16 ਅਪ੍ਰਰੈਲ ਨੂੰ ਸਟਾਰ-ਬਕਸ ਹੋਟਲ ਦੇ ਬਾਹਰ ਵਾਪਰੀ ਸੀ ਘਟਨਾ

ਮੋਬਾਇਲ ਲੋਕੇਸ਼ਨ ਅਤੇ ਫੋਰੈਂਸਿਕ ਟੀਮ ਨੇ ਖੋਲਿ੍ਹਆ ਰਾਜ਼, ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ

ਨਵੀਨ ਰਾਜਪੂਤ, ਅੰਮਿ੍ਤਸਰ : 16 ਅਪ੍ਰਰੈਲ ਦੀ ਦੁਪਹਿਰ ਨੂੰ ਖਤਰਨਾਕ ਗੈਂਗਸਟਰ ਸੋਨੂੰ ਸਿਲੰਡਰ ਨੇ ਰਣਜੀਤ ਐਵੀਨਿਊ ਸਥਿਤ ਸਟਾਰ-ਬਕਸ ਹੋਟਲ ਦੇ ਬਾਹਰ ਕਾਰੋਬਾਰੀ ਹਰਪ੍ਰਰੀਤ ਸਿੰਘ ਅਨਮੋਲ ਚੱਢਾ 'ਤੇ ਗੋਲੀਆਂ ਚਲਾ ਦਿੱਤੀਆਂ ਸਨ। ਰਣਜੀਤ ਐਵੀਨਿਊ ਥਾਣੇ ਦੀ ਪੁਲਿਸ ਨੇ ਮੁਲਜ਼ਮ ਨੂੰ ਮੰਗਲਵਾਰ ਦੁਪਹਿਰ ਗਿ੍ਫ਼ਤਾਰ ਕਰ ਲਿਆ ਹੈ। ਪਤਾ ਲੱਗਾ ਹੈ ਕਿ ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ 'ਚੋਂ ਹਥਿਆਰ ਵੀ ਬਰਾਮਦ ਕੀਤੇ ਹਨ। ਡੀਸੀਪੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮ ਨੇ ਕੁਝ ਹੋਰ ਵਾਰਦਾਤਾਂ ਬਾਰੇ ਵੀ ਖੁਲਾਸੇ ਕੀਤੇ ਹਨ। ਦੱਸਣਯੋਗ ਹੈ ਕਿ ਮੌਕੇ 'ਤੇ ਗੋਲੀ ਚਲਾਉਣ ਵਾਲੇ ਮੁਲਜ਼ਮ ਦਾ ਮੋਬਾਈਲ ਡਿੱਗ ਗਿਆ ਸੀ।

ਪੁਲਿਸ ਨੇ ਜਦੋਂ ਮੋਬਾਈਲ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਉਕਤ ਮੋਬਾਈਲ ਘਟਨਾ ਤੋਂ ਕੁਝ ਦਿਨ ਪਹਿਲਾਂ ਕੋਟ ਖਾਲਸਾ ਦੇ ਪਤੇ 'ਤੇ ਕਿਸੇ ਨੇ ਆਨਲਾਈਨ ਮੰਗਵਾਇਆ ਸੀ। ਮੋਬਾਈਲ ਦੇ ਵਟਸਐਪ ਅਕਾਊਂਟ 'ਤੇ ਹੋਟਲ ਕਾਰੋਬਾਰੀ ਅਨਮੋਲ ਚੱਢਾ ਦੀ ਫੋਟੋ ਵੀ ਰਿਸੀਵ ਹੋਈ ਸੀ। ਘਟਨਾ ਦੇ ਕਰੀਬ ਇਕ ਮਹੀਨੇ ਬਾਅਦ ਪੁਲਿਸ ਨੂੰ ਇਸ ਘਟਨਾ 'ਚ ਗੈਂਗਸਟਰ ਦੀ ਸ਼ਮੂਲੀਅਤ ਦੇ ਸਬੂਤ ਮਿਲੇ ਸਨ, ਪਰ ਉਹ ਲਗਾਤਾਰ ਪੁਲਿਸ ਨਾਲ ਅੱਖ-ਮਿਚੋਲੀ ਖੇਡ ਰਿਹਾ ਸੀ। ਮੰਗਲਵਾਰ ਨੂੰ ਪੁਲਿਸ ਨੂੰ ਸੂਚਨਾ ਮਿਲੀ ਕਿ ਗੈਂਗਸਟਰ ਸੋਨੂੰ ਸਿਲੰਡਰ ਕਿਸੇ ਨੂੰ ਮਿਲਣ ਲਈ ਰਣਜੀਤ ਐਵੀਨਿਊ ਪਹੁੰਚਿਆ ਹੈ। ਪੁਲਿਸ ਨੇ ਨਾਕਾਬੰਦੀ ਕਰਕੇ ਗੈਂਗਸਟਰ ਨੂੰ ਘੇਰ ਲਿਆ।

ਰੇਲਵੇ ਟਰੈਕ 'ਤੇ ਗੋਲੀਆਂ ਚਲਾਈਆਂ ਸੀ ਗਈਆਂ

ਗੈਂਗਸਟਰ ਸੋਨੂੰ ਸਿਲੰਡਰ ਨੇ 12 ਜੂਨ 2022 ਨੂੰ ਇਸਲਾਮਾਬਾਦ ਰੇਲਵੇ ਫਾਟਕ 'ਤੇ ਕੁਝ ਲੋਕਾਂ 'ਤੇ ਗੋਲੀਆਂ ਚਲਾਈਆਂ ਸੀ। ਇਸ ਤੋਂ ਬਾਅਦ ਜੀਆਰਪੀ ਨੇ ਸਿਲੰਡਰ ਅਤੇ ਉਸਦੇ ਚਾਰ ਅਣਪਛਾਤੇ ਸਾਥੀਆਂ ਖਿਲਾਫ ਮਾਮਲਾ ਦਰਜ ਕੀਤਾ ਸੀ।

ਪੁਲਿਸ ਪਾਰਟੀ 'ਤੇ ਵੀ ਗੋਲੀਆਂ ਚਲਾਈਆਂ ਗਈਆਂ

ਗੈਂਗਸਟਰ ਸੋਨੂੰ ਸਿਲੰਡਰ ਨੇ ਸਾਲ 2021 'ਚ ਫਤਿਹਗੜ੍ਹ ਚੂੜੀਆਂ ਰੋਡ 'ਤੇ ਪੁਲਸ ਪਾਰਟੀ 'ਤੇ ਗੋਲੀਆਂ ਚਲਾਈਆਂ ਸਨ। ਪੁਲਿਸ ਨੇ ਮੁਲਜ਼ਮ ਦੇ ਕਬਜ਼ੇ 'ਚੋਂ ਹੈਰੋਇਨ ਦੀ ਖੇਪ ਵੀ ਬਰਾਮਦ ਕੀਤੀ ਸੀ।

ਲੜਕੀ ਨੂੰ ਅਗਵਾ ਕਰਨ ਦਾ ਵੀ ਹੈ ਮਾਮਲਾ ਦਰਜ

ਸੋਨੂੰ ਸਿਲੰਡਰ ਖਿਲਾਫ ਲੜਕੀ ਨੂੰ ਅਗਵਾ ਕਰਨ ਦੇ ਦੋਸ਼ 'ਚ ਵੀ ਮਾਮਲਾ ਦਰਜ ਹੈ।ਦੂਜੇ ਪਾਸੇ ਰਣਜੀਤ ਐਵੀਨਿਊ ਥਾਣਾ ਇੰਚਾਰਜ ਜਸਪਾਲ ਸਿੰਘ ਨੇ ਦੱਸਿਆ ਕਿ ਗੈਂਗਸਟਰ ਖਿਲਾਫ ਅੱਧੀ ਦਰਜਨ ਐੱਫਆਈਆਰ ਸਾਹਮਣੇ ਆਈਆਂ ਹਨ।