ਚੰਦੀ/ਬਿੱਟੂ, ਜੰਡਿਆਲਾ ਗੁਰੂ/ਬੰਡਾਲਾ

ਸਿੱਖਿਆ ਵਿਭਾਗ ਪੰਜਾਬ ਦੇ ਸਰਕਾਰੀ ਪ੍ਰਰਾਇਮਰੀ ਸਕੂਲਾਂ ਵਿਚ ਲਗਭਗ ਪਿਛਲੇ 18 ਸਾਲਾਂ ਤੋਂ ਨਿਗੂਣੀਆਂ ਤਨਖਾਹਾਂ ਤੇ ਕੰਮ ਕਰ ਰਹੇ ਕੱਚੇ ਅਧਿਆਪਕ ਜਥੇਬੰਦੀ ਜੰਡਿਆਲਾ ਗੁਰੂ ਦਾ ਵਫ਼ਦ ਜ਼ਿਲ੍ਹਾ ਕਮੇਟੀ ਦੀਆਂ ਹਦਾਇਤਾਂ ਅਨੁਸਾਰ ਬਲਾਕ ਪ੍ਰਧਾਨ ਸੰਦੀਪ ਸਿੰਘ ਚੰਦੀ ਅਤੇ ਹਰਮਨ ਸਿੰਘ ਜੰਡਿਆਲਾ ਆਗੂ ਦੀ ਅਗਵਾਈ ਹੇਠ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਅਤੇ ਕਾਰਜਕਾਰੀ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਮਿਲਿਆ ਅਤੇ ਆਪਣਾ ਮੰਗ ਪੱਤਰ ਸੌਂਪਿਆ। ਇਸ ਮੌਕੇ ਅਧਿਆਪਕਾਂ ਨੇ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੂੰ ਦੱਸਿਆ ਕਿ ਅਸੀਂ ਪਿਛਲੇ 18 ਸਾਲਾਂ ਤੋਂ ਨਿਗੂਣੀਆਂ ਤਨਖ਼ਾਹਾਂ ਤੇ ਆਪਣੀਆਂ ਸੇਵਾਵਾਂ ਸਿੱਖਿਆ ਵਿਭਾਗ ਵਿਚ ਨਿਭਾ ਰਹੇ ਹਾਂ, ਪਰ ਸਾਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ। ਇਸੇ ਕਰਕੇ ਹੀ ਸਾਡਾ ਧਰਨਾ ਮੋਹਾਲੀ ਸਿੱਖਿਆ ਬੋਰਡ ਦੇ ਸਾਹਮਣੇ 16 ਜੂਨ 2021 ਤੋਂ ਲਗਾਤਾਰ ਜਾਰੀ ਹੈ ਅਤੇ 3 ਸਾਥੀ ਸਿੱਖਿਆ ਵਿਭਾਗ ਬੋਰਡ ਦੀ ਛੱਤ ਤੇ ਪਿਛਲੇ 43 ਦਿਨ ਤੋਂ ਚੜ੍ਹੇ ਹੋਏ ਹਨ। ਸਰਕਾਰ ਨਾਲ ਸਾਡੀਆਂ ਕਈ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਅਜੇ ਤਕ ਹੱਲ ਨਹੀਂ ਹੋਇਆ। ਇਸ ਤੋਂ ਬਾਅਦ ਡੈਨੀ ਬੰਡਾਲਾ ਨੇ ਕੱਚੇ ਅਧਿਆਪਕ ਜਥੇਬੰਦੀ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦਾ ਮਸਲਾ ਸਰਕਾਰ ਦੇ ਧਿਆਨ ਵਿਚ ਹੈ ਅਤੇ ਅਸੀਂ ਕੱਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਵਜੋਤ ਸਿੰਘ ਸਿੱਧੂ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਅਗਵਾਈ ਹੇਠ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਮਿਲੇ ਹਾਂ ਅਤੇ ਮੁੱਖ ਮੰਤਰੀ ਨੇ ਇਹ ਮੰਗਾਂ ਪ੍ਰਤੀ ਹਾਂ ਪੱਖੀ ਹੁੰਗਾਰਾ ਭਰਿਆ ਹੈ। ਇਸ ਮੌਕੇ ਸੰਦੀਪ ਸਿੰਘ ਚੰਦੀ ਬਲਾਕ ਪ੍ਰਧਾਨ, ਹਰਮਨ ਸਿੰਘ ਜੰਡਿਆਲਾ ਅਧਿਆਪਕ ਆਗੂ, ਸਾਹਿਲ, ਰਾਜਵਿੰਦਰ ਕੌਰ, ਰਾਜਬੀਰ ਕੌਰ, ਰਾਜ ਰਾਣੀ, ਅਮਰਜੀਤ ਕੌਰ, ਭੁਪਿੰਦਰ ਕੌਰ ਆਦਿ ਹਾਜ਼ਰ ਸਨ।