ਅੰਮਿ੍ਤਪਾਲ ਸਿੰਘ, ਅੰਮਿ੍ਤਸਰ : ਸਥਾਨਕ ਸਰਕਾਰਾਂ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਅੰਮਿ੍ਤਸਰ ਦੇ ਪਵਿੱਤਰ ਅਸਥਾਨ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਗੰਜ ਦੇ ਆਲੇ ਦੁਆਲੇ ਦੀ ਦਿੱਖ ਨਿਖਾਰਨ ਦੀ ਮੁਹਿੰਮ ਸ਼ੁਰੂ ਕੀਤੀ ਹੈ। ਡਾ. ਇੰਦਰਬੀਰ ਸਿੰਘ ਨਿੱਜਰ ਨੇ ਸੜਕ ਕਿਨਾਰੇ ਖਾਲੀ ਥਾਵਾਂ ਤੇ ਦਰੱਖਤ ਲਗਾਏ ਅਤੇ ਸਫ਼ਾਈ ਕਰਵਾਈ। ਇਸ ਮੌਕੇ ਉਨਾਂ੍ਹ ਕਿਹਾ ਕਿ ਇਹ ਸਾਡਾ ਪਵਿੱਤਰ ਅਸਥਾਨ ਹੈ ਅਤੇ ਲੱਖਾਂ ਸੰਗਤ ਰੋਜ਼ਾਨਾ ਦੇਸ਼ ਵਿਦੇਸ਼ ਵਿੱਚੋਂ ਇਥੇ ਆਉਂਦੀ ਹੈ, ਸਾਨੂੰ ਇਸ ਦੇ ਆਲੇ ਦੁਆਲੇ ਦੀ ਸਫਾਈ ਦਾ ਧਿਆਨ ਰੱਖਣਾ ਚਾਹੀਦਾ ਹੈ। ਉਨਾਂ੍ਹ ਇਥੇ ਕਾਰੋਬਾਰ ਕਰਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਸਾਮਾਨ ਦੁਕਾਨਾਂ ਦੇ ਅੰਦਰ ਰੱਖਣ ਨਾ ਕਿ ਸੜਕਾਂ 'ਤੇ। ਉਨਾਂ੍ਹ ਕਿਹਾ ਕਿ ਸੜਕਾਂ ਲੋਕਾਂ ਦੇ ਲੰਘਣ ਲਈ ਹਨ, ਤੁਹਾਡੇ ਕਾਰੋਬਾਰ ਕਰਨ ਲਈ ਨਹੀਂ। ਉਨਾਂ੍ਹ ਨੇ ਜੋੜਾ ਘਰ ਵਿੱਚ ਸੇਵਾ ਕਰਦੇ ਸ਼ਰਧਾਲੂਆਂ ਨੂੰ ਬੇਨਤੀ ਕੀਤੀ ਕਿ ਉਹ ਇਥੇ ਵਾਹਨ ਪਾਰਕ ਕਰਦੇ ਲੋਕਾਂ ਨੂੰ ਸਮਝਾ ਕੇ ਪਾਰਕਿੰਗ ਵਿੱਚ ਆਪਣੀ ਗੱਡੀ ਖੜੀ ਕਰਨ ਲਈ ਪੁਲਿਸ ਦਾ ਸਹਿਯੋਗ ਦੇਣ। ਉਨਾਂ੍ਹ ਨੇ ਇਲਾਕੇ ਲਈ ਕਾਰ ਸੇਵਾ ਵਾਲੇ ਸੰਤ ਬਾਬਾ ਭੂਰੀ ਵਾਲਿਆਂ ਦੀਆਂ ਕੋਸ਼ਿਸਾਂ ਦੀ ਸਰਹਾਨਾ ਕਰਦੇ ਕਿਹਾ ਕਿ ਇਨਾਂ ਨੇ ਇਸ ਇਲਾਕੇ ਵਿੱਚ ਰੁੱਖ ਲਗਾਉਣ ਅਤੇ ਸਫ਼ਾਈ ਦੀ ਜੋ ਮੁਹਿੰਮ ਸ਼ੁਰੂ ਕੀਤੀ ਹੈ ਉਸ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ। ਜਿਸ ਨਾਲ ਇਲਾਕੇ ਵਿੱਚ ਹਰੇ ਭਰੇ ਰੁੱਖ ਅਤੇ ਸਫ਼ਾਈ ਦਿਖਾਈ ਦੇਣ ਲੱਗੀ ਹੈ। ਉਨਾਂ੍ਹ ਚਾਟੀਵਿੰਡ ਸ਼ਮਸ਼ਾਨਘਾਟ ਵਿੱਚ ਬਿਜਲੀ ਨਾਲ ਅੰਤਮ ਸੰਸਕਾਰ ਕਰਨ ਦੀ ਵਿਵਸਥਾ ਸ਼ੁਰੂ ਕਰਨ ਦਾ ਵਾਅਦਾ ਕੀਤਾ ਹੈ। ਉਨਾਂ੍ਹ ਕਿਹਾ ਕਿ ਰੁੱਖਾਂ ਦੀ ਬਰਬਾਦੀ ਰੋਕਣ ਲਈ ਸਾਨੂੰ ਸਾਰਿਆਂ ਨੂੰ ਵਹਿਮ ਭਰਮ ਛੱਡ ਕੇ ਅੰਤਮ ਸੰਸਕਾਰ ਬਿਜਲੀ ਜਾਂ ਗੈਸ ਨਾਲ ਹੀ ਕਰਨੇ ਚਾਹੀਦੇ ਹਨ, ਤਾਂ ਜੋ ਰੁੱਖਾਂ ਦੀ ਬਰਬਾਦੀ ਨਾ ਹੋਵੇ।