ਮਨੋਜ ਕੁਮਾਰ, ਅੰਮ੍ਰਿਤਸਰ : ਅੰਮ੍ਰਿਤਸਰ ਸ਼ਹਿਰ ਚਾਹਪੱਤੀ ਦੇ ਵਪਾਰ ਦੀ ਕਿਸੇ ਸਮੇਂ ਬਹੁਤ ਵੱਡੀ ਮੰਡੀ ਸੀ। ਇੱਥੋਂ ਅਫ਼ਗਾਨਿਸਤਾਨ ਤੇ ਈਰਾਨ ਤਕ ਚਾਹਪੱਤੀ ਦੀ ਸਪਲਾਈ ਹੁੰਦੀ ਸੀ। ਸਮੇਂ ਦਾ ਪਹੀਆ ਅਜਿਹਾ ਘੁੰਮਿਆ ਕਿ ਅੰਮ੍ਰਿਤਸਰ ਦੇ ਚਾਹਪੱਤੀ ਕਾਰੋਬਾਰੀਆਂ ਦਾ ਵਪਾਰ ਹੁਣ ਸਿਰਫ਼ ਜੰਮੂ-ਕਸ਼ਮੀਰ ਤਕ ਹੀ ਸੀਮਤ ਹੋ ਕੇ ਰਹਿ ਗਿਆ ਹੈ।

ਜਾਣਕਾਰੀ ਅਨੁਸਾਰ ਕੋਈ ਸੌ-ਡੇਢ ਸੌ ਸਾਲ ਪਹਿਲਾਂ ਪਿਸ਼ਾਵਰ ਦੇ ਸਰਹੱਦੀ ਇਲਾਕੇ (ਹੁਣ ਪਾਕਿਸਤਾਨ 'ਚ) ਦੇ ਲੋਕ, ਜੋ ਅਫ਼ਗਾਨਿਸਤਾਨ ਤਕ ਕਾਰੋਬਾਰ ਕਰਦੇ ਸਨ, ਨੇ ਗੁਰੂ ਕੀ ਨਗਰੀ ਅੰਮ੍ਰਿਤਸਰ 'ਚ ਆ ਕੇ ਚਾਹਪੱਤੀ ਦਾ ਕਾਰੋਬਾਰ ਸ਼ੁਰੂ ਕੀਤਾ ਸੀ। ਇਸ ਦੇ ਨਾਲ ਹੀ ਰਾਜਸਥਾਨ ਤੋਂ ਮਾਰਵਾੜੀ ਭਾਈਚਾਰੇ ਦੇ ਲੋਕ ਵੀ ਇੱਥੇ ਆ ਕੇ ਵਸ ਗਏ ਤੇ ਡਰਾਈ ਫਰੂਟ ਤੇ ਚਾਹਪੱਤੀ ਦਾ ਕਾਰੋਬਾਰ ਕਰਨ ਲੱਗੇ। ਦਿ ਅੰਮ੍ਰਿਤਸਰ ਟੀ-ਟਰੇਡਰਜ਼ ਐਸੋਸੀਏਸ਼ਨ ਦੇ ਪ੍ਰਧਾਨ ਰਾਜਿੰਦਰ ਕੁਮਾਰ ਗੋਇਲ ਨੇ ਦੱਸਿਆ ਭਾਰਤ-ਪਾਕਿ ਵੰਡ ਤੋਂ ਬਾਅਦ ਵੀ ਅੰਮ੍ਰਿਤਸਰ ਤੋਂ ਪਾਕਿਸਤਾਨ, ਅਫ਼ਗਾਨਿਸਤਾਨ ਤੇ ਈਰਾਨ ਤਕ ਚਾਹਪੱਤੀ ਦੀ ਸਪਲਾਈ ਹੁੰਦੀ ਰਹੀ ਹੈ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਦੀ ਮੰਡੀ ਤੋਂ ਹੀ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ ਤਕ ਚਾਹਪੱਤੀ ਦੀ ਸਪਲਾਈ ਹੁੰਦੀ ਸੀ ਪਰ ਹੁਣ ਇਸ ਮੰਡੀ ਦੀ ਹਾਲਤ ਪਹਿਲਾਂ ਵਾਲੀ ਨਹੀਂ ਰਹੀ। ਕਾਰੋਬਾਰ ਘੱਟਣ ਕਾਰਨ ਚਾਹਪੱਤੀ ਦੇ ਵਪਾਰੀਆਂ ਦੀ ਨਵੀਂ ਪੀੜ੍ਹੀ ਆਪਣਾ ਜੱਦੀ ਕਾਰੋਬਾਰ ਛੱਡਣ ਲਈ ਮਜਬੂਰ ਹੈ।

ਰਾਜਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਗੁਰੂ ਕੀ ਨਗਰੀ 'ਚ ਚਾਹਪੱਤੀ ਦਾ ਕਾਰੋਬਾਰ ਘਟਣ ਦੇ ਬਹੁਤ ਸਾਰੇ ਕਾਰਨ ਹਨ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਨਾਲ ਸਬੰਧ ਵਿਗੜਨ ਕਾਰਨ ਵੀ ਇਹ ਕਾਰੋਬਾਰ ਘਟਦਾ ਗਿਆ। ਪਾਕਿਸਤਾਨ ਨੇ ਸੜਕੀ ਮਾਰਗ ਰਾਹੀਂ ਚਾਹਪੱਤੀ ਦੇ ਕਾਰੋਬਾਰ 'ਚ ਲਗਾਤਾਰ ਅੜਿੱਕੇ ਡਾਹੁਣੇ ਸ਼ੁਰੂ ਕਰ ਦਿੱਤੇ ਜਿਸ ਕਾਰਨ ਵਪਾਰੀਆਂ ਨੇ ਅਫ਼ਗਾਨ ਏਅਰ ਲਾਈਨਜ਼ ਰਾਹੀਂ ਅਫ਼ਗਾਨਿਸਤਾਨ ਨੂੰ ਮਾਲ ਭੇਜਣਾ ਸ਼ੁਰੂ ਕਰ ਦਿੱਤਾ ਪਰ ਕਿਰਾਇਆ ਬਹੁਤ ਜ਼ਿਆਦਾ ਹੋਣ ਕਾਰਨ ਵਪਾਰ ਬੰਦ ਕਰਨਾ ਪਿਆ।

ਗੋਇਲ ਅਨੁਸਾਰ ਜਿਵੇਂ-ਜਿਵੇਂ ਸੰਚਾਰ ਦੇ ਮਾਧਿਅਮ ਵਿਕਸਿਤ ਹੁੰਦੇ ਗਏ, ਹਰਿਆਣਾ ਤੇ ਹਿਮਾਚਲ ਦੇ ਵਪਾਰੀਆਂ ਨੇ ਅਸਾਮ, ਪੱਛਮੀ ਬੰਗਾਲ ਤੇ ਦੱਖਣੀ ਭਾਰਤ ਦੇ ਚਾਹਪੱਤੀ ਦੇ ਕਾਰੋਬਾਰੀਆਂ ਨਾਲ ਸਿੱਧਾ ਰਾਬਤਾ ਕਾਇਮ ਕਰ ਕੇ ਵਪਾਰ ਕਰਨਾ ਸ਼ੁਰੂ ਕਰ ਦਿੱਤਾ। ਇਸ ਦਾ ਸਿੱਧਾ ਪ੍ਰਭਾਵ ਅੰਮ੍ਰਿਤਸਰ ਦੀ ਮੰਡੀ 'ਤੇ ਪਿਆ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਦੀ ਚਾਹਪੱਤੀ ਦੀ ਮੰਡੀ ਹੁਣ ਸਿਰਫ਼ ਜੰਮੂ-ਕਸ਼ਮੀਰ ਦੇ ਸਿਰ 'ਤੇ ਟਿਕੀ ਹੋਈ ਹੈ। ਜੰਮੂ-ਕਸ਼ਮੀਰ ਨੂੰ ਪਹਿਲਾਂ ਵੱਡੀ ਮਾਤਰਾ 'ਚ ਸਿਰਫ਼ ਹਰੀ ਚਾਹ ਦੀ ਸਪਲਾਈ ਹੁੰਦੀ ਸੀ ਪਰ ਹੁਣ ਉੱਥੋਂ ਕਾਲੀ ਚਾਹਪੱਤੀ ਦੀ ਮੰਗ ਹੋਣ ਲੱਗ ਪਈ ਹੈ।

ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਦੀ ਚਾਹਪੱਤੀ ਦੀ ਮੰਡੀ ਦਾ ਕਾਰੋਬਾਰ ਘਟਣ 'ਤੇ ਕਾਰੋਬਾਰੀਆਂ ਦੀ ਨਵੀਂ ਪੀੜ੍ਹੀ ਆਪਣੇ ਪੁਰਖਿਆਂ ਦੇ ਇਸ ਕੰਮ ਨੂੰ ਛੱਡ ਕੇ ਹੋਰ ਕੰਮਾਂਕਾਰਾਂ 'ਚ ਪੈ ਗਈ ਹੈ। ਉਨ੍ਹਾਂ ਦੱਸਿਆ ਕਿ ਐਸੋਸੀਏਸ਼ਨ ਦੇ ਕਰੀਬ 250 ਮੈਂਬਰ ਹਨ ਜੋ ਇਸ ਕਾਰੋਬਾਰ ਨਾਲ ਜੁੜੇ ਹੋਏ ਹਨ।

Posted By: Seema Anand