ਜੇਐੱਨਐੱਨ, ਅੰਮਿ੍ਤਸਰ : ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਪੁਸ਼ਪਿੰਦਰ ਸਿੰਘ ਦੀ ਅਦਾਲਤ ਨੇ 197 ਕਿੱਲੋ ਹੈਰੋਇਨ ਸਮਗਲਿੰਗ ਦੇ ਮਾਮਲੇ 'ਚ ਅਕਾਲੀ ਆਗੂ ਅਨਵਰ ਮਸੀਹ ਦੀ 42 ਦਿਨ (ਛੇ ਹਫ਼ਤੇ) ਦੀ ਅੰਤਿ੍ਮ ਜ਼ਮਾਨਤ ਮਨਜ਼ੂਰ ਕਰ ਲਈ ਹੈ। ਇਹ ਜ਼ਮਾਨਤ ਮੁਲਜ਼ਮ ਨੂੰ ਮੈਡੀਕਲ ਗਰਾਊੁਂਡ 'ਤੇ ਮਿਲੀ ਹੈ। ਕੁਝ ਦਿਨ ਪਹਿਲਾਂ ਸਿਹਤ ਖ਼ਰਾਬ ਹੋਣ ਕਾਰਨ ਉਸ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ।

ਇਹ ਹੈ ਮਾਮਲਾ

ਐੱਸਟੀਐੱਫ ਨੇ 30 ਜਨਵਰੀ ਦੀ ਦੇਰ ਰਾਤ ਅਕਾਲੀ ਆਗੂ ਅਨਵਰ ਮਸੀਹ ਦੀ ਆਕਾਸ਼ ਵਿਹਾਰ ਵਾਲੀ ਕੋਠੀ ਤੋਂ 197 ਕਿੱਲੋ ਹੈਰੋਇਨ ਦੀ ਖੇਪ ਬਰਾਮਦ ਕੀਤੀ ਸੀ। ਕੋਠੀ ਤੋਂ ਸ਼ਹਿਰ ਦੇ ਵੱਡੇ ਕਾਰੋਬਾਰੀ ਅੰਕੁਸ਼ ਕਪੂਰ, ਉਸ ਦੀ ਪ੍ਰਰੇਮਿਕਾ, ਅਰਮਾਨ ਬਸ਼ਅਰਮਲ ਸਣੇ ਕੁੱਲ 10 ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਸੀ। ਜਾਂਚ 'ਚ ਸਾਹਮਣੇ ਆਇਆ ਸੀ ਕਿ ਉਕਤ 197 ਕਿੱਲੋ ਖੇਪ ਨੂੰ ਮਿਲਾਵਟ ਕਰ ਕੇ 500 ਕਿੱਲੋ 'ਚ ਤਬਦੀਲ ਕੀਤਾ ਜਾਣਾ ਸੀ। ਇਸਦੇ ਲਈ ਅਫ਼ਗਾਨੀ ਨਾਗਰਿਕ ਅਰਮਾਨ ਨੂੰ ਕੈਮੀਕਲ ਦੇ ਡਰੱਮ ਤੇ ਨਸ਼ੀਲਾ ਪਾਊਡਰ ਵੀ ਮੰਗਵਾ ਕੇ ਦਿੱਤਾ ਗਿਆ ਸੀ।

ਐੱਸਟੀਐੱਫ ਨੇ ਕੋਠੀ ਦੇ ਇਕ ਕਮਰੇ 'ਚੋਂ ਇਕ ਲੈਬਾਰੇਟਰੀ ਬਰਾਮਦ ਕਰ ਕੇ ਕੇਸ ਦਰਜ ਕੀਤਾ ਸੀ। ਜਾਂਚ 'ਚ ਸਾਹਮਣੇ ਆਇਆ ਸੀ ਕਿ 300 ਕਿੱਲੋ ਹੈਰੋਇਨ ਦੀ ਖੇਪ ਸਾਲ 2017 'ਚ ਇਟਲੀ ਤੋਂ ਸਮੁੰਦਰੀ ਰਸਤੇ ਭਾਰਤ (ਗੁਜਰਾਤ ਬੰਦਰਗਾਹ) ਪੁੱਜੀ ਸੀ। 100 ਕਿੱਲੋ ਹੈਰੋਇਨ ਗੁਜਰਾਤ 'ਚ ਹੀ ਵੇਚ ਦਿੱਤੀ ਗਈ ਤੇ ਬਾਕੀ ਖੇਪ ਨੂੰ ਟਰੱਕ ਰਾਹੀਂ ਅੰਮਿ੍ਤਸਰ ਸਪਲਾਈ ਲਈ ਭੇਜ ਦਿੱਤਾ ਗਿਆ।

ਅਨਵਰ ਦੀ ਗਿ੍ਫ਼ਤਾਰੀ ਦੌਰਾਨ ਐੱਸਟੀਐੱਫ ਦਫ਼ਤਰ ਦੇ ਬਾਹਰ ਕਾਫ਼ੀ ਹਾਈ ਪੋ੍ਫਾਈਲ ਡਰਾਮਾ ਵੀ ਰਚਿਆ ਗਿਆ ਸੀ। ਅਨਵਰ ਨੇ ਪੁਲਿਸ ਨੂੰ ਧਮਕੀ ਵੀ ਦਿੱਤੀ ਸੀ ਕਿ ਜੇਕਰ ਉਸ ਖ਼ਿਲਾਫ਼ ਕੋਈ ਕਾਰਵਾਈ ਕੀਤੀ ਗਈ ਤਾਂ ਉਹ ਖ਼ੁਦਕੁਸ਼ੀ ਕਰ ਲਵੇਗਾ। ਪਰ ਐੱਸਟੀਐੱਫ ਨੇ ਉਸ ਨੂੰ ਗਿ੍ਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਸੀ।