ਮਨਜਿੰਦਰ ਚੰਦੀ/ਬਲਜੀਤ ਬਿੱਟੂ, ਜੰਡਿਆਲਾ ਗੁਰੂ : ਸੰਯੁਕਤ ਮੋਰਚਾ ( ਗੈਰ ਰਾਜਨੀਤਕ ) ਦੇ ਸੱਦੇ ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਵੱਲੋਂ ਜ਼ੋਨ ਪ੍ਰਧਾਨ ਮੰਗਲ ਸਿੰਘ ਰਾਮਪੁਰਾ, ਸਤਨਾਮ ਸਿੰਘ ਜੰਡਿਆਲਾ, ਰੁਪਿੰਦਰਜੀਤ ਸਿੰਘ ਸੁਲਤਾਨਵਿੰਡ ਦੀ ਅਗਵਾਈ ਵਿਚ ਨਿੱਜਰਪੁਰਾ ਟੋਲ ਪਲਾਜ਼ਾ ਮਾਨਾਂਵਾਲਾ ਅੰਮਿ੍ਤਸਰ ਦਿੱਲੀ ਸੜਕੀ ਮਾਰਗ ਜਾਮ ਕੀਤਾ। ਜਿਸ ਵਿਚ ਕਿਸਾਨਾਂ ਅਤੇ ਬੀਬੀਆਂ ਨੇ ਵੱਡੀ ਗਿਣਤੀ ਵਿਚ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ, ਜਿਸ ਵਿਚ ਜਥੇਬੰਦੀ ਦੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟਬੁੱਢਾ, ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਚਾਟੀਵਿੰਡ, ਸੋਨੂੰ ਮਾਹਲ ਸੁਲਤਾਨਵਿੰਡ, ਅੰਗਰੇਜ ਸਿੰਘ ਚਾਟੀਵਿੰਡ, ਕਾਰਜ ਸਿੰਘ ਰਾਮਪੁਰਾ ਨੇ ਕਿਹਾ ਕਿ ਬੇਮੌਸਮੀ ਹੋਈ ਬਾਰਸ਼ ਕਾਰਨ ਝੋਨੇ ਸਬਜ਼ੀ ਹਰਾ ਚਾਰਾ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ, ਪਰ ਸਰਕਾਰ ਦੇ ਕੰਨ ਤੱਕ ਅੱਜ ਤਕ ਕੋਈ ਜੂੰ ਨਹੀਂ ਸਰਕੀ ਨਾ ਕੋਈ ਗਿਰਦਾਵਰੀ ਅਤੇ ਨਾ ਹੀ ਕੋਈ ਕਿਸੇ ਕਿਸਾਨ ਮੁਆਵਜ਼ਾ ਦਿੱਤਾ। ਲੰਪੀ ਸਕਿਨ ਨਾਲ ਪਸ਼ੂ ਧੰਨ ਦਾ ਹੋਏ ਨੁਕਸਾਨ ਦਾ ਮੁਆਵਜ਼ਾ ਕਿਸਾਨਾਂ ਨੂੰ ਦਿੱਤਾ ਜਾਵੇ ਅਤੇ ਪਿਛਲੇ ਦਿਨਾਂ ਦੌਰਾਨ ਭਾਰਤ ਅਤੇ ਪੰਜਾਬ ਦਿੱਲੀ ਸਰਕਾਰਾਂ ਵੱਲੋਂ 2500 ਰੁਪਏ ਦੀ ਪਰਾਲੀ ਦੀ ਸਾਂਭ ਸੰਭਾਲ ਵਾਲੀ ਪ੍ਰਪੋਜ਼ਲ ਰੱਦ ਕਰਕੇ ਪੰਜਾਬ ਦੀ ਸਰਕਾਰ ਇਹ ਕਹਿ ਰਹੀ ਹੈ ਕਿ ਪਰਾਲੀ ਸਾੜਨ ਵਾਲੇ ਕਿਸਾਨਾਂ ਤੇ ਪਰਚੇ ਦਰਜ ਕੀਤੇ ਜਾਣਗੇ, ਪਰ ਜਥੇਬੰਦੀ ਇਸ ਦਾ ਡਟ ਕੇ ਵਿਰੋਧ ਕਰੇਗੀ। ਇਸ ਮੌਕੇ ਕਿਸਾਨ ਆਗੂਆਂ ਬੋਲਦਿਆਂ ਕਿਹਾ ਕਿ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਵਾਈਆਂ ਜਾਣਗੀਆਂ। ਮੰਗਾਂ ਦੇ ਸਬੰਧ ਵਿਚ ਅੰਮਿ੍ਤਸਰ ਦਿੱਲੀ ਹਾਈਵੇ ਸੜਕੀ ਆਵਾਜਾਈ ਬੰਦ ਕਰਕੇ ਸਰਕਾਰ ਦਾ ਡਟ ਕੇ ਵਿਰੋਧ ਕੀਤਾ ਗਿਆ। ਜੇਕਰ ਸਰਕਾਰ ਵੱਲੋਂ ਮੰਗਾਂ ਲਾਗੂ ਨਹੀਂ ਕੀਤੀਆਂ ਜਾਂਦੀਆਂ ਤਾਂ ਆਉਣ ਵਾਲੇ ਦਿਨਾਂ ਵਿਚ ਸੰਯੁਕਤ ਕਿਸਾਨ ਮੋਰਚਾ ( ਗੈਰ ਰਾਜਨੀਤਕ ) ਦੇ ਸੱਦੇ ਤੇ ਪੰਜਾਬ ਵਿੱਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੂਬਾ ਪ੍ਰਰੈੱਸ ਸਕੱਤਰ ਗੁਰਸਾਹਿਬ ਸਿੰਘ ਚਾਟੀਵਿੰਡ, ਸੂਬਾ ਕਮੇਟੀ ਮੈਂਬਰ ਸੰਦੀਪ ਸਿੰਘ ਮਿੱਠਾ, ਜਥੇਦਾਰ ਬਲਵੰਤ ਸਿੰਘ ਪੰਡੋਰੀ, ਗੱਜਣ ਸਿੰਘ, ਸਰਪੰਚ ਹਰਪਾਲ ਸਿੰਘ ਪੰਡੋਰੀ,ਆਦਿ ਆਗੂ ਹਾਜ਼ਰ ਸਨ।