ਆਓ ਮਿਲ ਕੇ ਕਰੀਏ ਪ੍ਰਣ, ਹਰ ਮਨੁੱਖ ਲਗਾਵੇ ਰੁੱਖ

ਅਮਨਦੀਪ ਸਿੰਘ, ਅੰਮਿ੍ਤਸਰ : ਰੁੱਖ ਤੇ ਮਨੁੱਖ ਦੀ ਸਾਂਝ ਜਨਮ ਤੋਂ ਲੈ ਕੇ ਮੌਤ ਤਕ ਦੇ ਸਫ਼ਰ ਦੀ ਹੈ। ਇਹ ਗੱਲ ਅਸੀ ਸਾਰੇ ਜਾਣਦੇ ਹਾਂ, ਪਰ ਰੁੱਖਾਂ ਦੀ ਮਹੱਤਤਾ ਨੂੰ ਅਸੀ ਬਹੁਤਾਂ ਗੌਲਦੇ ਨਹੀਂ ਹਾਂ। ਇਨ੍ਹਾਂ ਦੇ ਗੁਣਾਂ ਜਾਂ ਲਾਭਾਂ ਨੂੰ ਅਸੀਂ ਅੱਖੋਂ ਪਰੋਖੇ ਕਰ ਛੱਡਦੇ ਹਾਂ। ਇਸ ਸਬੰਧੀ ਸ਼ਹਿਰ ਦੀਆਂ ਕੁਝ ਸ਼ਖਸੀਅਤਾਂ ਤੇ ਕਾਰੋਬਾਰੀਆਂ ਨੇ ਗੱਲਬਾਤ ਕਰਦਿਆਂ ਆਪਣੇ ਵਿਚਾਰ ਸਾਂਝੇ ਕੀਤੇ ਤੇ ਵੱਧ ਤੋ ਵੱਧ ਬੂਟੇ ਲਗਾਉਣ ਲਈ ਪੇ੍ਰਿਤ ਕੀਤਾ।

ਗਰਮੀ ਤੋਂ ਰਾਹਤ ਪਾਉਣ ਲਈ ਬੂਟੇ ਲਾਉਣਾ ਜ਼ਰੂਰੀ : ਡਾ. ਰਣਜੀਤ ਸਿੰਘ

ਮਾਤਾ ਚਰਨ ਕੌਰ ਚੈਰੀਟੇਬਲ ਸੁਸਾਇਟੀ ਤੇ ਕਾਲਜ ਦੇ ਐੱਮਡੀ ਡਾ. ਰਣਜੀਤ ਸਿੰਘ ਨੇ ਕਿਹਾ ਕਿ ਬੱਚਾ ਜਨਮ ਲੈਣ ਸਮੇਂ ਪਹਿਲੇ ਸਾਹ ਰਾਹੀਂ ਆਕਸੀਜਨ ਲੈਂਦਾ ਹੈ ਅਤੇ ਆਕਸੀਜਨ ਰੁੱਖਾਂ ਤੋਂ ਮਿਲਦੀ ਹੈ। ਜਦੋਂ ਮਨੁੱਖ ਨੂੰ ਆਕਸੀਜਨ ਨਾ ਮਿਲੇ ਤਾਂ ਉਸ ਦੇ ਸਾਹਾਂ ਦੀ ਡੋਰ ਟੁੱਟ ਜਾਂਦੀ ਹੈ ਅਤੇ ਅਖ਼ੀਰਲੇ ਸਮੇਂ ਵੀ ਸਾਡੀ ਰੁੱਖਾਂ ਨਾਲ ਸਾਂਝ ਨਿੱਭਦੀ ਹੈ। ਲੱਕੜ ਰੁੱਖਾਂ ਤੋਂ ਹੀ ਮਿਲਦੀ ਹੈ। ਮਨੁੱਖ ਰੁੱਖ ਲਾਏ ਜਾਂ ਨਾ ਲਾਏ ਪਰ ਅਖ਼ੀਰਲੇ ਸਮੇਂ ਇਕ ਰੁੱਖ ਜ਼ਰੂਰ ਨਾਲ ਲੈ ਕੇ ਜਾਂਦਾ ਹੈ। ਅੱਜ ਪੈ ਰਹੀ ਅੱਤ ਦੀ ਗਰਮੀ ਤੋਂ ਰਾਹਤ ਪਾਉਣ ਲਈ ਬੂਟੇ ਲਗਾਉਣਾ ਬੇਹੱਦ ਜ਼ਰੂਰੀ ਹੈ।

ਰੁੱਖ ਸਾਡੇ ਜੀਵਨ ਦਾ ਅਹਿਮ ਹਿੱਸਾ : ਗੁਰਵਿੰਦਰ ਸਿੰਘ

ਅਲਬਰਟਾ ਇੰਟਰਨੈਸ਼ਨਲ ਅਕੈਡਮੀ ਦੇ ਐੱਮਡੀ ਗੁਰਵਿੰਦਰ ਸਿੰਘ ਨੇ ਕਿਹਾ ਕਿ ਰੁੱਖ ਸਾਡਾ ਜੀਵਨ ਹਨ ਤੇ ਸਾਡੇ ਪ੍ਰਰਾਣ ਹਨ। ਅਸੀਂ ਆਪਣੇ ਪ੍ਰਰਾਣਾਂ ਦੀ ਰਾਖੀ ਲਈ ਰੁੱਖ ਲਗਾਈਏ ਪਰ ਅਸੀਂ ਅਜਿਹਾ ਕਰਨ ਦੀ ਬਜਾਏ ਰੁੱਖ ਸਾੜ ਰਹੇ ਹਾਂ, ਵਿਕਾਸ ਦੇ ਨਾਂ 'ਤੇ ਉਨਾਂ੍ਹ ਨੂੰ ਵੱਢ ਰਹੇ ਹਾਂ ਤੇ ਅਜਿਹਾ ਕਰ ਕੇ ਅਸੀਂ ਜਾਣੇ-ਅਨਜਾਣੇ ਵਿਚ ਆਪਣਾ ਹੀ ਬਹੁਤ ਵੱਡਾ ਨੁਕਸਾਨ ਕਰ ਰਹੇ ਹਾਂ। ਰੁੱਖਾਂ ਦਾ ਸਾਡੇ ਜੀਵਨ ਵਿਚ ਅਹਿਮ ਸਥਾਨ ਹੈ।

ਸਾਡੀਆਂ ਕਈ ਲੋੜਾਂ ਪੂਰੀਆਂ ਕਰਦੇ ਰੁੱਖ : ਨਿੱਕੂ ਵਡਾਲਾ ਯੂਕੇ

ਸਮਾਜ ਸੇਵੀ ਨਿੱਕੂ ਵਡਾਲਾ ਯੂਕੇ ਨੇ ਕਿਹਾ ਕਿ ਰੁੱਖਾਂ ਤੋਂ ਹੀ ਕਾਗਜ਼ ਤਿਆਰ ਹੁੰਦਾ ਹੈ, ਗੱਤਾ ਬਣਦਾ ਹੈ। ਲੱਕੜ ਤੋਂ ਹੀ ਕੋਲਾ ਬਣਦਾ ਹੈ। ਬੂਹੇ ਬਾਰੀਆਂ ਅਤੇ ਫਰਨੀਚਰ ਤਿਆਰ ਹੁੰਦਾ ਹੈ। ਰੁੱਖ ਹਰਿਆਵਲ ਦਿੰਦੇ ਹਨ ਅਤੇ ਹਰਿਆਵਲ ਅੱਖਾਂ ਨੂੰ ਠੰਢਕ ਦਿੰਦੀ ਹੈ। ਹਰਿਆਲੀ ਕਾਰਨ ਮਨ ਸ਼ਾਂਤ ਹੋ ਜਾਂਦਾ ਹੈ। ਸਾਨੂੰ ਇਹ ਗੱਲ ਸਮਝਣ ਦੀ ਲੋੜ ਹੈ ਕਿ ਜਿੰਨੇ ਰੁੱਖ ਜ਼ਿਆਦਾ ਹੋਣਗੇ, ਓਨੇ ਹੀ ਮੀਂਹ ਜ਼ਿਆਦਾ ਪੈਣਗੇ। ਪਹਾੜੀ ਇਲਾਕਿਆਂ 'ਚ ਜ਼ਿਆਦਾ ਮੀਂਹ ਰੁੱਖਾਂ ਦੀ ਬਹੁਤਾਤ ਕਾਰਨ ਹੀ ਪੈਂਦਾ ਹੈ। ਜੇਕਰ ਪੰਜਾਬ 'ਚ ਮੀਂਹ ਜ਼ਿਆਦਾ ਪੈਣਗੇ ਤਾਂ ਧਰਤੀ ਹੇਠਲੇ ਪਾਣੀ ਦੀ ਵਰਤੋਂ ਘੱਟ ਹੋਵੇਗੀ। ਮੋਟਰਾਂ ਘੱਟ ਚੱਲਣਗੀਆਂ ਤਾਂ ਬਿਜਲੀ ਦੀ ਖਪਤ ਘੱਟ ਹੋਵੇਗੀ।

ਬੂਟੇ ਲਾਉਣ ਤੋਂ ਬਾਅਦ ਸਾਂਭ-ਸੰਭਾਲ ਵੀ ਜ਼ਰੂਰੀ : ਵੀਰ ਵਿਜੇੇ ਕੁਮਾਰ

ਭਾਰਤੀ ਵਾਲਮੀਕਿ ਯੂਥ ਸੈਨਾ ਦੇ ਚੇਅਰਮੈਨ ਵੀਰ ਵਿਜੇ ਕੁਮਾਰ ਨੇ ਕਿਹਾ ਕਿ ਜੇਕਰ ਧਰਤੀ 'ਤੇ ਰੁੱਖ ਜ਼ਿਆਦਾ ਹੋਣਗੇ ਤਾਂ ਧਰਤੀ 'ਤੇ ਤਪਸ਼ ਘਟੇਗੀ। ਬਰਸਾਤਾਂ ਦਾ ਮੌਸਮ ਆਉਣ ਵਾਲਾ ਹੈ। ਇਸ ਰੁੱਤ ਵਿਚ ਲਗਾਏ ਬੂਟੇ ਜਲਦੀ ਚੱਲਦੇ ਹਨ ਅਤੇ ਪਾਣੀ ਪਾਉਣ ਦੀ ਲੋੜ ਵੀ ਘੱਟ ਪੈਂਦੀ ਹੈ। ਜੇਕਰ ਅਸੀਂ ਇਹ ਮਿੱਥ ਲਈਏ ਕਿ ਹਰ ਘਰ ਵਿਚ ਇਕ ਬੂਟਾ ਜ਼ਰੂਰ ਲਗਾਉਣਾ ਹੈ। ਇਨਾਂ੍ਹ ਦੀ ਸਾਂਭ- ਸੰਭਾਲ ਵੀ ਜ਼ਰੂਰੀ ਹੈ।

ਜਨਮ ਦਿਨ 'ਤੇ ਵੀ ਜ਼ਰੂਰ ਲਗਾਓ ਇਕ ਬੂਟਾ : ਸਪਨਾ ਮਹਿਰਾ

ਮੁਸਕਾਨ ਵੂਮਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸਪਨਾ ਮਹਿਰਾ ਨੇ ਕਿਹਾ ਸਾਨੂੰ ਆਪੋ-ਆਪਣੇ ਜਨਮ ਦਿਨ 'ਤੇ ਵੀ ਇਕ ਬੂਟਾ ਲਗਾਉਣ ਜਰੂਰ ਲਗਾਉਣਾ ਚਾਹੀਦਾ ਹੈ। ਇਥੇ ਦੱਸਣਯੋਗ ਹੈ ਕਿ ਵਾਤਾਵਰਨ ਪੇ੍ਮੀ ਸਪਨਾ ਮਹਿਰਾ ਵਲੋਂ ਆਪਣੀ ਕੋਠੀ ਵਿਖੇ ਮਿੰਨੀ ਗਾਰਡਨ ਬਣਾ ਕੇ 25-30 ਬੂਟੇ ਲਗਾਏ ਗਏ ਹਨ। ਉਨਾਂ੍ਹ ਕਿਹਾ ਕਿ ਵਾਤਾਵਰਨ ਨੂੰ ਦੂਸ਼ਿਤ ਹੋਣ ਤੋ ਬਚਾਉਣ ਲਈ ਉਹ ਆਪਣੀ ਸੁਸਾਇਟੀ ਵਲੋਂ ਵੀ ਸਮੇਂ-ਸਨੇਂ ਅਨੁਸਾਰ ਬੂਟੇ ਲਗਾਉਣ ਦਾ ਅਭਿਆਨ ਚਲਾਉਂਦੇ ਹਨ।

ਰੁੱਖਾਂ ਤੋਂ ਬਿਨਾਂ ਇਨਸਾਨੀ ਜੀਵਨ ਅਸੰਭਵ : ਸੁਰਜੀਤ ਕੌਰ ਕੋਹਲੀ

ਬਰਕਤ ਵੈਲਫੇਅਰ ਸੁਸਾਇਟੀ ਦੇ ਕੋਆਰਡੀਨੇਟਰ ਸੁਰਜੀਤ ਕੌਰ ਕੋਹਲੀ ਨੇ ਕਿਹਾ ਕਿ ਬਹੁਤ ਲੋਕ ਅੱਜ ਆਕਸੀਜਨ ਦੇ ਘੱਟ ਰਹੇ ਲੈਵਲ ਕਾਰਨ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਅੱਜ ਦੇ ਦੌਰ ਵਿਚ ਹਰ ਇਨਸਾਨ ਨੂੰ ਵੱਧ ਤੋਂ ਵੱਧ ਬੂਟੇ ਲਾਉਣੇ ਚਾਹੀਦੇ ਹਨ ਅਤੇ ਰੁੱਖਾਂ ਨੂੰ ਨਾ ਕੱਟਣ ਦੀ ਸਹੁੁੰ ਖਾਣੀ ਚਾਹੀਦੀ ਹੈ। ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਰੁੱਖ ਤੇ ਮਨੁੱਖ ਦਾ ਰਿਸ਼ਤਾ ਬਹੁਤ ਹੀ ਪੁਰਾਣਾ ਤੇ ਗੂੜ੍ਹਾ ਹੈ। ਇਹ ਇਨਸਾਨ ਦੇ ਜਨਮ ਤੋਂ ਲੈ ਕੇ ਮਰਨ ਤਕ ਉਸ ਦੀਆਂ ਜ਼ਰੂਰਤਾਂ ਦੀ ਪੂਰਤੀ ਕਰਦੇ ਹਨ।

ਰੁੱਖਾਂ ਦੀ ਘਾਟ ਨੂੰ ਪੂਰਾ ਕੀਤਾ ਜਾਵੇ : ਸ਼ਾਇਰੀ ਅਰੋੜਾ

ਬਿਊਟੀ ਲੁਕਸ ਸੈਲੂਨ ਐਂਡ ਅਕੈਡਮੀ ਦੇ ਐੱਮਡੀ ਸ਼ਾਇਰੀ ਅਰੋੜਾ ਨੇ ਕਿਹਾ ਕਿ ਅੱਜ ਦੇ ਮੌਸਮ ਵਿਚ ਵੱਧ ਰਹੀ ਤਪਸ਼ ਅਸਹਿਣਯੋਗ ਹੁੰਦੀ ਜਾ ਰਹੀ ਹੈ। ਤੇਜ਼ ਗਰਮੀ ਕਾਰਨ ਆਮ ਲੋਕਾਂ ਦਾ ਜੀਵਨ ਵੀ ਪ੍ਰਭਾਵਿਤ ਹੋ ਰਿਹਾ ਹੈ। ਕਿਤੇ ਨਾ ਕਿਤੇ ਇਸ ਦਾ ਕਾਰਨ ਰੁੱਖਾਂ ਦੀ ਘਾਟ ਵੀ ਹੈ ਅਤੇ ਇਸ ਘਾਟ ਨੂੰ ਪੂਰਾ ਕਰਨਾ ਹੁਣ ਸਮੇਂ ਦੀ ਵੱਡੀ ਮੰਗ ਵੀ ਹੈ। ਕੁਝ ਤਾਂ ਕਣਕ ਦੇ ਨਾੜ ਨੂੰ ਅੱਗ ਲਗਾਉਣ ਕਾਰਨ ਰੁੱਖ ਖਤਮ ਹੁੰਦੇ ਜਾ ਰਹੇ ਹਨ। ਅਣਗਿਣਤ ਦਰੱਖਤਾਂ, ਪੰਛੀਆਂ, ਹਰਿਆਵਲ ਨਿਵਾਸੀ ਜੀਵ ਜੰਤੂਆਂ ਨੂੰ ਖ਼ਤਮ ਕਰਨ ਲਈ ਕੌਣ ਜ਼ਿੰਮੇਵਾਰ ਹੈ। ਤੁਸੀਂ ਆਪ ਹੀ ਫੈਸਲਾ ਕਰ ਲਓ।

ਚੰਗੇ ਵਾਤਾਵਰਨ ਲਈ ਜਾਗਰੂਕ ਹੋਣ ਦੀ ਲੋੜ : ਗੋਰੀ ਗਾਂਧੀ

ਮੀਨਾਂਸ਼ ਈਵੈਂਟ ਮੈਨਜਮੈਂਟ ਕੰਪਨੀ ਦੇ ਐੱਮਡੀ ਗੋਰੀ ਗਾਂਧੀ ਨੇ ਕਿਹਾ ਕਿ ਸੰਸਾਰ ਵਿਚ ਬਹੁਤ ਸਾਰੀਆਂ ਸਾਹ ਦੀਆਂ ਬੀਮਾਰੀਆਂ ਫੈਲ ਰਹੀਆਂ ਹਨ, ਇਸ ਲਈ ਸਾਨੂੰ ਹੁਣ ਤੋਂ ਹੀ ਵਾਤਾਵਰਨ ਸ਼ੁੱਧਤਾ ਲਈ ਸੋਚਣਾ ਚਾਹੀਦਾ ਹੈ ਤੇ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਉਨਾਂ੍ਹ ਲੋਕਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਵੀ ਚੰਗੇ ਵਾਤਾਵਰਨ ਵਿਚ ਰਹਿਣ ਲਈ ਜਾਗਰੂਕ ਕੀਤਾ ਜਾਵੇ ਅਤੇ ਆਪਣੇ ਘਰਾਂ ਪਾਰਕਾਂ ਵਿਚ ਹਰੇ ਭਰੇ ਫਲਦਾਰ ਬੂਟੇ ਲਗਾਓ ਤਾਂ ਜੋ ਵਾਤਾਵਰਣ ਨੂੰ ਸਾਫ ਸੁਥਰਾ ਰੱਖਿਆ ਜਾਵੇ ਤੇ ਆਕਸੀਜਨ ਦੀ ਵੀ ਘਾਟ ਨਾ ਆਵੇ।