ਰਮੇਸ਼ ਰਾਮਪੁਰਾ, ਅੰਮਿ੍ਤਸਰ: ਠਾਕੁਰ ਸਿੰਘ ਆਰਟ ਗੈਲਰੀ ਵਿਚ '7ਵੀਂ ਐਗਜ਼ੀਵਿਸ਼ਨ ਆਫ ਆਰਟਸ 2020' ਦਾ ਅਰੰਭ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਵੱਲੋਂ ਕੀਤਾ ਗਿਆ। ਗੈਲਰੀ ਦੇ ਚੇਅਰਮੈਨ ਰਜਿੰਦਰ ਮੋਹਨ ਸਿੰਘ ਛੀਨਾ, ਪ੍ਰਧਾਨ ਸ਼ਿਵਦੇਵ ਸਿੰਘ ਤੇ ਸੈਕਟਰੀ ਡਾ. ਏਐੱਸ ਚਮਕ ਤੋਂ ਇਲਾਵਾ ਸਮੂਹ ਪ੍ਰਬੰਧਕੀ ਟੀਮ ਵੱਲੋਂ ਡੀਸੀ ਗੁਰਪ੍ਰੀਤ ਸਿੰਘ ਖਹਿਰਾ ਦਾ ਨਿੱਘਾ ਸਵਾਗਤ ਕਰਦਿਆਂ ਜੀ ਆਇਆਂ ਨੂੰ ਆਖਿਆ ਗਿਆ।

ਕੋਵਿਡ-19 ਦੇ ਮੱਦੇਨਜ਼ਰ ਪ੍ਰਬੰਧਕੀ ਟੀਮ ਨੇ ਸਰਕਾਰੀ ਹਦਾਇਤਾਂ ਦੀ ਪਾਲਣ ਕਰਦਿਆਂ ਕਲਾ ਪ੍ਰਦਰਸ਼ਨੀ ਵਿਚ ਹਿੱਸਾ ਲੈਣ ਵਾਲਿਆਂ ਨੂੰ ਜਿੱਥੇ ਸਰੀਰਕ ਦੂਰੀ ਬਣਾਈ ਰੱਖਣ ਲਈ ਪ੍ਰੇਰਿਆ, ਉੱਥੇ ਹਰੇਕ ਆਉਣ ਵਾਲੇ ਨੂੰ ਮਾਸਕ ਵੰਡਣ ਤੋਂ ਇਲਾਵਾ ਸੈਨੇਟਾਈਜ਼ਡ ਕੀਤਾ। 145 ਕਲਾਕਾਰਾਂ ਦੀਆਂ 147 ਕਲਾ ਕਿਰਤਾਂ ਇੱਥੇ ਵਿਖਾਈਆਂ ਸਨ।

ਕਲਾ ਪ੍ਰਦਰਸ਼ਨੀ ਦੌਰਾਨ ਪਂੇਟਿੰਗ, ਗ੍ਰਾਫਿਕਸ, ਡਰਾਇੰਗ, ਸਕਲਪਚਰ ਤੇ ਫੋਟੋਗ੍ਰਾਫੀ ਦੇ ਨਮੂਨੇ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੇ। ਗਰੁੱਪ-ਏ ਆਰਟਿਸਟ ਕੈਟਾਗਰੀ ਵਿਚ ਪੰਜ ਨਗਦ ਇਨਾਮ ਸਨ ਜਿਨ੍ਹਾਂ ਵਿੱਚੋਂ ਖੰਨਾ ਦੇ ਗੁਰਪ੍ਰਰੀਤ ਸਿੰਘ ਨੇ ਇੱਕੀ ਹਜ਼ਾਰ ਦਾ ਨਗਦ ਇਨਾਮ ਜਿੱਤ ਕੇ ਚੜ੍ਹਤ ਬਣਾਈ ਜਦਕਿ ਛੇ ਐਵਾਰਡ ਆਫ ਐਕਸੀਲੈਂਸ ਦਿੱਤੇ ਗਏ। ਇਸੇ ਤਰ੍ਹਾਂ ਗਰੁੱਪ ਬੀ ਕੈਟਾਗਰੀ ਵਿਚ ਪੰਜ ਕੈਸ਼ ਐਵਾਰਡ ਦਿੱਤੇ ਗਏ ਜਿਨ੍ਹਾਂ ਵਿੱਚੋਂ ਜਲੰਧਰ ਦੇ ਵਤਸਲਾ ਸ਼ਰਮਾ ਨੇ ਗ੍ਰਾਫਿਕਸ ਕੈਟਾਗਰੀ ਵਿੱਚੋਂ ਗਿਆਰਾਂ ਹਜ਼ਾਰ ਦਾ ਨਗਦ ਇਨਾਮ ਹਾਸਲ ਕੀਤਾ। ਇਸੇ ਕੈਟਾਗਰੀ ਵਿਚ ਪੰਜ ਐਵਾਰਡ ਆਫ ਐਕਸੀਲੈਂਸ ਕਲਾਕਾਰਾਂ ਨੂੰ ਦਿੱਤੇ ਗਏ। ਇਸ ਸੂਬਾ ਪੱਧਰੀ ਕਲਾ ਪ੍ਰਦਰਸ਼ਨੀ ਦੇ ਕਨਵੀਨਰ ਵਜੋਂ ਬੁੱਤਤਰਾਸ਼ ਨਰਿੰਦਰ ਸਿੰਘ ਨੇ ਅਹਿਮ ਸੇਵਾਵਾਂ ਨਿਭਾਈਆਂ।

ਗੈਲਰੀ ਦੇ ਜਨਰਲ ਸਕੱਤਰ ਡਾ. ਏਐੱਸ ਚਮਕ ਨੇ ਕਿਹਾ ਕਿ ਸੂਬਾ ਪੱਧਰੀ ਕਲਾ ਪ੍ਰਦਰਸ਼ਨੀ ਦਾ ਉਦਘਾਟਨ ਛੇ ਮਾਰਚ ਨੂੰ ਹੋਣਾ ਸੀ ਪਰ ਕੋਵਿਡ-19 ਦੇ ਮੱਦੇਨਜ਼ਰ ਹੁਣ ਮੁਬਾਰਕ ਆਗ਼ਾਜ਼ ਕੀਤਾ ਗਿਆ ਹੈ। ਕਲਾ ਪ੍ਰਦਰਸ਼ਨੀ 5 ਦਸੰਬਰ ਤਕ ਰੋਜ਼ਾਨਾ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਨਿਰੰਤਰ ਚੱਲਦੀ ਰਹੇਗੀ। ਡੀਸੀ ਗੁਰਪ੍ਰੀਤ ਸਿੰਘ ਖਹਿਰਾ, ਚੇਅਰਮੈਨ ਰਾਜਿੰਦਰ ਮੋਹਨ ਸਿੰਘ ਛੀਨਾ, ਪ੍ਰਧਾਨ ਸ਼ਿਵਦੇਵ ਸਿੰਘ ਅਤੇ ਸੈਕਟਰੀ ਡਾ. ਏਐੱਸ ਚਮਕ ਵੱਲੋਂ ਸਮੂਹ ਕਲਾਕਾਰਾਂ ਵੱਲੋਂ ਤਿਆਰ ਕੀਤੇ ਗਏ ਕਲਾ ਦੇ ਨਮੂਨਿਆਂ ਨੂੰ ਨੇੜਿਓਂ ਹੋ ਕੇ ਦੇਖਿਆ। ਇਸ ਮੌਕੇ ਪ੍ਰਸਿੱਧ ਚਿੱਤਰਕਾਰ ਸੁਖਪਾਲ ਸਿੰਘ, ਕਵਲ ਸਹਿਗਲ, ਅਤੁਲ ਮਹਿਰਾ, ਗੁਰਸ਼ਰਨ ਕੌਰ, ਇੰਦਰਪ੍ਰਰੀਤ ਕੌਰ, ਟੀਨਾ ਸ਼ਰਮਾ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।

ਖੰਨਾ ਦੇ ਗੁਰਪ੍ਰੀਤ ਨੂੰ ਮਿਲਿਆ 21 ਹਜ਼ਾਰ ਦਾ ਇਨਾਮ

ਕਲਾ ਪ੍ਰਦਰਸ਼ਨੀ ਵਿੱਚੋਂ ਇੱਕੀ ਹਜ਼ਾਰ ਦਾ ਨਗਦ ਐਵਾਰਡ ਹਾਸਲ ਕਰਨ ਵਾਲੇ ਖੰਨਾ ਦੇ ਗੁਰਪ੍ਰਰੀਤ ਸਿੰਘ ਨੇ ਕਿਹਾ ਕਿ ਇਹ ਐਵਾਰਡ ਉਨ੍ਹਾਂ ਨੂੰ ਆਪਣੀ ਮਾਂ ਬਲਵਿੰਦਰ ਕੌਰ ਵੱਲੋਂ ਹਮੇਸ਼ਾ ਮਿਲਦੀ ਹੱਲਾਸ਼ੇਰੀ ਕਾਰਨ ਨਸੀਬ ਹੋਇਆ ਹੈ। ਗੁਰਪ੍ਰਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਕਲਾ ਦੇ ਖੇਤਰ ਵਿਚ ਚਾਰ ਸਕਾਲਰਸ਼ਿਪ ਤੇ ਪੰਜਾਬ ਲਲਿਤ ਕਲਾ ਅਕੈਡਮੀ ਵੱਲੋਂ 2 ਲੱਖ ਦੀ ਸੋਨ ਕਾਦਰੀ ਫੈਲੋਸ਼ਿਪ ਲੈਣ ਦਾ ਮਾਣ ਹਾਸਲ ਹੋ ਚੁੱਕਾ ਹੈ।

ਸੂਬਾ ਪੱਧਰੀ ਪ੍ਰਦਰਸ਼ਨੀ 'ਚੋਂ ਐਵਾਰਡ ਮਿਲਣ ਦਾ ਫ਼ਖ਼ਰ : ਰੋਹਿਤ

ਜਲੰਧਰ ਦੇ ਕਲਾਕਾਰ ਰੋਹਿਤ ਕੁਮਾਰ ਨੇ ਐਵਾਰਡ ਆਫ ਐਕਸੀਲੈਂਸ ਪ੍ਰਾਪਤ ਕੀਤਾ। ਅਨੇਕਾਂ ਮਨਮੋਹਕ ਪਂੇਟਿੰਗਾਂ ਚਿਤਰ ਚੁੱਕੇ ਰੋਹਿਤ ਕੁਮਾਰ ਪਟਿਆਲਾ ਮਾਡਲ ਸਕੂਲ ਚਿਨਾਗਰਾ ਵਿਖੇ ਆਰਟ ਅਧਿਆਪਕ ਵਜੋਂ ਸੇਵਾਵਾਂ ਅਰਪਿਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬਾ ਪੱਧਰੀ ਕਲਾ ਪ੍ਰਦਰਸ਼ਨੀ ਵਿੱਚੋਂ ਐਵਾਰਡ ਪ੍ਰਾਪਤ ਕਰਨਾ ਫ਼ਖ਼ਰ ਦੀ ਗੱਲ ਹੈ।

ਜਲੰਧਰ ਦੀ ਭਾਵਨਾ ਨੇ ਫੋਟੋਗ੍ਰਾਫੀ 'ਚੋਂ ਜਿੱਤਿਆ ਕੈਸ਼ ਐਵਾਰਡ

ਕਲਾ ਪ੍ਰਦਰਸ਼ਨੀ ਵਿੱਚੋਂ ਫੋਟੋਗ੍ਰਾਫੀ ਦਾ ਕਮਾਲ ਵਿਖਾ ਕੇ ਪੰਜ ਹਜ਼ਾਰ ਦਾ ਨਗਦ ਐਵਾਰਡ ਜਿੱਤਣ ਵਾਲੀ ਜਲੰਧਰ ਦੀ ਭਾਵਨਾ ਅਨੰਦ ਏਪੀਜੇ ਕਾਲਜ ਵਿਚ ਬੀਐਫਏ ਦੀ ਵਿਦਿਆਰਥਣ ਹੈ। ਭਾਵਨਾ ਨੇ ਕਿਹਾ ਕਿ ਫੋਟੋਗ੍ਰਾਫੀ ਕਲਾ 'ਚੋਂ ਪਹਿਲੀ ਵਾਰ ਐਵਾਰਡ ਪ੍ਰਾਪਤ ਕਰ ਕੇ ਵੱਡਾ ਮਾਣ ਮਹਿਸੂਸ ਕਰ ਰਹੀ ਹੈ।