲੀਆਂ ਮਾਰ ਕੇ ਕੀਤਾ ਗਿਆ ਸੀ।

ਗੁਰਦਾਸਪੁਰ ਦੇ ਪਿੰਡ ਲਖਨਪਾਲ ਦੇ ਵਸਨੀਕ ਗੁਰਜੀਤ ਸਿੰਘ ਨੇ ਬਲਵਿੰਦਰ ਦੇ ਘਰ ਵਿਚ ਦਾਖ਼ਲ ਹੋ ਕੇ ਗੋਲੀਆਂ ਚਲਾਈਆਂ ਸਨ। ਜਦਕਿ ਗੁਰਦਾਸਪੁਰ ਦੇ ਖਰਲ ਪਿੰਡ ਦਾ ਸੁਖਦੀਪ ਬਾਈਕ ਸਟਾਰਟ ਕਰ ਕੇ ਬਾਹਰ ਖੜ੍ਹਾ ਸੀ। ਕਤਲ ਕਰਨ ਮਗਰੋਂ ਦੋਵੇਂ ਲੁਧਿਆਣੇ ਵਾਲੇ ਪਾਸੇ ਦੌੜ ਗਏ ਸਨ। ਵਾਰਦਾਤ ਤੋਂ ਤੁਰੰਤ ਬਾਅਦ ਪੁਲਿਸ ਨੇ ਹਾਈ ਅਲਰਟ ਜਾਰੀ ਨਹੀਂ ਕੀਤਾ ਸੀ, ਇਸ ਵਜ੍ਹਾ ਨਾਲ ਦੋਵੇਂ ਜਣੇ ਫ਼ਰਾਰ ਹੋ ਗਏ ਸਨ। ਇਸ ਮਾਮਲੇ ਵਿਚ ਪੁਲਿਸ ਹੁਣ ਤਕ 14 ਜਣਿਆਂ ਨੂੰ ਗਿ੍ਫ਼ਤਾਰ ਕਰ ਚੁੱਕੀ ਹੈ। ਇਸ ਕਤਲ ਕਾਂਡ ਨਾਲ ਸਬੰਧਤ ਏ-ਕੈਟਾਗਰੀ ਦਾ ਗੈਂਗਸਟਰ ਸੁੱਖ ਭਿਖਾਰੀਵਾਲ ਹਾਲੇ ਤਕ ਫ਼ਰਾਰ ਹੈ।

ਟਾਰਗੈੱਟ ਕਿਲਿੰਗ ਦੀ ਮਿਲੀ ਸੀ ਜ਼ਿੰਮੇਵਾਰੀ, ਪ੍ਰੋਡਕਸ਼ਨ ਵਾਰੰਟ 'ਤੇ ਤਰਨਤਾਰਨ ਲਿਆਵੇਗੀ ਪੁਲਿਸ

ਸੂੁਤਰਾਂ ਮੁਤਾਬਕ ਦੋਵੇਂ ਗੈਂਗਸਟਰ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਦੇ ਨਾਲ ਜੁੜੇ ਸਨ। ਇਨ੍ਹਾਂ ਨੂੰ ਟਾਰਗੈੱਟ ਕਿਲਿੰਗ ਦਾ ਜਿੰਮਾ ਮਿਲਿਆ ਸੀ। ਐੱਸਐੱਸਪੀ ਧਰੁਮਨ ਐੱਚ ਨਿੰਬਾਲੇ ਦਾ ਕਹਿਣਾ ਹੈ ਕਿ ਦੋਵਾਂ ਸ਼ੂਟਰਾਂ ਨੂੰ ਪ੍ਰਰੋਡਕਸ਼ਨ ਵਾਰੰਟ 'ਤੇ ਹਿਰਾਸਤ ਵਿਚ ਲੈ ਕੇ ਪੁੱਛ-ਪੜਤਾਲ ਕੀਤੀ ਜਾਵੇਗੀ।

ਹਾਈ ਕੋਰਟ ਦੀ ਪਟੀਸ਼ਨ 'ਤੇ ਸੁਣਵਾਈ ਅੱਜ

ਕਾਮਰੇਡ ਬਲਵਿੰਦਰ ਕਤਲ ਕਾਂਡ ਦੀ ਸੀਬੀਆਈ ਤੋਂ ਜਾਂਚ ਕਰਾਉਣ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਦਾਇਰ ਪਟੀਸ਼ਨ 'ਤੇ ਸੁਣਵਾਈ ਮੰਗਲਵਾਰ ਨੂੰ ਹੋਵੇਗੀ। ਬਲਵਿੰਦਰ ਦੀ ਪਤਨੀ ਨੇ ਪਟੀਸ਼ਨ ਵਿਚ ਦੋਸ਼ ਲਾਇਆ ਹੈ ਕਿ ਪੁਲਿਸ, ਜਾਂਚ ਨੂੰ ਗ਼ਲਤ ਦਿਸ਼ਾ ਦੇ ਰਹੀ ਹੈ। ਇਸ ਪਟੀਸ਼ਨ 'ਤੇ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਨੂੰ ਨੋਟਿਸ ਜਾਰੀ ਹੋ ਚੁੱਕਿਆ ਹੈ।

ਪਨਾਹ ਦੇ ਕੇ ਗੈਂਗਸਟਰ ਸੁਖਰਾਜ ਨੇ ਕਰਵਾਇਆ ਸੀ ਕਤਲ

ਗੁਰਦਾਸਪੁਰ ਦੇ ਤਿਬੜੀ ਵਿਚ ਹੋਏ ਤੀਹਰੇ ਕਤਲ ਕਾਂਡ ਮਾਮਲੇ ਵਿਚ ਪੁਲਿਸ ਨੇ ਰਵਿੰਦਰ ਸਿੰਘ ਨਾਂ ਦਾ ਗੈਂਗਸਟਰ ਕਾਬੂ ਕੀਤਾ ਸੀ। ਚਾਰ ਨਵੰਬਰ ਨੂੰ ਡੀਜੀਪੀ ਦੀ ਤਰਫੋਂ ਜਾਰੀ ਪ੍ਰਰੈੱਸ ਨੋਟ ਮੁਤਾਬਕ ਰਵਿੰਦਰ ਮੰਨ ਚੁੱਕਾ ਹੈ ਕਿ ਉਸ ਨੇ ਅਤੇ ਸੁਖਰਾਜ ਨੇ ਗੈਂਗਸਟਰ ਸੁੱਖ ਭਿਖਾਰੀਵਾਲ ਦੇ ਕਹਿਣ 'ਤੇ ਸਾਜ਼ਿਸ਼ ਦੇ ਤਹਿਤ ਕਾਮਰੇਡ ਬਲਵਿੰਦਰ ਦਾ ਕਤਲ ਕਰਵਾਇਆ ਸੀ। ਇਸ ਸਾਜ਼ਿਸ਼ ਨੂੰ ਅੰਜਾਮ ਦੇਣ ਲਈ ਸੁਖਦੀਪ ਤੇ ਗੁਰਜੀਤ ਨੂੰ ਚੁਣਿਆ ਗਿਆ। ਸੁਖਦੀਪ 'ਤੇ ਕਤਲ, ਡਕੈਤੀ, ਝਗੜੇ ਤੇ ਲੁੱਟਮਾਰ ਦੇ ਦਸ ਮਾਮਲੇ ਦਰਜ ਹਨ। ਸੁਖਦੀਪ ਤੇ ਗੁਰਗੀਚ ਦੋਵੇਂ ਕੁਝ ਸਮਾਂ ਪਹਿਲਾਂ ਗੈਂਗਸਟਰ ਰਵਿੰਦਰ ਤੇ ਸੁਖਰਾਜ ਦੇ ਨਾਲ ਜੇਲ੍ਹ ਵਿਚ ਰਹਿ ਕੇ ਜ਼ਮਾਨਤ 'ਤੇ ਬਾਹਰ ਆਏ ਸਨ।