ਪਿਛਲੇ ਕਈ ਸਾਲ਼ਾਂ ਤੋਂ ਸਰਦੀਆਂ ਦੇ ਮੌਸਮ ਦੌਰਾਨ ਨੌਜਵਾਨਾਂ ਵੱਲੋਂ ਪਲਾਸਟਿਕ ਦੀ ਬਣੀ ਚਾਈਨਾ ਡੋਰ ਨਾਲ ਘਰਾਂ ਦੀਆਂ ਛੱਤਾਂ ਤੋਂ ਪਤੰਗਬਾਜ਼ੀ ਕਰਦਿਆਂ ਮਨੁੱਖਾਂ, ਪਸ਼ੂਆਂ 'ਤੇ ਆਕਾਸ਼ 'ਚ ਉੱਡਦੇ ਪੰਛੀਆਂ ਲਈ ਮੌਤ ਦਾ ਕਾਰਨ ਬਣ ਰਹੀ ਚਾਈਨਾ ਡੋਰ ਹਾਈਕੋਰਟ ਦੇ ਸਖ਼ਤ ਆਦੇਸ਼ਾਂ, ਜ਼ਿਲ੍ਹਾ ਪ੍ਰਸ਼ਾਸਨ 'ਤੇ ਪੁਲਿਸ ਪ੍ਰਸ਼ਾਸਨ ਵੱਲੋਂ ਲਾਈ ਪਾਬੰਦੀ ਬੇਅਸਰ ਸਾਬਤ ਹੋਣ ਕਾਰਨ ਰਾਜਧਾਨੀ ਦਿੱਲੀ, ਗੁਆਂਢੀ ਸੂਬਿਆਂ ਤੋਂ ਪੰਜਾਬ ਦੇ ਜ਼ਿਲਿ੍ਹਆਂ 'ਚੋਂ ਮਿਲੀਭੁਗਤ ਨਾਲ ਚੋਰ ਮੋਰੀਆਂ ਰਾਹੀ ਅੰਮਿ੍ਤਸਰ ਦੇ ਥੋਕ ਵਪਾਰੀਆਂ ਵੱਲੋਂ ਸ਼ਹਿਰੋਂ ਬਾਹਰ ਲਏ ਗੋਦਾਮਾਂ 'ਚ ਹੁਣ ਤੱਕ ਕਰੋੜਾਂ ਰੁਪਏ ਦੀ ਡੋਰ ਭੰਡਾਰ ਹੋ ਚੁੱਕੀ ਹੈ। ਜਿਸ ਨੂੰ ਥੋਕ ਵਪਾਰੀ ਹੱਥੋਂ ਹੱਥ ਛੋਟੇ ਵਪਾਰੀਆਂ ਨੂੰ ਅਗਾਂਹ ਵੇਚ ਕੇ ਮੋਟੇ ਲਾਭ ਕਮਾ ਰਹੇ ਹਨ। ਚਾਈਨਾ ਡੋਰ ਨੂੰ ਗੱਤੇ ਦੇ ਡੱਬਿਆਂ 'ਚ ਭਰ ਕੇ ਸਸਤੇ ਭਾਅ ਸ਼ਹਿਰ 'ਚ ਟਰੱਕਾਂ ਰਾਹੀ ਲਿਆਉਣ ਦਾ ਇਹ ਸਿਲਸਿਲਾ ਅਗਸਤ ਮਹੀਨੇ ਰੱਖੜੀ ਦੇ ਦਿਨਾਂ ਤੋਂ ਸ਼ੂਰੂ ਹੋ ਕੇ ਅਜੇ ਤੱਕ ਨਿਰੰਤਰ ਜਾਰੀ ਹੈ।

ਜ਼ਿੰਦਗੀ ਦੀ ਡੋਰ ਕੱਟ ਰਹੀ ਚੀਨੀ ਡੋਰ ਕਾਰਨ ਖਤਰਨਾਕ ਸ਼ੌਂਕ 'ਚ ਬਦਲ ਰਹੀ ਪਤੰਗਬਾਜ਼ੀ
ਬਲਰਾਜ ਸਿੰਘ, ਵੇਰਕਾ : ਪਿਛਲੇ ਕਈ ਸਾਲ਼ਾਂ ਤੋਂ ਸਰਦੀਆਂ ਦੇ ਮੌਸਮ ਦੌਰਾਨ ਨੌਜਵਾਨਾਂ ਵੱਲੋਂ ਪਲਾਸਟਿਕ ਦੀ ਬਣੀ ਚਾਈਨਾ ਡੋਰ ਨਾਲ ਘਰਾਂ ਦੀਆਂ ਛੱਤਾਂ ਤੋਂ ਪਤੰਗਬਾਜ਼ੀ ਕਰਦਿਆਂ ਮਨੁੱਖਾਂ, ਪਸ਼ੂਆਂ 'ਤੇ ਆਕਾਸ਼ 'ਚ ਉੱਡਦੇ ਪੰਛੀਆਂ ਲਈ ਮੌਤ ਦਾ ਕਾਰਨ ਬਣ ਰਹੀ ਚਾਈਨਾ ਡੋਰ ਹਾਈਕੋਰਟ ਦੇ ਸਖ਼ਤ ਆਦੇਸ਼ਾਂ, ਜ਼ਿਲ੍ਹਾ ਪ੍ਰਸ਼ਾਸਨ 'ਤੇ ਪੁਲਿਸ ਪ੍ਰਸ਼ਾਸਨ ਵੱਲੋਂ ਲਾਈ ਪਾਬੰਦੀ ਬੇਅਸਰ ਸਾਬਤ ਹੋਣ ਕਾਰਨ ਰਾਜਧਾਨੀ ਦਿੱਲੀ, ਗੁਆਂਢੀ ਸੂਬਿਆਂ ਤੋਂ ਪੰਜਾਬ ਦੇ ਜ਼ਿਲਿ੍ਹਆਂ 'ਚੋਂ ਮਿਲੀਭੁਗਤ ਨਾਲ ਚੋਰ ਮੋਰੀਆਂ ਰਾਹੀ ਅੰਮਿ੍ਤਸਰ ਦੇ ਥੋਕ ਵਪਾਰੀਆਂ ਵੱਲੋਂ ਸ਼ਹਿਰੋਂ ਬਾਹਰ ਲਏ ਗੋਦਾਮਾਂ 'ਚ ਹੁਣ ਤੱਕ ਕਰੋੜਾਂ ਰੁਪਏ ਦੀ ਡੋਰ ਭੰਡਾਰ ਹੋ ਚੁੱਕੀ ਹੈ। ਜਿਸ ਨੂੰ ਥੋਕ ਵਪਾਰੀ ਹੱਥੋਂ ਹੱਥ ਛੋਟੇ ਵਪਾਰੀਆਂ ਨੂੰ ਅਗਾਂਹ ਵੇਚ ਕੇ ਮੋਟੇ ਲਾਭ ਕਮਾ ਰਹੇ ਹਨ। ਚਾਈਨਾ ਡੋਰ ਨੂੰ ਗੱਤੇ ਦੇ ਡੱਬਿਆਂ 'ਚ ਭਰ ਕੇ ਸਸਤੇ ਭਾਅ ਸ਼ਹਿਰ 'ਚ ਟਰੱਕਾਂ ਰਾਹੀ ਲਿਆਉਣ ਦਾ ਇਹ ਸਿਲਸਿਲਾ ਅਗਸਤ ਮਹੀਨੇ ਰੱਖੜੀ ਦੇ ਦਿਨਾਂ ਤੋਂ ਸ਼ੂਰੂ ਹੋ ਕੇ ਅਜੇ ਤੱਕ ਨਿਰੰਤਰ ਜਾਰੀ ਹੈ। ਧੋਖਾ ਦੇਣ ਲਈ ਡੋਰ ਨਾਲ ਭਰੀਆਂ ਪੇਟੀਆਂ 'ਤੇ 'ਥਰੈੱਡ ਨਾਟ ਯੂਜ਼ ਫਾਰ ਕਾਈਟ ਫਲਾਂਈਗ' ਭਾਵ ਇਹ ਧਾਗਾ ਪਤੰਗ ਉਡਾਉਣ ਲਈ ਵਰਤੋਂ 'ਚ ਨਹੀ ਆਉਂਦਾ ਲਿਖਿਆ ਹੁੰਦਾ ਹੈ। ਪਰ ਕਈ ਸਾਲਾਂ ਤੋਂ ਸਖ਼ਤ ਪਾਬੰਦੀ ਦੇ ਬਾਵਜੂਦ ਕਾਲੇ ਵਪਾਰ ਨਾਲ ਜੁੜੇ ਲੋਕ ਧੜੱਲੇ ਨਾਲ ਵੇਚ ਰਹੇ ਹਨ ਮੌਤ ਦੇ ਵਰੰਟ ਘਾਤਕ ਚਾਈਨਾ ਡੋਰ। ਸੈਂਕੜੇ ਜਾਨ ਲੇਵਾ ਹਾਦਸੇ ਵਾਪਰਨ ਦੇ ਬਾਵਜੂਦ ਜ਼ਿੰਦਗੀ ਦੀ ਡੋਰ ਕੱਟ ਰਹੀ ਚੀਨੀ ਸਿੰਥੈਟਿਕ ਡੋਰ ਕਾਰਨ ਖ਼ਤਰਨਾਕ ਸ਼ੌਂਕ 'ਚ ਬਦਲ ਰਹੀ ਪਤੰਗਬਾਜ਼ੀ। ਅਨੇਕਾਂ ਮੌਤਾਂ ਕਾਰਨ ਕਾਲੇ ਧੰਦੇ ਤੋਂ ਤੋਬਾ ਕਰ ਚੁੱਕੇ ਕੁਝ ਗਿਣਤੀ ਦੇ ਵਪਾਰੀਆਂ ਆਪਣਾ ਨਾਂਅ ਨਸ਼ਰ ਨਾ ਕਰਨ ਦੀ ਸ਼ਰਤ 'ਤੇ ਦੱਸਿਆ ਕਿ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ 20 ਸਤੰਬਰ 2022 ਤੱਕ ਇਕੱਲੇ ਅੰਮਿ੍ਤਸਰ ਸ਼ਹਿਰ 'ਚ ਕਰੋੜਾਂ ਰੁਪਏ ਦੀ ਜਾਨ ਲੇਵਾ ਡੋਰ ਪਹੁੰਚ ਚੁੱਕੀ ਹੈ। ਜਿਸ ਦਾ ਗ੍ਰਾਫ ਜਨਵਰੀ ਮਹੀਨੇ ਦੇ ਪਹਿਲੇ ਹਫ਼ਤੇ ਅਰਬਾਂ ਰੁਪਏ ਤੱਕ ਪਹੁੰਚ ਜਾਵੇਗਾ। ਕਿਉਂਕਿ ਜਨਵਰੀ ਦੇ ਦੂਸਰੇ ਹਫ਼ਤੇ ਲੋਹੜੀ ਤਿਉਹਾਰ ਕਾਰਨ ਪ੍ਰਚੂਨ ਡੋਰ ਦੇ ਗੱਟੂਆਂ ਦੀ ਮਹਿੰਗੇ ਭਾਅ 'ਚ ਵਿਕਰੀ ਸ਼ਿਖਰਾਂ 'ਤੇ ਹੁੰਦੀ ਹੈ। ਵਾਪਰ ਰਹੇ ਹਾਦਸਿਆਂ ਨੂੰ ਮੁੱਖ ਰੱਖਦਿਆਂ ਪੁਲਿਸ ਦਿਖਾਵੇ ਲਈ ਡੋਰ ਦੇ ਗੱਟੂ ਕਬਜੇ 'ਚ ਲੈ ਕੇ ਚੋਰਾਹਿਆਂ 'ਚ ਸਾੜਣ ਦਾ ਅਸਫਲ ਵਿਖਾਵਾ ਵੀ ਕਰਦੀ ਹੈ, ਪਰ ਡੋਰ ਤੇ ਸਾਲਾਂ ਤੋਂ ਲੱਗੀ ਪਾਬੰਦੀ ਬੇਅਸਰ ਸਾਬਤ ਹੋ ਰਹੀ ਹੈ। ਇਥੋਂ ਤੱਕ ਕਿ ਪੁਲਿਸ ਵੱਲੋਂ ਦਸੰਬਰ 2020 'ਚ ਘਰਾਂ ਦੀਆਂ ਛੱਤਾਂ ਤੇ ਚੀਨੀ ਸਿੰਥੈਟਿਕ ਡੋਰ ਨਾਲ ਪਤੰਗਬਾਜ਼ੀ ਕਰਨ ਵਾਲਿਆਂ ਦੇ ਖ਼ਿਲਾਫ਼ ਪਰਚਾ ਦਰਜ ਕਰਨ ਦਾ ਫਰਮਾਨ ਮੱਠਾ ਰਿਹਾ, ਇਹੋ ਹਾਲ ਇਸ ਸਾਲ ਦਿਖਾਈ ਦੇ ਰਿਹਾ ਹੈ।
ਦੇਸੀ ਡੋਰ 'ਤੇ ਭਾਰੂ ਪਈ ਸਿਥੈਟਿਕ ਡੋਰ ਨੇ
ਅੱਜ ਤੋਂ ਡੇਢ ਦਹਾਕੇ ਪਹਿਲਾਂ ਅੰਮਿ੍ਤਸਰ ਸ਼ਹਿਰ ਹੱਥਾਂ ਨਾਲ ਮਾਂਝਾ ਲਗਾ ਕੇ ਤਿਆਰ ਕੀਤੀ ਪੈਂਡਾ, ਸੀ-28, ਗੈਂਡਾ, ਸੰਗਲ ਤੇ ਹੋਰ ਮਾਰਕਿਆਂ ਦੇ ਧਾਗੇ ਤੇ ਪੀਸਿਆ ਕੱਚ, ਰੰਗ 'ਤੇ ਮੈਦੇ ਦੇ ਮਿਸ਼ਰਨ ਨਾਲ ਬਣੀ ਦੇਸੀ ਡੋਰ ਦੀ ਸਰਦਾਰੀ ਹੁੰਦੀ ਸੀ। ਜਨਵਰੀ ਮਹੀਨੇ ਸ਼ਹਿਰ ਦੁਆਲੇ ਦਰਜਨਾਂ ਡੋਰ ਅੱਡਿਆਂ ਦੇ ਮਾਲਕਾਂ ਕੋਲੋਂ ਰਾਤਾਂ ਜਾਗ ਕੇ ਵੀ ਡੋਰ ਦੇ ਆਰਡਰ ਪੂਰੇ ਨਹੀ ਸਨ ਹੁੰਦੇ। ਪਰ ਹੁਣ ਸਿਥੈਟਿਕ ਚੀਨੀ ਡੋਰ ਨੇ ਦੇਸੀ ਡੋਰ ਦਾ ਕੰਮ ਕਰਨ ਵਾਲਿਆਂ ਨੂੰ ਹਾਸ਼ੀਏ ਤੋਂ ਬਾਹਰ ਧਕੇਲ ਦਿੱਤਾ ਹੈ।
ਪਤੰਗ ਸ਼ੌਕੀਨਾਂ ਦੀ ਪਸੰਦ ਬਣੀ ਚਾਈਨਾ ਡੋਰ
ਹਰ ਵਰ੍ਹੇ ਅਨੇਕਾਂ ਜਾਨਲੇਵਾ ਹਾਦਸਿਆਂ ਦਾ ਕਾਰਨ ਬਣਨ ਦੇ ਬਾਵਜੂਦ ਘਾਤਕ ਚੀਨੀ ਡੋਰ ਪਤੰਗ ਉਡਾਉਣ ਵਾਲੇ ਸ਼ੌਕੀਨਾਂ ਲਈ ਪਹਿਲੀ ਪਸੰਦ ਬਣੀ ਹੋਈ ਹੈ। ਵਧੇਰੇ ਸ਼ੌਕੀਨਾਂ ਦਾ ਤਰਕ ਹੈ ਕਿ ਸ਼ਰਤਾਂ ਲਗਾ ਕੇ ਸਿਥੈਟਿਕ ਡੋਰ ਦੇ ਮੁਕਾਬਲੇ ਦੇਸੀ ਡੋਰ ਨਾਲ ਪਤੰਗ ਉਡਾਉਣਾ ਪੈਸੇ ਦੀ ਬਰਬਾਦੀ 'ਤੇ ਬੇਇਜ਼ਤੀ ਕਰਾਉਣ ਦੇ ਸਮਾਨ ਹੈ। ਦੇਸੀ ਡੋਰ ਸਿਥੈਟਿਕ ਡੋਰ ਦਾ ਕਿਸੇ ਹਾਲਤ 'ਚ ਵੀ ਮੁਕਾਬਲਾ ਨਹੀਂ ਕਰ ਸਕਦੀ। ਇਸੇ ਕਰਕੇ ਦੇਸੀ ਡੋਰ ਦੀ ਮੰਗ ਨਾ ਦੇ ਬਰਾਬਰ ਹੈ।
ਡੋਰ ਵਿਕਰੀ ਲਈ ਬੱੱਚੇ ਬਣਦੇ ਢਾਲ
ਛੋਟੇ ਦੁਕਾਨਦਾਰਾਂ ਵੱਲੋਂ ਲੋਹੜੀ ਤਿਉਹਾਰ ਦੇ ਇਕ ਹਫਤਾ ਪਹਿਲਾਂ ਚਾਈਨਾ ਡੋਰ ਦੇ ਗੱਟੂਆਂ ਦੇ ਮਹਿੰਗੇ ਭਾਅ ਵਿਕਰੀ ਲਈ ਛੋਟੇ ਬੱਚਿਆਂ ਨੂੰ ਗੱਟੂ ਜਾਂ ਪੈਸੇ ਦਾ ਲਾਲਚ ਦੇ ਕੇ ਢਾਲ ਬਣਾਇਆ ਜਾਂਦਾ। ਪੁਲਿਸ ਦੀਆਂ ਨਜ਼ਰਾਂ ਤੋਂ ਬਚਾਅ ਲਈ ਬੱਚੇ ਦਿਨ ਵੇਲੇ ਗ੍ਰਾਹਕ ਤੋਂ ਪੇਸ਼ਗੀ ਪੈਸੇ ਇਕੱਠੇ ਕਰਕੇ ਰਾਤ ਦੇ ਹਨੇਰੇ 'ਚ ਲੋਈਆਂ, ਕੰਬਲਾਂ ਦੀ ਬੁੱਕਲ ਮਾਰ ਕੇ ਡੋਰਾਂ ਦੇ ਗੱਟੂਆਂ ਦੀ ਗਲੀਆਂ ਦੀਆਂ ਨੁੱਕਰਾਂ ਜਾਂ ਘਰਾਂ 'ਚ ਪਹੁੰਚ ਕਰਦੇ ਹਨ, ਜਿਸ ਦੀ ਪੁਲਿਸ ਨੂੰ ਭਿਣਕ ਵੀ ਨਹੀ ਪੈਂਦੀ।
ਸੁਸਾਇਟੀਆਂ ਵੱਲੋਂ ਸਖ਼ਤ ਪਾਬੰਦੀ ਦੀ ਮੰਗ
ਤੀਰਥ ਨਗਰ ਵੈੱਲਫੇਅਰ ਸੁਸਾਇਟੀ ਦੇ ਚੇਅਰਮੈਨ ਮੇਜਰ ਸਿੰਘ ਵੇਰਕਾ, ਪ੍ਰਧਾਨ ਬਾਊ ਜਨਕ ਰਾਜ 'ਤੇ ਲੋਕ ਸੇਵਾ ਸੀਨੀਅਰ ਸਿਟੀਜ਼ਨ ਸੁਸਾਇਟੀ ਦੇ ਪ੍ਰਦਾਨ ਦੁਰਗਾ ਦਾਸ 'ਤੇ ਜਨਰਲ ਸਕੱਤਰ ਗਿਰਧਾਰੀ ਲਾਲ ਮਲਿਕ ਨੇ ਲੋਹੜੀ ਮਹੀਨੇ ਮਨੁੱਖਾਂ, ਪਸ਼ੂਆਂ, ਪੰਛੀਆਂ ਅਤੇ ਸੜਕਾਂ ਤੇ ਰਾਹਗੀਰਾਂ ਨਾਲ ਵਾਪਰਦੇ ਜਾਨ ਲੇਵਾ ਹਾਦਸਿਆਂ ਤੋਂ ਬਚਾਉਣ ਲਈ ਸਖਤ ਕਾਨੂੰਨ ਤਹਿਤ ਹੁਣ ਤੋਂ ਸਖਤ ਪਾਬੰਦੀ ਲਾਉਣ ਦੀ ਮੰਗ ਕੀਤੀ।