ਗੁਰਮੀਤ ਸੰਧੂ, ਅੰਮਿ੍ਤਸਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ 6 ਜੂਨ ਦਿਨ ਸੋਮਵਾਰ ਨੂੰ ਆਪੇ੍ਸ਼ਨ ਬਲਿਊ ਸਟਾਰ ਦੀ ਮਨਾਈ ਜਾਣ ਵਾਲੀ 38ਵੀਂ ਵਰੇ੍ਹਗੰਢ ਤੇ ਘੱਲੂਘਾਰਾ ਹਫ਼ਤੇ ਨੂੰ ਲੈ ਕੇ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਸੁਰੱਖਿਆ ਏਜੰਸੀਆਂ ਸਰਗਰਮ ਹੋ ਗਈਆਂ ਹਨ। ਇਸੇ ਸਿਲਸਿਲੇ ਦੇ ਚੱਲਦਿਆਂ ਸ਼ਹਿਰੀ ਪੁਲਿਸ ਕਮਿਸ਼ਨਰੇਟ ਦੇ ਅਧਿਕਾਰਤ ਖੇਤਰ 'ਚ ਆਉਂਦੇ ਪੁਲਿਸ ਥਾਣਾ ਛੇਹਰਟਾ ਤੇ ਇਸ ਦੇ ਕਾਰਜ ਅਧੀਨ ਚੌਂਕੀਆਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਪੂਰੀ ਚੁਸਤੀ ਫੁਰਤੀ ਤੇ ਮੁਸ਼ਤੈਦੀ ਦਿਖਾਈ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਇਸ ਥਾਣੇ ਤੇ ਚੌਂਕੀਆਂ ਦੇ ਅਧੀਨ ਅੰਮਿ੍ਤਸਰ ਲਾਹੌਰ ਕੌਮਾਂਤਰੀ ਮਾਰਗ ਦਾ ਇੱਕ ਵੱਡਾ ਹਿੱਸਾ ਆਉਂਦਾ ਹੈ। ਜਦੋਂ ਕਿ ਦੋਵਾਂ ਦੇਸ਼ਾਂ ਦੀ ਸਾਂਝੀ ਜਾਂਚ ਚੌਂਕੀ ਜੇਸੀਪੀ ਅਟਾਰੀ ਵਿਖੇ ਹੋਣ ਵਾਲੀ ਰੀਟ੍ਰੀਟ ਸੈਰਾਮਨੀ ਦੇ 'ਚ ਸ਼ਾਮਲ ਹੋਣ ਵਾਲੇ ਤੇ ਵਾਪਸ ਆਉਣ ਵਾਲੇ ਸੈਲਾਨੀਆਂ ਦੇ ਇਸਤੇਮਾਲ 'ਚ ਆਉਣ ਵਾਲਾ ਇਹੋ ਇੱਕੋ-ਇੱਕ ਸੜਕ ਮਾਰਗ ਹੈ ਤੇ ਸੱਭ ਤੋਂ ਵੱਧ ਭੀੜ ਭੜ੍ਹੱਕੇ ਵਾਲਾ ਛੇਹਰਟਾ ਚੌਂਕ ਵੀ ਆਉਂਦਾ ਹੈ। ਇਸੇ ਤਰਾਂ੍ਹ ਸਰਹੱਦੀ ਇਲਾਕਾ ਨਿਵਾਸੀਆਂ ਦਾ ਸ਼ਹਿਰੀ ਦਾਖਲਾ ਵੀ ਇਸੇ ਪਾਸੇ ਤੋਂ ਹੈ। ਜਿਸ ਦੀ ਜ਼ਿੰਮੇਵਾਰੀ ਟਾਊਨ ਚੌਂਕੀ ਦੇ ਕੋਲ ਹੈ। ਘੱਲੂਘਾਰਾ ਹਫਤਾ ਅਤੇ ਸੈਲਾਨੀਆਂ ਦੀ ਆਵਾਜਾਈ ਨੂੰ ਲੈ ਕੇ ਸਰਗਰਮ ਟਾਊਨ ਚੌਂਕੀ ਇੰਚਾਰਜ ਐੱਸਆਈ ਰੂਪਲਾਲ ਆਪਣੇ ਦਲਬਲ ਸਮੇਤ ਪੂਰੀ ਤਰ੍ਹਾਂ੍ਹ ਮੁਸ਼ਤੈਦ ਦਿਖਾਈ ਦਿੱਤੇ।