ਅੰਮਿ੍ਤਪਾਲ ਸਿੰਘ, ਅੰਮਿ੍ਤਸਰ : ਜੌੜੇ ਫਾਟਕ 'ਤੇ 19 ਅਕਤੂਬਰ 2018 ਨੂੰ ਦੁਸਹਿਰੇ ਵਾਲੇ ਦਿਨ ਰੇਲ ਹਾਦਸੇ ਦੇ 34 ਮਿ੍ਤਕਾਂ ਦੇ ਪਰਿਵਾਰਕ ਮੈਂਬਰ ਪੰਜਾਬ ਮੰਤਰੀ ਮੰਡਲ ਵੱਲੋਂ ਨੌਕਰੀਆਂ ਦੇਣ ਦੀ ਪ੍ਰਵਾਨਗੀ ਮਿਲਣ 'ਤੇ ਹਰਿਮੰਦਰ ਸਾਹਿਬ ਮੱਥਾ ਟੇਕਣ ਪੁੱਜੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਮੰਤਰੀ ਮੰਡਲ ਨੇ ਅੰਮਿ੍ਤਸਰ ਰੇਲ ਹਾਦਸੇ ਦੇ 34 ਮਿ੍ਤਕਾਂ ਦੇ ਪਰਿਵਾਰਕ ਮੈਂਬਰਾਂ/ਵਾਰਸਾਂ ਨੂੰ ਖ਼ਾਸ ਕੇਸ ਵਜੋਂ ਵਿਚਾਰਦਿਆਂ ਨਿਯਮਾਂ ਵਿਚ ਢਿੱਲ ਦਿੰਦਿਆਂ ਉਨ੍ਹਾਂ ਦੀ ਯੋਗਤਾ ਮੁਤਾਬਕ ਵੱਖ-ਵੱਖ ਵਿਭਾਗਾਂ/ਸੰਸਥਾਵਾਂ ਵਿਚ ਨੌਕਰੀਆਂ ਦੇਣ ਦੀ ਪ੍ਰਵਾਨਗੀ ਦਿੱਤੀ ਹੈ।

ਯਾਦ ਰਹੇ ਦੁਸਹਿਰੇ ਵਾਲੇ ਦਿਨ 19 ਅਕਤੂਬਰ 2018 ਨੂੰ ਅੰਮਿ੍ਤਸਰ ਵਿਖੇ ਜੌੜੇ ਫਾਟਕ ਵਿਖੇ ਭਿਆਨਕ ਹਾਦਸਾ ਵਾਪਰਿਆ ਸੀ, ਜਿਸ ਵਿਚ 58 ਵਿਅਕਤੀਆਂ ਦੀ ਮੌਤ ਤੇ 71 ਵਿਅਕਤੀ ਜ਼ਖ਼ਮੀ ਹੋ ਗਏ ਸਨ। ਮਿ੍ਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਤਰਸ ਦੇ ਆਧਾਰ 'ਤੇ ਨੌਕਰੀ ਲਈ ਸੂਬੇ ਦੀ ਮੌਜੂਦਾ ਨੀਤੀ ਅਨੁਸਾਰ, 21 ਨਵੰਬਰ 2002 ਦੀਆਂ ਹਦਾਇਤਾਂ ਦੇ ਦਾਇਰੇ ਤੋਂ ਬਾਹਰ ਰਹਿਣ ਕਰ ਕੇ ਦਿੱਤੀ ਜਾ ਰਹੀ ਹੈ। ਮੰਗਲਵਾਰ ਨੂੰ ਇਨ੍ਹਾਂ ਸਾਰਿਆਂ ਪਰਿਵਾਰਕ ਮੈਂਬਰਾਂ ਨੇ ਇਕੱਠੇ ਹੋ ਕੇ ਹਰਿਮੰਦਰ ਸਾਹਿਬ ਪਹੁੰਚ ਕੇ ਸ਼ੁਕਰਾਨਾ ਕੀਤਾ।