ਤਿੰਨ ਮਹੀਨੇ ਪਹਿਲਾਂ ਤਕ 1800 ਤੋਂ ਦੋ ਹਜ਼ਾਰ 'ਚ ਮਿਲਣ ਵਾਲੀ ਟਰਾਲੀ 3600 ਤੋਂ ਚਾਰ ਹਜ਼ਾਰ ਰੁਪਏ ਤਕ ਪਹੁੰਚੀ

ਜ.ਸ, ਅੰਮਿ੍ਤਸਰ : ਸਰਕਾਰ ਬਣਾਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਰੇਤ ਨੂੰ ਲੈ ਕੇ ਪਿਛਲੀਆਂ ਸਰਕਾਰਾਂ ਨੂੰ ਲਗਾਤਾਰ ਘੇਰਦੀ ਰਹੀ ਹੈ। ਹੁਣ ਰੇਤ ਦੀਆਂ ਕੀਮਤਾਂ ਲਗਾਤਾਰ ਅਸਮਾਨ ਨੂੰ ਛੂਹ ਰਹੀਆਂ ਹਨ ਤੇ ਪਿਛਲੇ ਦਿਨੀਂ ਜਾਰੀ ਬਜਟ 'ਚ ਇਸ ਸਬੰਧੀ ਕੋਈ ਐਲਾਨ ਨਹੀਂ ਕੀਤਾ ਗਿਆ। ਜਿਸ ਕਾਰਨ ਲੋਕ ਮਹਿੰਗੇ ਭਾਅ ਦਾ ਸਮਾਨ ਖਰੀਦਣ ਲਈ ਮਜਬੂਰ ਹਨ। ਇੱਥੋਂ ਤਕ ਕਿ ਬਹੁਤ ਸਾਰੇ ਲੋਕ ਜੋ ਆਪਣੇ ਘਰ ਬਣਵਾ ਰਹੇ ਸਨ, ਸਮੱਗਰੀ ਮਹਿੰਗੀ ਹੋਣ ਕਾਰਨ ਉਨਾਂ੍ਹ ਨੂੰ ਆਪਣਾ ਕੰਮ ਬੰਦ ਕਰਨਾ ਪਿਆ। ਕਿਉਂਕਿ ਉਹ ਲੋਕ ਸਰਕਾਰ ਤੋਂ ਤਰਸ ਰਹੇ ਸਨ ਕਿ ਸ਼ਾਇਦ ਰੇਤ ਸਸਤੀ ਕਰਨ ਲਈ ਸਖ਼ਤ ਕਾਰਵਾਈ ਕੀਤੀ ਜਾਵੇ। ਭਾਵੇਂ ਲੋਕ ਇੱਥੋਂ ਤੱਕ ਕਹਿ ਰਹੇ ਹਨ ਕਿ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਸਸਤੀ ਰੇਤ ਮਿਲਣੀ ਸ਼ੁਰੂ ਹੋ ਗਈ ਸੀ। ਪਰ ਜਿਵੇਂ ਹੀ ਸਰਕਾਰ ਬਦਲੀ ਤਾਂ ਰੇਤ ਦੀਆਂ ਕੀਮਤਾਂ 'ਚ ਭਾਰੀ ਉਛਾਲ ਆ ਗਿਆ। ਇਸ ਲਈ ਨਵੀਂ ਸਰਕਾਰ ਤੋਂ ਕੀ ਉਮੀਦਾਂ ਸਨ। ਇਹ ਪੂਰੀਆਂ ਹੁੰਦੀਆਂ ਨਹੀਂ ਦਿਖਦੀਆਂ।

ਲਗਾਤਾਰ ਵਧ ਰਹੇ ਹਨ ਰੇਟ

ਪਿਛਲੇ ਤਿੰਨ ਮਹੀਨਿਆਂ 'ਚ ਰੇਤ, ਸੀਮੈਂਟ, ਸਰੀਆ ਤੇ ਇੱਟਾਂ ਦੇ ਰੇਟਾਂ ਵਿਚ ਜ਼ਬਰਦਸਤ ਉਛਾਲ ਆਇਆ ਹੈ। ਜਿਸ ਕਾਰਨ ਆਮ ਲੋਕਾਂ ਲਈ ਘਰ ਬਣਾਉਣਾ ਤਾਂ ਦੂਰ ਦਾ ਸੁਪਨਾ ਬਣ ਕੇ ਰਹਿ ਗਿਆ ਹੈ। ਇਸ ਦੇ ਨਾਲ ਹੀ ਸਮਾਨ ਵੇਚਣ ਵਾਲੇ ਵਪਾਰੀ ਵੀ ਪਰੇਸ਼ਾਨ ਹਨ। ਕਿਉਂਕਿ ਉਨ੍ਹਾਂ ਦੀ ਗ੍ਰਾਹਕੀ ਵਿਚ ਵੀ ਇਕ ਦਮ 50 ਤੋਂ 70 ਫੀਸਦੀ ਤੱਕ ਘੱਟ ਗਈ ਹੈ। ਇਸ ਸਮੇਂ ਰੇਤਾ 3600 ਤੋਂ 4000 ਰੁਪਏ ਤਕ ਟਰਾਲੀ ਵਿਕ ਰਹੀ ਹੈ, ਜੋ ਤਿੰਨ ਮਹੀਨੇ ਪਹਿਲਾਂ ਤਕ 1800 ਤੋਂ 2000 ਰੁਪਏ ਵਿਚ ਵਿਕ ਰਹੀ ਸੀ। ਇਸ ਤੋਂ ਇਲਾਵਾ ਹੋਰ ਵਸਤੂਆਂ ਜਿਨਾਂ੍ਹ ਵਿਚ ਸਰੀਆ 7500 ਤੋਂ 8000 ਰੁਪਏ ਤੱਕ, ਇੱਟਾਂ 6500 ਤੋਂ 7000 ਰੁਪਏ ਤੱਕ ਅਤੇ ਸੀਮੈਂਟ ਦੀਆਂ ਬੋਰੀਆਂ 420 ਰੁਪਏ ਤੱਕ ਵਿਕ ਰਹੀਆਂ ਹਨ। ਜਦੋਂ ਕਿ ਤਿੰਨ-ਚਾਰ ਮਹੀਨੇ ਪਹਿਲਾਂ ਤੱਕ ਇਹ ਰੇਟ ਕ੍ਰਮਵਾਰ ਦੋ ਹਜ਼ਾਰ ਰੁਪਏ, 6500 ਰੁਪਏ, 5500 ਰੁਪਏ ਅਤੇ 370 ਰੁਪਏ ਤੱਕ ਸਨ।

ਸਰਕਾਰ ਨੂੰ ਆਮ ਲੋਕਾਂ ਦੀ ਭਲਾਈ ਲਈ ਠੋਸ ਕਦਮ ਚੁੱਕਣੇ ਚਾਹੀਦੇ : ਜੋਸ਼ੀ

ਸੁੰਦਰ ਨਗਰ ਵਾਸੀ ਦਰਸ਼ਨ ਕੁਮਾਰ ਜੋਸ਼ੀ ਨੇ ਕਿਹਾ ਕਿ ਸਰਕਾਰ ਆਮ ਲੋਕਾਂ ਲਈ ਹੁੰਦੀ ਹੈ। ਮੌਜੂਦਾ ਸਰਕਾਰ ਨੇ ਵੀ ਰੇਤ ਸਸਤੀ ਕਰਨ ਦਾ ਭਰੋਸਾ ਦਿੱਤਾ ਸੀ, ਪਰ ਅਜਿਹਾ ਨਹੀਂ ਹੋਇਆ। ਅਜਿਹੇ 'ਚ ਗਰੀਬ ਵਿਅਕਤੀ ਲਈ ਆਪਣਾ ਘਰ ਬਣਾਉਣਾ ਵੀ ਮੁਸ਼ਕਿਲ ਹੋ ਗਿਆ ਹੈ। ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਅਤੇ ਠੋਸ ਕਦਮ ਚੁੱਕਣੇ ਚਾਹੀਦੇ ਹਨ।

ਚੋਣਾਂ ਤੋਂ ਪਹਿਲਾਂ ਰੇਤ ਮਾਫੀਆ ਨੂੰ ਖ਼ਤਮ ਕਰਨ ਦਾ ਕੀਤਾ ਵਾਅਦਾ

ਸਥਾਨਕ ਵਾਸੀ ਜਗਦੀਸ਼ ਰਾਏ ਨੇ ਕਿਹਾ ਕਿ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਰੇਤ ਮਾਫੀਆ ਖਤਮ ਹੋਵੇਗਾ ਅਤੇ ਸਸਤੀ ਰੇਤ ਿਮਿਲਆ ਕਰੇਗੀ। ਪਰ ਅਜਿਹਾ ਕੁਝ ਨਹੀਂ ਹੋਇਆ ਅਤੇ ਨਾ ਹੀ ਬਜਟ ਵਿਚ ਕੋਈ ਖਾਸ ਐਲਾਨ ਕੀਤਾ ਗਿਆ ਹੈ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਦੇ ਹੋਏ ਰੇਤਾ ਸਸਤੀ ਕਰੇ।