ਪੱਤਰ ਪੇ੍ਰਰਕ, ਅੰਮਿ੍ਤਸਰ : ਕੈਬਨਿਟ ਖੇਤੀਬਾੜੀ, ਪੰਚਾਇਤਾਂ, ਐੱਨਆਰਆਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਨਿਰਦੇਸ਼ਾਂ ਤੇ ਅੰਮਿ੍ਤਸਰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿਚ ਕਿਸਾਨਾਂ ਦੇ ਖੇਤਾਂ ਦਾ ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਡਾ. ਜਤਿੰਦਰ ਸਿੰਘ ਗਿੱਲ ਨੇ ਦੌਰਾ ਕੀਤਾ। ਇਸ ਮੌਕੇ ਉਨਾਂ੍ਹ ਨਾਲ ਡਿਪਟੀ ਡਾਇਰੈਕਟਰ ਕੇਵੀਕੇ ਡਾ. ਬਿਕਰਮਜੀਤ ਸਿੰਘ, ਖੇਤੀ ਵਿਸਥਾਰ ਅਫਸਰ ਪ੍ਰਭਦੀਪ ਸਿੰਘ ਗਿੱਲ ਚੇਤਨਪੁਰਾ, ਕੇਵੀਕੇ ਦੇ ਵਿਗਿਆਨੀ ਆਦਿ ਸਟਾਫ਼ ਤੇ ਕਿਸਾਨ ਹਾਜ਼ਰ ਸਨ। ਜ਼ਿਲ੍ਹਾ ਮੁੱਖ ਅਫਸਰ ਡਾ. ਜਤਿੰਦਰ ਸਿੰਘ ਗਿੱਲ ਅਤੇ ਡਾ. ਬਿਕਰਮਜੀਤ ਸਿੰਘ ਨੇ ਦੱਸਿਆ ਕਿ ਕਣਕ ਦੀ ਫ਼ਸਲ ਵਿਚ ਉੱਗੇ ਹੋਏ ਨਦੀਨਾਂ ਦੇ ਬੂਟਿਆਂ ਨੂੰ ਮਾਰਨ ਲਈ ਨਦੀਨ ਨਾਸ਼ਕਾਂ ਦੀ ਸਪਰੇਅ ਉਸ ਸਮੇਂ ਕਰਨੀ ਚਾਹੀਦੀ ਹੈ, ਜਦੋਂ ਨਦੀਨ ਦੋ ਤੋਂ ਤਿੰਨ ਪੱਤਿਆਂ ਦੀ ਅਵਸਥਾ ਵਿਚ ਹੋਣ। ਨਦੀਨ ਦੇ ਵੱਡੇ ਬੂਟਿਆਂ ਵਿਚ ਨਦੀਨ ਨਾਸ਼ਕ ਨੂੰ ਸਹਿ ਸਕਣ ਦੀ ਸ਼ਕਤੀ ਵੱਧ ਜਾਂਦੀ ਹੈ। ਨਦੀਨ ਨਾਸ਼ਕ ਦੀ ਵਰਤੋਂ ਹਮੇਸ਼ਾਂ ਚੰਗੀ ਸਿੱਲ ਵਿਚ ਕਰੋ, ਜੇਕਰ ਖੇਤ ਵਿਚ ਸਿੱਲ ਘੱਟ ਹੋਵੇ ਤਾਂ ਕੁਝ ਨਦੀਨ ਨਾਸ਼ਕ ਫ਼ਸਲ ਦਾ ਨੁਕਸਾਨ ਕਰ ਸਕਦੇ ਹਨ, ਕਣਕ ਦੀ ਫ਼ਸਲ ਵਿਚ ਨਦੀਨ ਨਾਸ਼ਕ ਦੀ ਸਪਰੇਅ ਕਰਨ ਸਮੇਂ ਹਮੇਸ਼ਾਂ ਕੱਟਵਾਲੀ ਜਾਂ ਟੱਕ ਵਾਲੀ ਨੌਜਲ ਦੀ ਵਰਤੋਂ ਕਰਨੀ ਚਾਹੀਦੀ ਹੈ। ਨਦੀਨ ਨਾਸ਼ਕਾਂ ਦੀ ਵਰਤੋਂ ਸਮੇਂ 150 ਲੀਟਰ ਪਾਣੀ ਪ੍ਰਤੀ ਏਕੜ ਵਰਤਣਾ ਚਾਹੀਦਾ ਹੈ।