ਅੰਮਿ੍ਰਤਪਾਲ ਸਿੰਘ, ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਚੀਫ ਖਾਲਸਾ ਦੀਵਾਨ 'ਚ ਪਤਿਤ ਮੈਂਬਰਾਂ ਦੀਆਂ ਸ਼ਿਕਾਇਤਾਂ ਨੂੰ ਦੇਖਦਿਆਂ ਦੀਵਾਨ 'ਚ ਨਵੇਂ ਮੈਂਬਰ ਭਰਤੀ ਕਰਨ 'ਤੇ ਰੋਕ ਲਗਾ ਦਿੱਤੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਲੰਬੇ ਸਮੇਂ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਿਕਾਇਤਾਂ ਪੁੱਜ ਰਹੀਆਂ ਹਨ। ਇਨ੍ਹਾਂ ਸ਼ਿਕਾਇਤਾਂ 'ਚ ਦੀਵਾਨ ਦੇ ਮੈਂਬਰਾਂ ਦੇ ਪਤਿਤ ਹੋਣ ਦਾ ਜ਼ਿਕਰ ਹੈ, ਜਿਸ ਸਬੰਧੀ ਪਿਛਲੇ ਸਮੇਂ 'ਚ ਦੀਵਾਨ ਪਾਸੋਂ ਮੈਂਬਰਾਂ ਦੀ ਸੂਚੀ ਅਤੇ ਅੰਮ੍ਰਿਤ ਛਕੇ ਹੋਣ ਸਬੰਧੀ ਫਾਰਮ ਓ ਅਤੇ ਓ-ਓ ਮੰਗਿਆ ਸੀ। ਇਸ ਨੂੰ ਦੀਵਾਨ ਵਲੋਂ 15 ਦਿਨਾਂ ਦੇ ਸਮੇਂ ਦੇਣ ਲਈ ਕਿਹਾ ਸੀ। ਲੰਬਾ ਸਮਾਂ ਬੀਤਣ 'ਤੇ ਵੀ ਉਨ੍ਹਾਂ ਪਾਸ ਸੂਚੀ ਨਹੀਂ ਪਹੁੰਚੀ ਤੇ ਇਸ ਤੋਂ ਬਾਅਦ ਵੀ ਸ਼ਿਕਾਇਤ ਪੁੱਜੀ ਹੈ ਕਿ ਦੀਵਾਨ ਵਲੋਂ ਨਵੇਂ 65 ਮੈਂਬਰ ਬਣਾਏ ਗਏ ਹਨ। 40 ਤੋਂ ਵੱਧ ਮੈਂਬਰ ਹੋਣ ਬਣਾਉਣ ਦੀ ਤਿਆਰੀ ਹੈ।

ਜਥੇਦਾਰ ਨੇ ਕਿਹਾ ਕਿ ਚੀਫ ਖਾਲਸਾ ਦੀਵਾਨ ਦੇ ਅਹੁਦੇਦਾਰਾਂ ਨੂੰ ਪੁਰਾਣੇ ਮੈਂਬਰਾਂ ਤੋਂ ਇਲਾਵਾ ਨਵੇਂ ਮੈਂਬਰਾਂ ਦੇ ਵੀ ਓ ਤੇ ਓ-ਓ ਫਾਰਮ ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵਿਖੇ ਜਮ੍ਹਾਂ ਕਰਵਾਉਣ ਲਈ ਪੱਤਰ ਜਾਰੀ ਕਰ ਦਿੱਤਾ ਹੈ। ਜਦੋਂ ਤਕ ਇਨ੍ਹਾਂ ਮੈਂਬਰਾਂ ਦੇ ਓ ਅਤੇ ਓ-ਓ ਫਾਰਮ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਹੀਂ ਪੁੱਜ ਜਾਂਦੇ ਤੇ ਇਨ੍ਹਾਂ ਦੀ ਸ਼ਨਾਖਤ ਨਹੀਂ ਹੋ ਜਾਂਦੀ, ਉਸ ਸਮੇਂ ਤਕ ਦੀਵਾਨ 'ਚ ਨਵੇਂ ਮੈਂਬਰ ਬਣਾਉਣ ਦੀ ਰੋਕ ਲਗਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਚੀਫ ਖਾਲਸਾ ਦੀਵਾਨ ਦੇ ਮੈਂਬਰ ਦਾ ਅੰਮ੍ਰਿਤਧਾਰੀ ਹੋਣਾ ਜ਼ਰੂਰੀ ਹੈ ਅਤੇ ਇਹ ਸੰਸਥਾ ਸਿੱਖਾਂ ਦੀ ਤਰਜਮਾਨੀ ਕਰਦੀ ਹੈ ਜਿਸ ਲਈ ਇਸ ਸੰਸਥਾ ਨੂੰ ਬਚਾਉਣ ਦੀ ਸਖਤ ਲੋੜ ਹੈ। ਸੰਵਿਧਾਨ ਮੁਤਾਬਕ ਹੀ ਦੀਵਾਨ ਅੰਦਰ ਗਤੀਵਿਧੀਆਂ ਹੋਣੀਆਂ ਚਾਹੀਦੀਆਂ ਹਨ।

Posted By: Seema Anand