ਸੁਭਾਸ਼ ਚੰਦਰ ਭਗਤ/ਜਸਪਾਲ ਸਿੰਘ ਗਿੱਲ, ਮਜੀਠਾ : ਸਥਾਨਕ ਕਸਬਾ ਮਜੀਠਾ ਤੇ ਨਾਗ ਕਲਾਂ ਦੇ

ਪੰਜਾਬ ਨੈਸ਼ਨਲ ਬੈਂਕ ਦੇ ਏਟੀਐੱਮ ਨੂੰ 2 ਅਣਪਛਾਤਿਆਂ ਵੱਲੋਂ ਲੁੱਟਣ ਦੀ ਕੋਸ਼ਿਸ਼ ਕਰਨ ਦਾ ਸਮਾਚਾਰ ਪ੍ਰਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਸਥਾਨਕ ਪੁਲਿਸ ਥਾਣਾ ਮਜੀਠਾ ਤੋਂ ਕਰੀਬ 100 ਮੀਟਰ ਦੀ ਦੂਰੀ 'ਤੇ ਪੈਂਦੇ ਪੰਜਾਬ ਨੈਸ਼ਨਲ ਬੈਂਕ ਦੇ ਏਟੀਐੱਮ ਨੂੰ ਅੱਜ ਸਵੇਰੇ ਕਰੀਬ 2 ਵਜੇ ਤੋੜਨ ਦੀ ਕੋਸ਼ੀਸ਼ ਕੀਤੀ ਪਰ ਇਸ ਵਿਚ ਲੁਟੇਰੇ ਨਾਕਾਮ ਰਹੇ।

ਇਸ ਸਬੰਧੀ ਪੰਜਾਬ ਨੈਸ਼ਨਲ ਬੈਂਕ ਮਜੀਠਾ ਮੈਨੇਜਰ ਹਰਭਜਨ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਰੋਜ਼ਾਨਾ ਦੀ ਤਰ੍ਹਾਂ ਉਹ ਬੈਂਕ ਪਹੁੰਚੇ ਤਾਂ ਏਟੀਐੱਮ ਰੂਮ ਦਾ ਸ਼ਟਰ ਟੁੱਟਾ ਹੋਇਆ ਸੀ ਤੇ ਅੰਦਰ ਏਟੀਐੱਮ ਮਸ਼ੀਨ ਪੂਰੀ ਤਰ੍ਹਾਂ ਨਾਲ ਤੋੜੀ ਹੋਈ ਸੀ। ਉਨ੍ਹਾਂ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਤੋਂ ਪਤਾ ਚੱਲਿਆ ਕਿ 2 ਨਕਾਬਪੋਸ਼ ਲੁਟੇਰਿਆਂ ਨੇ ਏਟੀਐੱਮ ਮਸ਼ੀਨ ਲੁੱਟਣ ਦੀ ਕੋੋਸ਼ਿਸ਼ ਕੀਤੀ ਹੈ।

ਇਸੇ ਤਰ੍ਹਾਂ ਪਿੰਡ ਨਾਗ ਕਲਾਂ ਸਥਿਤ ਪੰਜਾਬ ਨੈਂਸ਼ਨਲ ਬੈਂਕ ਦਾ ਏਟੀਐੱਮ 'ਚੋਂ ਵੀ ਰੁਪਏ ਲੁੱਟਣ ਦੀ ਨੀਅਤ ਨਾਲ ਸ਼ਟਰ ਦੇ ਤਾਲੇ ਤੋੜੇ ਗਏ। ਇਸ ਸਬੰਧੀ ਪੰਜਾਬ ਨੈਸ਼ਨਲ ਬੈਂਕ ਨਾਗ ਕਲਾਂ ਦੇ ਮੈਨੇਜਰ ਰਜਤ ਗੁਪਤਾ ਨੇ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਤੋਂ ਪਤਾ ਲੱਗਾ ਕਿ ਅੱਜ ਸਵੇਰੇ ਡੇਢ ਵਜੇ ਦੇ ਕਰੀਬ ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਏਟੀਐੱਮ ਰੂਮ ਦੇ ਤਾਲੇ ਤੋੜੇ ਪਰ ਏਟੀਐੱਮ ਰੂਮ ਵਿਚ ਮਸ਼ੀਨ ਨਾ ਹੋਣ ਕਰ ਕੇ ਲੁੱਟ ਦਾ ਬਚਾਅ ਹੋ ਗਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਿਸ ਨੂੰ ਦੱਸ ਦਿੱਤਾ ਗਿਆ ਹੈ।