ਬਲਰਾਜ ਸਿੰਘ, ਵੇਰਕਾ : ਵਿਸ਼ਾਲ ਰਕਬੇ 'ਚ ਫੈਲੈ ਨਗਰ ਨਿਗਮ ਅੰਮਿ੍ਤਸਰ ਅਧੀਨ ਆਉਂਦੇ 40 ਖ਼ੂਹ ਸਥਿਤ ਰੋਜ਼ ਗਾਰਡਨ ਦੀ ਪਿਛਲੇ ਕਈ ਸਾਲਾਂ ਤੋਂ ਸਾਂਭ ਸੰਭਾਲ ਪੱਖੋਂ ਹਾਲਤ ਤਰਸਯੋਗ ਬਣੀ ਹੋਈ ਹੈ। ਜੇਕਰ ਬਾਗ ਨੂੰ ਨਸ਼ੇੜੀਆਂ, ਜੁਆਰੀਆਂ, ਚੋਰਾਂ ਦਾ ਗੜ੍ਹ ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਉਕਤ ਸਬੰਧ ਵਿਚ ਲੋਕ ਸੇਵਾ ਸੀਨੀਅਰ ਸਿਟੀਜਨ ਸੁਸਾਇਟੀ ਅੰਮਿ੍ਤਸਰ ਦੇ ਪ੍ਰਧਾਨ ਦੁਰਗਾ ਦਾਸ, ਬਾਗ ਦੇ ਪ੍ਰਧਾਨ ਜਗੀਰ ਸਿੰਘ, ਜਨਰਲ ਸਕੱਤਰ ਗਿਰਧਾਰੀ ਲਾਲ ਮਲਿਕ, ਅਹੁਦੇਦਾਰਾਂ ਮਨਜੀਤ ਸਿੰਘ ਬੇਦੀ, ਗੁਰਦਿਆਲ ਮਹਾਜਨ, ਸੁਰਿੰਦਰ ਸੈਣੀ, ਯਸ਼ ਪਾਲ, ਸਰਵਨ ਭੰਡਾਰੀ ਨੇ ਕਿਹਾ ਕਿ ਬਾਗ ਨਸ਼ੇੜੀਆਂ ਦਾ ਅੱਡਾ ਬਣ ਚੁੱਕਾ ਹੈ। ਬਾਗ ਦੇ ਮੱਧ ਤੋਂ ਅੰਤ ਤੱਕ ਝਾੜੀਆਂ ਓਹਲੇ ਨਸ਼ੇੜੀ ਸਵੇਰ ਤੋਂ ਦੇਰ ਰਾਤ ਤੱਕ ਟੀਕੇ ਤੇ ਪਨੀਆਂ ਨਾਲ ਨਸ਼ਾ ਕਰਦੇ ਆਮ ਦੇਖੇ ਜਾ ਸਕਦੇ ਹਨ। ਜਿਸ ਦੀਆਂ ਨਿਸ਼ਾਨੀਆਂ ਬਾਗ ਅੰਦਰ ਪਈਆਂ ਟੀਕੇ ਲਾਉਣ ਵਾਲੀਆਂ ਸਰਿੰਜਾਂ ਤੇ ਸਿਲਵਰ ਦੀਆਂ ਪਨੀਆਂ ਤੋਂ ਸਹਿਜੇ ਹੀ ਮਿਲ ਜਾਂਦੀਆਂ। ਨਸ਼ੇੜੀ ਨਾਲ ਦੇ ਪਿੰਡ ਮੋਹਕਮਪੁਰਾ ਤੇ ਰਸੂਲਪੁਰ ਕੱਲਰਾਂ ਰਸਤੇ ਬਾਗ ਦੀ ਕੰਧ ਟੱਪ ਕੇ ਅੰਦਰ ਪ੍ਰਵੇਸ਼ ਕਰ ਜਾਂਦੇ ਹਨ। ਪੁਲਿਸ ਦੀ ਕਾਰਵਾਈ ਿਢੱਲੀ ਹੋਣ ਕਾਰਨ ਕਿਸੇ ਦਾ ਡਰ ਖ਼ੌਫ਼ ਨਹੀਂ। ਹਰ ਸਮੇਂ ਬਾਗ ਅੰਦਰ ਦਰਜਨ ਦੇ ਕਰੀਬ ਢਾਣੀਆਂ ਬਣਾ ਕੇ ਰਾਤ 10 ਵਜੇ ਤੱਕ ਜੂਏ ਦਾ ਦੌਰ ਚੱਲਦਾ ਹੈ। ਚੋਰ ਸ਼ਰੇਆਮ ਸਾਰੇ ਬਾਗ ਅੰਦਰਲੀਆਂ ਕੀਮਤੀ ਐੱਲਈਡੀ ਲਾਈਟਾਂ, ਖੰਬਿਆਂ ਤੱਕ ਉਖਾੜ ਕੇ ਲੈ ਗਏ ਹਨ। ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਪਿਛਲੇ ਮਹੀਨੇ ਬਾਗ ਨੂੰ ਬਿਜਲੀ ਸਪਲਾਈ ਦੇਣ ਵਾਲਾ ਬਾਗ ਦੀ ਮੇਨ ਐਂਟਰੀ ਕੋਲ ਲੱਗਾ ਵੱਡਾ ਪੈਨਲ ਚੋਰੀ ਕਰਕੇ ਲੈ ਗਏ। ਗ਼ਲਤ ਅਨਸਰਾਂ ਦੇ ਡਰ ਕਾਰਨ ਬਾਗ ਅੰਦਰ ਸੈਰ ਕਰਨ ਆਉਣ ਵਾਲਿਆਂ ਦੀ ਗਿਣਤੀ ਦਿਨ-ਬ-ਦਿਨ ਘਟਦੀ ਜਾ ਰਹੀ ਹੈ। ਇਸ ਵਰਤਾਰੇ 'ਤੇ ਸੁਸਾਇਟੀ ਅਹੁਦੇਦਾਰਾਂ ਚਿੰਤਾ ਦਾ ਪ੍ਰਗਟਾਵਾ ਕੀਤਾ। ਡੇਢ ਦਹਾਕਾ ਪਹਿਲਾਂ ਕੇਂਦਰ ਸਰਕਾਰ ਦੇ ਹਿਰਦੇ ਯੋਜਨਾ ਤਹਿਤ ਅਕਾਲੀ ਦਲ ਸਰਕਾਰ ਦੌਰਾਨ ਖਰਚ ਕੀਤੇ ਕਰੋੜਾਂ ਰੁਪਏ ਦੀ ਬਰਬਾਦੀ ਹੋ ਰਹੀ ਹੈ। ਸੁਸਾਇਟੀ ਪ੍ਰਧਾਨ ਦੁਰਗਾ ਦਾਸ, ਬਾਗ ਦੇ ਪ੍ਰਧਾਨ ਜਗੀਰ ਸਿੰਘ, ਗਿਰਧਾਰੀ ਲਾਲ ਨੇ ਕਿਹਾ ਬਾਗ ਦੀ ਹਾਲਤ ਸਬੰਧੀ ਵੱਖ-ਵੱਖ ਸਮੇਂ ਦੇ ਹਲਕਾ ਵਿਧਾਇਕਾਂ, ਨਿਗਰ ਨਿਗਮ ਕਮਿਸ਼ਨਰਾਂ, ਮੇਅਰਾਂ ਅਤੇ ਨਿਗਮ ਦੇ ਸੀਨੀਅਰ ਅਧਿਕਾਰੀਆਂ ਨੂੰ ਬਾਗ ਦੀ ਹਾਲਤ ਸੁਧਾਰਨ ਦੀਆਂ ਅਪੀਲਾਂ ਦੇ ਬਾਵਜੂਦ ਕੌਈ ਸੁਧਾਰ ਹੋਣ ਦੀ ਬਜਾਏ ਵਿਰਾਸਤੀ 40 ਖੂਹ ਬਾਗ ਦੀ ਹਾਲਤ ਨਿਘਾਰ ਵੱਲ ਜਾ ਰਹੀ ਹੈ। ਸੁਸਾਇਟੀ ਅਹੁਦੇਦਾਰਾਂ ਕਿਹਾ ਕਿ ਵਿਰਾਸਤੀ 40 ਖੂਹ ਬਾਗ ਨੂੰ ਨਸ਼ੇੜੀਆਂ, ਚੋਰਾਂ ਤੇ ਜੁਆਰੀਆਂ ਦੇ ਕਬਜ਼ੇ ਤੋਂ ਮੁਕਤ ਕਰਾਇਆ ਜਾਵੇ।
ਬਾਕਸ
ਆਈਏਐੱਸ ਅਧਿਕਾਰੀ ਏਕੇ ਕੁੰਦਰਾ ਦੀ ਦੇਣ ਹੈ ਬਾਗ
ਦਾਰ ਦਹਾਕੇ ਪਹਿਲਾਂ ਆਈਏਐੱਸ ਅਧਿਕਾਰੀ ਏਕੇ ਕੁੰਦਰਾ ਦੀ ਦੇਣ ਸੀ 40 ਖੂਹ ਰੋਜ਼ ਗਾਰਡਨ ਨਾਮਕ ਬਾਗ। ਜੋ ਉਸ ਸਮੇਂ ਨਗਰ ਨਿਗਮ ਦੇ ਹੋਰ ਬਾਗਾਂ ਵਿਚੋਂ ਇਕ ਨੰਬਰ 'ਤੇ ਗਿਣਿਆ ਜਾਂਦਾ ਸੀ। ਹਰ ਪਾਸੇ ਵੱਖ-ਵੱਖ ਕਿਸਮਾਂ ਦੇ ਫੱੁਲਾਂ ਦੀਆਂ ਦੂਰ ਦੂਰ ਤੱਕ ਮਹਿਕਾਂ ਬਿਖੇਰਦੇ ਬਾਗ ਵਿਚ ਸੈਰ ਕਰਨ ਦੇ ਸ਼ੌਕੀਨਾਂ ਦੀ ਸਵੇਰ-ਸ਼ਾਮ ਭੀੜ ਹੁੰਦੀ ਸੀ, ਜੋ ਕੇਵਲ ਚਾਰ ਤੋਂ ਪੰਜ ਸਾਲ ਤੱਕ ਕਾਇਮ ਰਹੀ ਬਾਅਦ ਵਿਚ ਇਸ ਬਾਗ ਉੱਜੜੇ ਬਾਗਾਂ ਦਾ ਗਾਲ੍ਹੜ ਪਟਵਾਰੀ ਵਾਲੀ ਕਹਾਵਤ ਬਣ ਗਿਆ। ਜਿਸ ਪਾਸੇ ਅੱਜ ਤੱਕ ਕਿਸੇ ਦਾ ਧਿਆਨ ਨਹੀਂ ਗਿਆ।