ਨਵੀਨ ਰਾਜਪੂਤ, ਅੰਮ੍ਰਿਤਸਰ : ਅੰਮ੍ਰਿਤਸਰ (ਦਿਹਾਤੀ) ਥਾਣਾ ਅਜਨਾਲਾ ਦੀ ਪੁਲਿਸ ਨੇ ਐਤਵਾਰ ਦੁਪਹਿਰ ਨੂੰ ਈਸ਼ਵਰ ਸਿੰਘ ਨਾਂ ਦੇ ਵਿਅਕਤੀ ਨੂੰ ਲੁਧਿਆਣਾ ਤੋਂ ਗ੍ਰਿਫ਼ਤਾਰ ਕੀਤਾ ਹੈ। ਦੋਸ਼ ਹੈ ਕਿ ਖ਼ਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਦੇ ਕਹਿਣ ’ਤੇ ਈਸ਼ਵਰ ਸਿੰਘ ਵੀ ਅਜਨਾਲਾ ਥਾਣੇ ਦੇ ਬਾਹਰ ਪਹੁੰਚਿਆ ਸੀ। ਈਸ਼ਵਰ ਸਿੰਘ ਨੂੰ ਐਤਵਾਰ ਸ਼ਾਮ ਨੂੰ ਅਜਨਾਲਾ ਦੀ ਅਦਾਲਤ ’ਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਦੂਜੇ ਪਾਸੇ ਪੁਲਿਸ ਨੇ ਪਿਛਲੇ ਕਈ ਦਿਨਾਂ ਤੋਂ ਕੀਤੀ ਜਾਂਚ ਤੋਂ ਬਾਅਦ ਘਟਨਾ ਵਾਲੀ ਥਾਂ ’ਤੇ ਬਣੀ ਵੀਡੀਓ ਦੇ ਆਧਾਰ ’ਤੇ ਇਸ ਮਾਮਲੇ ਦੇ 35 ਮੁਲਜਮਾਂ ਦੀ ਸ਼ਨਾਖ਼ਤ ਕੀਤੀ ਸੀ। ਪਰ ਜਦੋਂ ਤੋਂ ਪੁਲਿਸ ਨੇ ਅੰਮ੍ਰਿਤਪਾਲ ’ਤੇ ਸ਼ਿਕੰਜਾ ਕੱਸਿਆ ਹੈ, ਮੁਲਜ਼ਮ ਫ਼ਰਾਰ ਹਨ। ਦੱਸ ਦੇਈਏ ਕਿ ਪੁਲਿਸ ਨੇ ਇਸ ਮਾਮਲੇ ਵਿਚ ਮਜੀਠਾ ਥਾਣੇ ਅਧੀਨ ਪੈਂਦੇ ਪਿੰਡ ਮਰੜੀ ਕਲਾਂ ਦੇ ਰਹਿਣ ਵਾਲੇ ਸੁਖਪ੍ਰੀਤ ਸਿੰਘ ਸਮੇਤ ਕੁੱਲ 12 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਹ ਹੈ ਮਾਮਲਾ

ਵਾਰਿਸ ਪੰਜਾਬ ਦੇ ਮੁਖੀ ਤੇ ਖ਼ਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਨੇ 23 ਫਰਵਰੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਵਜੋਂ ਵਰਤਦਿਆਂ ਆਪਣੇ ਹਥਿਆਰਬੰਦ ਸਾਥੀਆਂ ਨਾਲ ਅਜਨਾਲਾ ਥਾਣੇ ’ਤੇ ਹਮਲਾ ਕੀਤਾ ਸੀ। ਮੁਲਜ਼ਮ ਆਪਣੇ ਜੇਲ੍ਹ ਵਿਚ ਬੰਦ ਸਾਥੀ ਤੂਫ਼ਾਨ ਸਿੰਘ ਉਰਫ਼ ਲਵਪ੍ਰੀਤ ਸਿੰਘ ਨੂੰ ਰਿਹਾਅ ਕਰਵਾਉਣਾ ਚਾਹੁੰਦੇ ਸੀ। ਅਜਨਾਲਾ ਪੁਲਿਸ ਨੇ ਇਸ ਘਟਨਾ ਤੋਂ ਕੁਝ ਦਿਨ ਪਹਿਲਾਂ ਖ਼ਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਦਰਜਨ ਭਰ ਸਾਥੀਆਂ ਖ਼ਿਲਾਫ਼ ਲੁੱਟ-ਖੋਹ, ਅਗਵਾ ਅਤੇ ਕੁੱਟਮਾਰ ਦੇ ਦੋਸ਼ ਹੇਠ ਕੇਸ ਦਰਜ ਕੀਤਾ ਸੀ।

10 ਮੁਲਜ਼ਮਾਂ ਤੋਂ ਹਥਿਆਰ ਹੋ ਚੁੱਕੇ ਹਨ ਬਰਾਮਦ

ਖ਼ਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਨੇ ਆਪਣੀ ਆਨੰਦਪੁਰ ਖ਼ਾਲਸਾ ਫ਼ੌਜ ਦੇ ਨਾਂ ’ਤੇ ਫ਼ੌਜ ਤਿਆਰ ਕੀਤੀ ਸੀ। ਛਾਪੇਮਾਰੀ ਦੌਰਾਨ ਪੁਲਿਸ ਨੇ 12 ਬੋਰ ਦੀਆਂ 6 ਰਾਈਫਲਾਂ, 315 ਬੋਰ ਦਾ ਲਾਇਸੈਂਸੀ ਪਿਸਤੌਲ, 139 ਨਾਜਾਇਜ਼ ਕਾਰਤੂਸ, 32 ਬੋਰ ਦਾ ਇਕ ਰਿਵਾਲਵਰ ਅਤੇ 192 ਨਾਜਾਇਜ਼ ਕਾਰਤੂਸ ਬਰਾਮਦ ਕਰ ਕੇ 10 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

Posted By: Jagjit Singh