Amritsar News : ਸਰਹੱਦ ਪਾਰੋਂ ਹਥਿਆਰ ਤਸਕਰੀ ਕਰਨ ਵਾਲੇ ਗਿਰੋਹ ਦਾ ਇਕ ਮੈਂਬਰ ਗ੍ਰਿਫ਼ਤਾਰ, ਪੰਜ ਪਿਸਤੌਲ ਬਰਾਮਦ
ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਤਰਨਤਾਰਨ ਦੇ ਪਿੰਡ ਖਾਲੜਾ ਦੇ ਵਸਨੀਕ ਸੰਦੀਪ ਸਿੰਘ ਵਜੋਂ ਹੋਈ ਹੈ। ਬਰਾਮਦ ਕੀਤੇ ਗਏ ਹਥਿਆਰਾਂ ਵਿੱਚ ਚਾਰ .30 ਬੋਰ ਪਿਸਤੌਲ ਸਮੇਤ ਮੈਗਜ਼ੀਨ ਅਤੇ ਇੱਕ 9 ਐਮਐਮ ਪਿਸਤੌਲ ਸਮੇਤ ਮੈਗਜ਼ੀਨ ਸ਼ਾਮਲ ਹਨ। ਪੁਲਿਸ ਟੀਮਾਂ ਨੇ ਉਕਤ ਮੁਲਜ਼ਮ ਦੀ ਰਾਇਲ ਐਨਫੀਲਡ (ਬੁਲੇਟ) ਮੋਟਰਸਾਈਕਲ ਵੀ ਜ਼ਬਤ ਕੀਤੀ ਹੈ, ਜਿਸਦੀ ਵਰਤੋਂ ਖੇਪਾਂ ਦੀ ਢੋਆ-ਢੁਆਈ ਲਈ ਕੀਤੀ ਜਾ ਰਹੀ ਸੀ।
Publish Date: Sun, 07 Dec 2025 06:11 PM (IST)
Updated Date: Sun, 07 Dec 2025 06:14 PM (IST)
ਪੰਜਾਬੀ ਜਾਗਰਣ ਟੀਮ, ਅੰਮ੍ਰਿਤਸਰ : ਕਾਊਂਟਰ ਇੰਟੈਲੀਜੈਂਸ (CI) ਅੰਮ੍ਰਿਤਸਰ ਨੇ ਪਾਕਿਸਤਾਨ-ਸਮਰਥਿਤ ਹਥਿਆਰ ਤਸਕਰੀ ਮਾਡਿਊਲ ਦੇ ਇੱਕ ਕਾਰਕੁਨ ਨੂੰ ਪੰਜ ਆਧੁਨਿਕ ਪਿਸਤੌਲਾਂ ਸਮੇਤ ਗ੍ਰਿਫਤਾਰ ਕਰਕੇ ਇਸ ਗਿਰੋਹ ਦਾ ਪਰਦਾਫਾਸ਼ ਕੀਤਾ ਹੈ । ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (DGP) ਪੰਜਾਬ ਗੌਰਵ ਯਾਦਵ ਨੇ ਐਤਵਾਰ ਨੂੰ ਇੱਥੇ ਦਿੱਤੀ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਤਰਨਤਾਰਨ ਦੇ ਪਿੰਡ ਖਾਲੜਾ ਦੇ ਵਸਨੀਕ ਸੰਦੀਪ ਸਿੰਘ ਵਜੋਂ ਹੋਈ ਹੈ। ਬਰਾਮਦ ਕੀਤੇ ਗਏ ਹਥਿਆਰਾਂ ਵਿੱਚ ਚਾਰ .30 ਬੋਰ ਪਿਸਤੌਲ ਸਮੇਤ ਮੈਗਜ਼ੀਨ ਅਤੇ ਇੱਕ 9 ਐਮਐਮ ਪਿਸਤੌਲ ਸਮੇਤ ਮੈਗਜ਼ੀਨ ਸ਼ਾਮਲ ਹਨ। ਪੁਲਿਸ ਟੀਮਾਂ ਨੇ ਉਕਤ ਮੁਲਜ਼ਮ ਦੀ ਰਾਇਲ ਐਨਫੀਲਡ (ਬੁਲੇਟ) ਮੋਟਰਸਾਈਕਲ ਵੀ ਜ਼ਬਤ ਕੀਤੀ ਹੈ, ਜਿਸਦੀ ਵਰਤੋਂ ਖੇਪਾਂ ਦੀ ਢੋਆ-ਢੁਆਈ ਲਈ ਕੀਤੀ ਜਾ ਰਹੀ ਸੀ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ, ਆਪਣੇ ਸਾਥੀ ਅਤੇ ਪੁਲਿਸ ਨੂੰ ਲੋੜੀਂਦੇ ਸੈਫਲੀ ਸਿੰਘ ਦੇ ਨਾਲ, ਇੱਕ ਪਾਕਿਸਤਾਨੀ ਹੈਂਡਲਰ ਦੇ ਨਿਰਦੇਸ਼ਾਂ ’ਤੇ ਹਥਿਆਰਾਂ ਦੀ ਖੇਪ ਪ੍ਰਾਪਤ ਕਰਦਾ ਸੀ ਅਤੇ ਉਨ੍ਹਾਂ ਹਥਿਆਰਾਂ ਨੂੰ ਅੱਗੇ ਪੰਜਾਬ ਵਿੱਚ ਅਪਰਾਧੀਆਂ ਅਤੇ ਗੈਂਗਸਟਰਾਂ ਨੂੰ ਸਪਲਾਈ ਕਰਦਾ ਸੀ। ਉਨ੍ਹਾਂ ਅੱਗੇ ਕਿਹਾ ਕਿ ਪਾਕਿਸਤਾਨੀ ਹੈਂਡਲਰ ਸਰਹੱਦ ਪਾਰੋਂ ਨਸ਼ੀਲੇ ਪਦਾਰਥ ਪਹੁੰਚਾਉਣ ਲਈ ਡਰੋਨ ਦੀ ਵਰਤੋਂ ਕਰਦਾ ਸੀ।
ਅਪ੍ਰੇਸ਼ਨ ਸਬੰਧੀ ਵੇਰਵੇ ਸਾਂਝੇ ਕਰਦੇ ਹੋਏ, ਡੀਜੀਪੀ ਨੇ ਕਿਹਾ ਕਿ ਸੀ.ਆਈ. ਅੰਮ੍ਰਿਤਸਰ ਨੂੰ ਪਿੰਡ ਖਾਲੜਾ ਦੇ ਨੇੜਲੇ ਭਾਰਤ-ਪਾਕਿਸਤਾਨ ਸਰਹੱਦੀ ਖੇਤਰ ਤੋਂ ਗੈਰ-ਕਾਨੂੰਨੀ ਹਥਿਆਰਾਂ ਦੀ ਇੱਕ ਵੱਡੀ ਖੇਪ ਪ੍ਰਾਪਤ ਹੋਣ ਬਾਰੇ ਖੁਫੀਆ ਇਤਲਾਹ ਮਿਲੀ ਸੀ। ਜਿਸ ’ਤੇ ਸਰਗਰਮੀ ਨਾਲ ਕਾਰਵਾਈ ਕਰਦੇ ਹੋਏ, ਸੀ.ਆਈ.-ਅੰਮ੍ਰਿਤਸਰ ਦੀ ਪੁਲਿਸ ਟੀਮ ਨੇ ਤਰਨਤਾਰਨ ਦੇ ਪਿੰਡ ਠੱਠਾ ਦੇ ਨੇੜੇ ਉਕਤ ਸ਼ੱਕੀ ਸੰਦੀਪ ਸਿੰਘ ਨੂੰ ਉਦੋਂ ਕਾਬੂ ਕੀਤਾ, ਜਦੋਂ ਉਹ ਖੇਪ ਕਿਸੇ ਪਾਰਟੀ ਨੂੰ ਪਹੁੰਚਾਉਣ ਜਾ ਰਿਹਾ ਸੀ ਅਤੇ ਉਸਦੇ ਕਬਜ਼ੇ ਚੋਂ ਗੈਰ-ਕਾਨੂੰਨੀ ਹਥਿਆਰ ਵੀ ਬਰਾਮਦ ਕੀਤੇ।