ਸੁਭਾਸ਼ ਚੰਦਰ ਭਗਤ, ਮਜੀਠਾ : ਝੋਨੇ ਦੇ ਸੀਜ਼ਨ ਵਿਚ ਕਿਸਾਨਾਂ ਵੱਲੋਂ ਖੇਤਾਂ ਵਿਚ ਪਰਾਲੀ ਨੂੰ ਅੱਗ ਲਾਉਣ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਇਸ ਨੂੰ ਵੇਖਦੇ ਹੋਏ ਜ਼ਿਲ੍ਹਾ ਡਿਪਟੀ ਕਮਿਸ਼ਨਰ ਅੰਮਿ੍ਤਸਰ ਗੁਰਪ੍ਰਰੀਤ ਸਿੰਘ ਖਹਿਰਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਨਾਇਬ ਤਹਿਸੀਲਦਾਰ ਮਜੀਠਾ ਜਸਬੀਰ ਸਿੰਘ ਦੀ ਅਗਵਾਈ ਵਾਲੀ ਟੀਮ ਖੇਤੀ ਬਾੜੀ ਵਿਭਾਗ ਦੇ ਅਧਿਕਾਰੀ, ਬਲਾਕ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧਿਕਾਰੀ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਪਿੰਡ ਸੋਹੀਆਂ ਕਲਾਂ, ਨਾਗ ਕਲਾਂ, ਨਾਗ ਖੁਰਦ ਆਦਿ ਪਿੰਡਾਂ ਵਿਚ ਕਿਸਾਨਾਂ ਨੂੰ ਉਨ੍ਹਾਂ ਦੇ ਖੇਤਾਂ ਵਿਚ ਪੁੱਜ ਕੇ ਝੋਨੇ ਦੀ ਪਰਾਲੀ ਨਾ ਸਾੜਨ ਲਈ ਪ੍ਰਰੇਰਿਤ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਾਇਬ ਤਹਿਸੀਲਦਾਰ ਜਸਬੀਰ ਸਿੰਘ ਨੇ ਦੱਸਿਆ ਕਿ ਅੱਗ ਲੱਗੀ ਪਰਾਲੀ ਦੇ ਧੂੰਏ ਨਾਲ ਇਕ ਤਾਂ ਵਾਤਾਵਰਨ ਦੂਸ਼ਿਤ ਹੁੰਦਾ ਹੈ, ਇਸ ਦੇ ਨਾਲ ਹੀ ਹੁਣ ਕੋਰੋਨਾ ਵਾਇਰਸ ਦੇ ਚੱਲਦਿਆਂ ਇਸ ਦੇ ਪਾਜ਼ੇਟਿਵ ਮਰੀਜ਼ਾਂ ਲਈ ਇਹ ਧੂੰਆਂ ਹੋਰ ਵੀ ਘਾਤਕ ਹੈ। ਇਸ ਨਾਲ ਮਰੀਜ਼ ਨੂੰ ਸਾਹ ਲੈਣ ਵਿਚ ਹੋਰ ਵੀ ਦਿੱਕਤ ਪੇਸ਼ ਆਉਂਦੀ ਹੈ। ਇਸ ਵਾਰ ਇੱਕਾ-ਦੁੱਕਾ ਥਾਵਾਂ 'ਤੇ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ ਅਤੇ ਉਨ੍ਹਾਂ ਅਤੇ ਬਾਕੀ ਕਿਸਾਨਾਂ ਨੇ ਅਧਿਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਭਵਿੱਖ ਵਿਚ ਪਰਾਲੀ ਨੂੰ ਅੱਗ ਨਹੀਂ ਲਾਉਣਗੇ।

ਖੇਤਬਾੜੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਖੇਤਾਂ ਵਿਚ ਪਰਾਲੀ ਦੀਆਂ ਗੱਠਾਂ ਬਣਾਉਣ ਵਾਲੀ ਮਸ਼ੀਨ ਲਿਜਾ ਕੇ ਇਸ ਦੇ ਫਾਇਦਿਆਂ ਬਾਰੇ ਕਿਸਾਨਾਂ ਨੂੰ ਦੱਸਿਆ। ਨਾਇਬ ਤਹਿਸੀਲਦਾਰ ਨੇ ਕਿਸਾਨਾਂ ਨੂੰ ਚਿਤਾਵਨੀ ਦਿੱਤੀ ਕਿ ਜੇ ਹੁਣ ਕਿਸੇ ਵੀ ਕਿਸਾਨ ਨੇ ਖੇਤ ਵਿਚ ਪਰਾਲੀ ਨੂੰ ਅੱਗ ਲਾਈ ਤਾਂ ਉਸ ਦੇ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਨਾਇਬ ਤਹਿਸੀਲਦਾਰ ਜਸਬੀਰ ਸਿੰਘ, ਕਾਨੂੰਗੋ ਪਲਵਿੰਦਰ ਸਿੰਘ, ਐੱਸਐੱਚਓ ਬਲਜਿੰਦਰ ਸਿੰਘ ਅੌਲਖ, ਪੰਚਾਇਤ ਅਫਸਰ ਕੁਲਬੀਰ ਸਿੰਘ, ਸੈਕਟਰੀ ਬਲਕਾਰ ਸਿੰਘ, ਏਡੀਓ ਡਾ. ਹਰਜਿੰਦਰ ਸਿੰਘ, ਪਟਵਾਰੀ ਮੇਜ਼ਰ ਸਿੰਘ ਭੋਮਾ, ਸਬ ਇੰਸਪੈਕਟਰ ਸੋਮਨਾਥ ਆਦਿ ਅਧਿਕਾਰੀ ਹਾਜ਼ਰ ਸਨ।