ਅਮਨਦੀਪ ਸਿੰਘ, ਅੰਮਿ੍ਤਸਰ : ਸੈਕਰਡ ਹਾਰਟ ਸਕੂਲ ਮਜੀਠਾ ਰੋਡ ਵਿਚ ਪੜ੍ਹਦੀ ਦੂਜੀ ਕਲਾਸ ਦੀ ਵਿਦਿਆਰਥਣ ਅਨਦਜੋਤ ਕੌਰ ਨੂੰ ਬੀਤੇ ਦਿਨੀਂ ਕਰਵਾਏ ਪ੍ਰੋਗਰਾਮ ਦੌਰਾਨ ਵਿਸ਼ੇਸ਼ ਸਨਮਾਨ ਹਾਸਲ ਕਰਨ ਦਾ ਮਾਣ ਹਾਸਲ ਹੋਇਆ ਹੈ। ਛੋਟੀ ਉਮਰੇ ਵੱਡੀਆਂ ਪੁਲਾਂਘਾ ਪੁੱਟ ਰਹੀ ਅਨਦਜੋਤ ਕੌਰ 8 ਸਾਲ ਦੀ ਉਮਰੇ ਹੀ ਬੇਹੱਦ ਸੂਝਬੂਝ ਵਾਲੀਆਂ ਗੱਲਾਂ ਕਰਦੀ ਹੈ। 8 ਸਾਲ ਦੀ ਅਨਦਜੋਤ ਕੌਰ ਆਪਣੀ ਡਾਂਸ ਦੀ ਕਲਾ ਸਦਕਾ ਵੀ ਕਈ ਇਨਾਮ ਜਿੱਤ ਚੁੱਕੀ ਹੈ।ਐਕਸੀਲੈਂਸ ਇਨ ਇੰਗਲਿਸ਼ ਅਕੈਡਮੀ ਵੱਲੋਂ ਸਾਲਾਨਾ ਇਨਾਮ ਵੰਡ ਸਮਾਰੋਹ ਡਾਇਰੈਕਟਰ ਰਮਨ ਜੁਨੇਜਾ ਅਤੇ ਮੁੱਖ ਮਹਿਮਾਨ ਰਾਸ਼ਟਰਪਤੀ ਐਵਾਰਡੀ ਤੇ ਸਮਾਜ ਸੇਵਕ ਡਾ. ਸਵਰਾਜ ਗਰੋਵਰ, ਸਟਰੌਂਗ ਬੇਸਿਕ ਇੰਸਟੀਟਿਊਟ ਦੇ ਪ੍ਰਿੰਸੀਪਲ ਰਾਹਤ ਅਰੋੜਾ, ਡਿਪਟੀ ਡੀਈਓ ਰੇਖਾ ਮਹਾਜਨ ਅਤੇ ਸ੍ਰੀ ਗੁਰੂ ਹਰਿਕਿ੍ਸ਼ਨ ਇੰਟਰਨੈਸ਼ਨਲ ਸਕੂਲ ਦੇ ਪ੍ਰਿੰਸੀਪਲ ਰਿਪੂਦਮਨ ਮਲਹੋਤਰਾ ਵੱਲੋਂ ਅਨਦਜੋਤ ਕੌਰ ਨੂੰ ਸਰਟੀਫਿਕੇਟ ਤੇ ਸ਼ੀਲਡ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਉਸ ਨੂੰ 'ਪੋਇਮ ਤੇ ਸਟੋਰੀ ਟੈਲਿੰਗ' ਪ੍ਰਤੀਯੋਗਤਾ ਵਿਚ ਪਹਿਲਾ ਸਥਾਨ ਹਾਸਲ ਕਰਨ 'ਤੇ ਮਿਲਿਆ।

ਡਾ. ਸਵਰਾਜ ਗਰੋਵਰ ਅਤੇ ਰੇਖਾ ਮਹਾਜਨ ਨੇ ਅਨਦਜੋਤ ਦੇ ਇਸ ਹੁਨਰ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਛੋਟੀ ਉਮਰ ਵਿਚ ਬੱਚਿਆਂ ਦੇ ਟੈਲੇਂਟ ਨੂੰ ਹੋਰ ਵੀ ਨਿਖਾਰਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਅਨਦਜੋਤ ਕੌਰ ਨੇ ਬੀਤੇ ਦਿਨੀਂ ਸਕੂਲ ਵਿਚ ਹੋਏ ਸਾਲਾਨਾ ਸਮਾਰੋਹ ਵਿਚ ਵੀ ਕੇਸਰੀ ਫਿਲਮ ਦੇ ਗੀਤ 'ਤਲਵਾਰੋਂ ਪੇ ਸਰ ਵਾਰ ਦਿਓ' 'ਤੇ ਡਾਂਸ ਕੋਰੀਓਗ੍ਰਾਫੀ ਕਰ ਕੇ ਇਨਾਮ ਹਾਸਲ ਕੀਤਾ ਸੀ। ਅਨਦਜੋਤ ਦੇ ਪਿਤਾ ਹਰਪ੍ਰੀਤ ਸਿੰਘ ਅਤੇ ਮਾਂ ਦਿਵਜੋਤ ਕੌਰ ਦਾ ਕਹਿਣਾ ਹੈ ਕਿ ਅਨਦਜੋਤ ਉਨ੍ਹਾਂ ਦੀ ਇਕਲੌਤੀ ਬੇਟੀ ਹੈ ਅਤੇ ਉਸ ਨੂੰ ਡਾਂਸ ਦਾ ਸ਼ੌਂਕ ਤਿੰਨ ਸਾਲ ਦੀ ਉਮਰ ਤੋਂ ਹੈ। ਉਹ ਖੁਦ ਹੀ ਘਰ 'ਚ ਡਾਂਸ ਦੀ ਪ੍ਰੈਕਟਿਸ ਕਰਦੀ ਹੈ।

ਵਾਤਾਵਰਨ ਪ੍ਰਤੀ ਕਰਦੀ ਹੈ ਜਾਗਰੂਕ

ਦਿਵਜੋਤ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬੇਟੀ ਅਨਦਜੋਤ ਕੌਰ ਡਰਾਇੰਗ ਕਰ ਕੇ 'ਬੇਟੀ ਬਚਾਓ, ਬੇਟੀ ਪੜ੍ਹਾਓ', 'ਰੁੱਖ ਲਗਾਓ', 'ਪਾਣੀ ਦੀ ਬਰਬਾਦੀ ਰੋੋਕ', ਆਦਿ ਸਲੋਗਨਾਂ ਰਾਹੀਂ ਸਾਰਥਿਕ ਸੁਨੇਹੇ ਦਿੰਦੀ ਹੈ। ਉਸ ਵੱਲੋਂ ਕਈ ਡਰਾਇੰਗ ਮੁਕਾਬਲਿਆਂ 'ਚ ਇਨਾਮ ਹਾਸਲ ਕੀਤੇ ਜਾ ਚੁੱਕੇ ਹਨ। ਹਰਪ੍ਰੀਤ ਸਿੰਘ ਕਹਿੰਦੇ ਹਨ ਉਨ੍ਹਾਂ ਦੀ ਬੇਟੀ ਉਨ੍ਹਾਂ ਲਈ ਪੁੱਤਰਾਂ ਨਾਲੋਂ ਵੀ ਵੱਧ ਹੈ।