ਮਜੀਠੀਆ ਦਾ ਹਲਕਾ ਅਟਾਰੀ ਦੇ ਅਕਾਲੀ ਵਰਕਰਾਂ ਵੱਲੋਂ ਜਥੇਦਾਰ ਰਣੀਕੇ ਦੀ ਅਗਵਾਈ 'ਚ ਨਿੱਘਾ ਸਵਾਗਤ

ਰਾਜਿੰਦਰ ਸਿੰਘ ਰੂਬੀ, ਅੰਮਿ੍ਤਸਰ : ਸ਼ੋ੍ਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਚੰਡੀਗੜ੍ਹ ਤੋਂ ਚੱਲ ਕੇ ਅੰਮਿ੍ਤਸਰ ਪਹੁੰਚਣ ਮੌਕੇ ਅਕਾਲੀ ਵਰਕਰਾਂ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕਰਦਿਆਂ ਜੀ ਆਇਆਂ ਕਿਹਾ ਗਿਆ ਹੈ, ਉਥੇ ਹੀ ਵਿਧਾਨ ਸਭਾ ਹਲਕਾ ਅਟਾਰੀ ਦੇ ਖੇਤਰ ਅੰਦਰ ਆਉਣ ਤੇ ਮਜੀਠੀਆ ਦਾ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਜਥੇਦਾਰ ਗੁਲਜਾਰ ਸਿੰਘ ਰਣੀਕੇ ਦੀ ਅਗਵਾਈ ਵਿਚ ਹਜ਼ਾਰਾਂ ਵਿਧਾਨ ਸਭਾ ਹਲਕਾ ਅਟਾਰੀ ਦੇ ਅਕਾਲੀ ਵਰਕਰਾਂ ਵੱਲੋਂ ਨਿੱਘਾ ਸਵਾਗਤ ਕਰਕੇ ਜੈਕਾਰੇ ਲਗਾਏ ਗਏ। ਜਥੇਦਾਰ ਰਣੀਕੇ ਤੇ ਸਾਬਕਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਦੀ ਅਗਵਾਈ ਹੇਠ ਸਵਾਗਤੀ ਪੋ੍ਗਰਾਮ ਤਹਿਤ ਵਿਧਾਨ ਸਭਾ ਹਲਕਾ ਅਟਾਰੀ ਦੇ ਖੇਤਰ ਵਿਖੇ ਪੁੱਜੇ।

ਇਸ ਮੌਕੇ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪਿਛਲੀ ਕਾਂਗਰਸ ਦੀ ਲੋਕ ਮਾਰੂ ਸਰਕਾਰ ਨੇ ਬੇਸ਼ੁਮਾਰ ਧੱਕੇਸ਼ਾਹੀਆਂ ਕੀਤੀਆਂ ਤੇ ਉਨਾਂ੍ਹ ਨੂੰ ਵੀ ਝੂਠੇ ਕੇਸ ਵਿਚ ਫਸਾਇਆ ਗਿਆ, ਜੋ ਗੁਰੂ ਸਾਹਿਬ ਨੇ ਕ੍ਰਿਪਾ ਕਰਕੇ ਪੰਜਾਬ ਦੀਆਂ ਸੰਗਤਾਂ ਦੀ ਅਰਦਾਸ ਸੱਚੀ ਹੁੰਦਿਆਂ ਉਨਾਂ੍ਹ ਨੂੰ ਜ਼ਮਾਨਤ ਮਿਲੀ ਹੈ। ਉਨਾਂ੍ਹ ਕਿਹਾ ਕਿ ਮਜੀਠੀਆ ਨਾ ਤਾਂ ਪਹਿਲਾਂ ਕਿਸੇ ਵਿਰੋਧੀ ਸਿਆਸੀ ਲੋਕਾਂ ਤੋਂ ਡਰਦਾ ਸੀ ਤੇ ਨਾ ਅਗਾਂਹ ਹੀ ਡਰਿਆ ਜਾਵੇਗਾ। ਉਨਾਂ੍ਹ ਕਿਹਾ ਕਿ ਮੈਨੂੰ ਝੂਠੇ ਕੇਸ ਵਿਚ ਫਸਾਉਣ ਵਾਲੇ ਵੀ ਮੇਰੇ ਨਾਲ ਹੀ ਸੱਜੇ ਖੱਬੇ ਜੇਲ੍ਹ ਵਿਚ ਬੈਠੇ ਵਿਖਾਈ ਦਿੱਤੇ ਜਿੱਥੇ ਸੱਚ ਸਾਹਮਣੇ ਆਉਣ 'ਤੇ ਮੇਰੀ ਤਾਂ ਜ਼ਮਾਨਤ ਹੋ ਗਈ ਤੇ ਉਹ ਅਜੇ ਵੀ ਜੇਲ੍ਹ ਅੰਦਰ ਹਨ।

ਸਾਬਕਾ ਮੁੱਖ ਮੰਤਰੀ ਚੰਨੀ ਤੇ ਸਿੱਧੂ 'ਤੇ ਕੱਸਿਆ ਤੰਜ

ਉਨਾਂ੍ਹ ਕਿਹਾ ਕਿ ਅੱਜ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਗਾਣੇ ਚੱਲ ਰਹੇ ਹਨ ਕੀ 'ਛੱਲਾ ਮੁੜ ਕੇ ਨਹੀਂ ਆਇਆ' ਤੇ ਉਹ ਹੁਣ ਕੈਨੇਡਾ ਵਿੱਚ ਪੀਆਰ ਲੈ ਕੇ ਆਪਣਾ ਟਾਈਮ ਪਾਸ ਕਰ ਰਿਹਾ ਹੈ। ਉਨਾਂ੍ਹ ਕਿਹਾ ਕਿ ਉਹ ਆਪਣੇ ਕੱਟਰ ਵਿਰੋਧੀ ਨਵਜੋਤ ਸਿੰਘ ਸਿੱਧੂ ਦੀ ਵੀ ਗੁਰੂ ਸਾਹਿਬ ਅੱਗੇ ਅਰਦਾਸ ਘਰਦਿਆਂ ਠੋਕੋ ਤਾਲੀ ਦੀ ਵੀ ਖ਼ੈਰ ਮੰਗਦੇ ਹਨ। ਮਜੀਠੀਆ ਨੇ ਕਿਹਾ ਕਿ ਗੁਰੂ ਸਾਹਿਬ ਜੀ ਦੀ ਮਿਹਰ ਸਦਕਾ ਉਨਾਂ੍ਹ ਨੂੰ ਝੂਠੇ ਕੇਸ ਵਿਚ ਜ਼ਮਾਨਤ ਮਿਲ ਗਈ ਹੈ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਜੋ ਕਿ ਸਤਾਈ ਸਾਲ ਤੋਂ ਜੇਲ੍ਹ ਅੰਦਰ ਬੰਦ ਹਨ ਉਸ ਸ਼ਖ਼ਸੀਅਤ ਨੂੰ ਰਿਹਾਈ ਵੀ ਮਿਲਣੀ ਜ਼ਰੂਰੀ ਹੈ। ਉਨਾਂ੍ਹ ਕਿਹਾ ਕਿ ਉਹ ਮਾਨਯੋਗ ਜੱਜ ਦਾ ਵੀ ਧੰਨਵਾਦ ਕਰਦੇ ਹਨ ਜਿਨਾਂ੍ਹ ਨੇ ਸੱਚ ਨੂੰ ਸਾਹਮਣੇ ਲਿਆਉਂਦਿਆਂ ਜ਼ਮਾਨਤ ਦਿੱਤੀ ਹੈ। ਵਿਧਾਨ ਸਭਾ ਹਲਕਾ ਅਟਾਰੀ ਦੇ ਅਕਾਲੀ ਵਰਕਰਾਂ ਵੱਲੋਂ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਦੀ ਅਗਵਾਈ ਵਿਚ ਮਜੀਠੀਏ ਦਾ ਵਿਸ਼ਾਲ ਨਿੱਘਾ ਸਵਾਗਤ ਕਰਨ ਮੌਕੇ ਸਾਬਕਾ ਵਿਧਾਇਕ ਲਖਬੀਰ ਸਿੰਘ ਲੋਧੀ ਨੰਗਲ, ਮੈਂਬਰ ਮਗਵਿੰਦਰ ਸਿੰਘ ਖਾਪੜਖੇੜੀ, ਹਰਦਲਬੀਰ ਸਿੰਘ ਸ਼ਾਹ, ਗੁਰਿੰਦਰਪਾਲ ਸਿੰਘ ਲਾਲੀ ਰਣੀਕੇ, ਐਡਵੋਕੇਟ ਅਮਨਬੀਰ ਸਿੰਘ ਸਿਆਲੀ, ਸਾਬਕਾ ਚੇਅਰਮੈਨ ਕੰਵਲਜੀਤ ਸਿੰਘ ਗੁਰੂਵਾਲੀ, ਮਲਕੀਤ ਸਿੰਘ ਬੱਬੂ ਮਾਨਾਂਵਾਲਾ, ਪ੍ਰਧਾਨ ਲਖਵਿੰਦਰ ਸਿੰਘ ਘੁੰਮਣ, ਜਸਪਾਲ ਸਿੰਘ ਨੇਸ਼ਟਾ, ਭਲਵਾਨ ਨਿਰਮਲ ਸਿੰਘ ਨੰਗਲੀ, ਹੀਰਾ ਸਿੰਘ ਪੰਡੋਰੀ, ਗੁਰਵਿੰਦਰ ਸਿੰਘ ਬੰਬ, ਸੁੱਚਾ ਸਿੰਘ ਧਰਮੀ ਫੌਜੀ ਸਮੇਤ ਸੀਨੀਅਰ ਅਕਾਲੀ ਵਰਕਰ ਹਾਜ਼ਰ ਸਨ।

ਫੋਟੋ ਕੈਪਸ਼ਨ:- ਵਿਧਾਨ ਸਭਾ ਹਲਕਾ ਅਟਾਰੀ ਵਿਖੇ ਪੁੱਜਣ ਤੇ ਬਿਕਰਮ ਸਿੰਘ ਮਜੀਠੀਏ ਦਾ ਸਵਾਗਤ ਕਰਦੇ ਹੋਏ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ, ਮਗਵਿੰਦਰ ਸਿੰਘ ਖਾਪੜਖੇੜੀ, ਗੁਰਿੰਦਰਪਾਲ ਸਿੰਘ ਲਾਲੀ ਰਣੀਕੇ ਤੇ ਹੋਰ।