ਜਸਪਾਲ ਸਿੰਘ ਗਿੱਲ, ਮਜੀਠਾ : ਮੰਗਲਵਾਰ ਨੂੰ ਬਾਅਦ ਦੁਪਹਿਰ ਨਗਰ ਕੌਂਸਲ ਦੇ ਸੀਨੀਅਰ ਸਹਾਇਕ ਰਾਜੇਸ਼ ਕੁਮਾਰ ਦੀ ਅਗਵਾਈ 'ਚ ਕਰਮਚਾਰੀ ਸਾਰੇ ਸ਼ਹਿਰ 'ਚ ਗਏ ਪਰ ਮਾਮਲਾ ਉਸ ਵਕਤ ਤਨਾਅ ਪੂਰਨ ਹੋ ਗਿਆ, ਜਦ ਇਹ ਕਰਮਚਾਰੀ ਸਾਮਾਨ ਚੁੱਕਣ ਵਕਤ ਪੱਖਪਾਤ ਕਰਨ ਲੱਗੇ। ਦੂਸਰੇ ਪਾਸੇ ਦੁਕਾਨਦਾਰਾਂ ਨੇ ਨਗਰ ਕੌਂਸਲ ਦੇ ਅਧਿਕਾਰੀਆਂ 'ਤੇ ਇਹ ਦੋਸ਼ ਵੀ ਲਗਾਇਆ ਕਿ ਫੁੱਟਪਾਥ ਖਾਲੀ ਕਰਵਾਉਣ ਵਾਸਤੇ ਪਹਿਲਾਂ ਨਗਰ ਕੌਂਸਲ ਵੱਲੋਂ ਕੋਈ ਨੋਟਿਸ ਨਹੀ ਦਿੱਤਾ ਗਿਆ ਤੇ ਅੱਜ ਅਚਨਚੇਤ ਆ ਕੇ ਲੋਕਾਂ ਦਾ ਸਮਾਨ ਚੁੱਕਣਾ ਸ਼ੁਰੂ ਕਰ ਦਿੱਤਾ ਗਿਆ। ਦੁਕਾਨਦਾਰਾਂ ਨੇ ਸਾਮਾਨ ਚੁੱਕਣ ਆਏ ਕਰਮਚਾਰੀਆਂ ਤੇ ਇਹ ਵੀ ਇਲਜ਼ਾਮ ਲਗਾਇਆ ਕਿ ਉਨਾਂ ਵੱਲੋਂ ਕਥਿਤ ਤੌਰ 'ਤੇ ਪੱਖਪਾਤ ਕੀਤਾ ਗਿਆ ਹੈ ਕਿਉਂਕਿ ਗਰੀਬ ਰੇਹੜੀ ਵਾਲਿਆਂ ਦਾ ਸਾਮਾਨ ਤਾਂ ਚੁੱਕ ਲਿਆ ਗਿਆ, ਪਰ ਕੁਝ ਦੁਕਾਨਦਾਰਾਂ ਵੱਲੋਂ ਫੁੱਟਪਾਥਾਂ ਤੇ ਪੱਕੇ ਤੌਰ 'ਤੇ ਰੱਖੇ ਗਏ ਸਾਮਾਨ ਨੂੰ ਹੱਥ ਵੀ ਨਹੀਂ ਲਗਾਇਆ ਗਿਆ ਜਿਹੜੇ ਅਵਾਜਾਈ 'ਚ ਵਿਘਨ ਪਾਉਣ 'ਚ ਵੱਡਾ ਰੋਲ ਅਦਾ ਕਰਦੇ ਹਨ। ਜਿਨ੍ਹਾਂ 'ਚ ਰੇਤ ਬਜਰੀ ਅਤੇ ਲੱਕੜਾਂ ਵਾਲਿਆਂ ਨੇ ਫੁੱਟਪਾਥ ਦੇ ਨਾਲ ਨਾਲ ਅੱਧੀ ਸੜਕ ਵੀ ਪੱਕੇ ਤੌਰ 'ਤੇ ਮੱਲੀ ਹੋਈ ਹੈ, ਉਨ੍ਹਾਂ ਦਾ ਸਾਮਾਨ ਕਿੳਂੁ ਨਹੀਂ ਚੁੱਕਿਆ ਗਿਆ ਤੇ ਉਨ੍ਹਾਂ ਦੁਕਾਨਦਾਰਾਂ ਦੇ ਖਿਲਾਫ ਕੋਈ ਵੀ ਕਾਰਵਾਈ ਕਿਉਂ ਨਹੀਂ ਕੀਤੀ ਗਈ।

ਇਸ ਦੌਰਾਨ ਸ਼ਹਿਰ ਦੇ ਅੰਦਰਵਾਰ ਵਾਲੇ ਸਾਰੇ ਬਾਜ਼ਾਰਾਂ ਦੇ ਦੁਕਾਨਦਾਰਾਂ ਨੂੰ ਪਤਾ ਲੱਗਣ ਤੇ ਉਨ੍ਹਾਂ ਨੇ ਪਹਿਲਾਂ ਹੀ ਆਪਣੀਆਂ ਦੁਕਾਨਾਂ ਦਾ ਬਾਹਰ ਪਿਆ ਸਾਮਾਨ ਦੁਕਾਨਾਂ ਦੇ ਅੰਦਰ ਕਰ ਲਿਆ ਸੀ। ਦੁਕਾਨਦਾਰਾਂ ਦੇ ਵਿਰੋਧ ਕਰਨ ਕਰਕੇ ਨਗਰ ਕੌਂਸਲ ਦੇ ਕਰਮਚਾਰੀਆਂ ਵੱਲੋਂ ਬਾਕੀ ਦੁਕਾਨਦਾਰਾਂ ਦਾ ਸਾਮਾਨ ਨਹੀਂ ਚੁੱਕਿਆ ਗਿਆ। ਇਸ ਮੌਕੇ ਅੱਜ ਦੀ ਕਾਰਵਾਈ ਬਾਰੇ ਜਦ ਨਗਰ ਕੌਂਸਲ ਮਜੀਠਾ ਦੇ ਕਾਰਜ ਸਾਧਕ ਅਫਸਰ ਅਮਰਦੀਪ ਸਿੰਘ ਸੋਖੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵੱਲੋਂ ਅਨੇਕਾਂ ਵਾਰ ਕਰਮਚਾਰੀਆਂ ਨੂੰ ਭੇਜ ਕੇ ਚਿਤਾਵਨੀ ਦਿੱਤੀ ਗਈ ਸੀ ਤੇ ਆਉਂਦੇ ਦਿਨਾਂ 'ਚ ਸਾਰੇ ਸ਼ਹਿਰ 'ਚ ਬਿਨਾਂ ਕਿਸੇ ਪੱਖਪਾਤ ਹਰ ਹਾਲਤ ਵਿੱਚ ਫੁੱਟਪਾਥ ਖਾਲੀ ਕਰਵਾ ਲਏ ਜਾਣਗੇ ਅਤੇ ਆਵਾਜਾਈ ਨੂੰ ਸੁਚਾਰੂ ਰੂਪ ਵਿਚ ਚਲਵਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਾਰੀ ਕਾਰਵਾਈ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਆਵਾਜਾਈ ਨੂੰ ਠੀਕ ਢੰਗ ਨਾਲ ਚਲਾਉਣ ਵਾਸਤੇ ਕੀਤੀ ਜਾ ਰਹੀ ਹੈ।