ਕੁਲਦੀਪ ਸੰਤੂਨੰਗਲ, ਗੁਰੂ ਕਾ ਬਾਗ : ਪੁਲਿਸ ਥਾਣਾ ਝੰਡੇਰ ਅਧੀਨ ਆਉਂਦੇ ਪਿੰਡ ਵਿਛੋਆ ਵਿਖੇ ਇਕ ਗਰੀਬ ਪਰਿਵਾਰ ਦੇ ਪਸ਼ੂਆਂ ਵਾਲੇ ਬਰਾਂਡੇ ਨੂੰ ਅੱਗ ਲੱਗਣ ਕਾਰਨ, ਦੋ ਮੱਝਾਂ ਦੀ ਮੌਤ ਤੇ ਇਕ ਝੋਟੀ ਦੇ ਬੁਰੀ ਤਰ੍ਹਾਂ ਨਾਲ ਝੁਲਸ ਗਈ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਬਲਜੀਤ ਸਿੰਘ ਬੱਬੀ ਪੁੱਤਰ ਗੁਲਜ਼ਾਰ ਸਿੰਘ ਨੇ ਦੱਸਿਆ ਉਸ ਵੱਲੋਂ ਪਸ਼ੂਆਂ ਲਈ ਬਣਾਏ ਗਏ ਵਰਾਂਡੇ ਦੇ ਨਜ਼ਦੀਕ ਕਿਸੇ ਵੱਲੋਂ ਆਪਣੇ ਖੇਤਾਂ ਵਿੱਚ ਪਏ ਨਾੜ (ਰਹਿੰਦ ਖੂਹੰਦ) ਨੂੰ ਅੱਗ ਲਾਈ ਸੀ, ਜਿਸ ਕਾਰਨ ਉਹ ਅੱਗ ਪਸ਼ੂਆਂ ਵਾਲੇ ਬਰਾਂਡੇ ਨੂੰ ਵੀ ਲੱਗ ਗਈ, ਜਿਸ ਨਾਲ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਦੋ ਮੱਝਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਇਕ ਝੋਟੀ ਬੁਰੀ ਤਰ੍ਹਾਂ ਨਾਲ ਝੁਲਸ ਗਈ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਕਾਰਨ ਭਾਰੀ ਨੁਕਸਾਨ ਹੋ ਗਿਆ ਹੈ। ਉਧਰ ਇਸ ਘਟਨਾ ਸਬੰਧੀ ਸੂਚਨਾ ਮਿਲਣ ਤੇ ਥਾਣਾ ਝੰਡੇਰ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।