ਰਾਜਨ ਮਹਿਰਾ, ਅੰਮਿ੍ਤਸਰ : ਰਿਆਨ ਇੰਟਰਨੈਸ਼ਨਲ ਸਕੂਲ ਵਿਖੇ 73ਵਾਂ ਗਣਤੰਤਰ ਦਿਵਸ ਚੇਅਰਮੈਨ ਡਾ. ਆਗਸਟੀਨ ਐਫ ਪਿੰਟੋ ਤੇ ਡਾਇਰੈਕਟਰ ਡਾ. ਗਰੇਸ ਪਿੰਟੋ ਦੀ ਅਗਵਾਈ ਵਿਚ ਬੜੀ ਧੂਮਧਾਮ ਨਾਲ ਮਨਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਸੁਰੇਸ਼ ਕੁਮਾਰ ਯਾਦਵ ਡਿਉਟੀ ਕਮਾਂਡੈਂਟ 52 ਆਈਟੀਬੀਪੀ ਤੇ ਮਨੋਰੰਜਨ ਕੁਮਾਰ ਡਿਪਟੀ ਕਮਾਂਡੈਂਟ 52 ਆਈ.ਟੀ.ਬੀ.ਪੀ ਪਹੁੰਚੇ ਅਤੇ ਸਕੂਲ ਪ੍ਰਬੰਧਕਾਂ ਤੇ ਮੁੱਖ ਮਹਿਮਾਨਾਂ ਨੇ ਰਾਸ਼ਟਰੀ ਗੀਤ ਗਾਉਂਦੇ ਹੋਏ ਝੰਡੇ ਦੀ ਰਸਮ ਅਦਾ ਕੀਤੀ। ਇਸ ਮੌਕੇ ਵਿਸ਼ੇਸ਼ ਪ੍ਰਰਾਥਨਾ ਸਭਾ ਕਰਵਾਈ ਗਈ, ਜਿਸ ਵਿਚ ਪ੍ਰਮਾਤਮਾ ਤੋਂ ਸਾਰਿਆਂ ਦੀ ਚੰਗੀ ਸਿਹਤ ਅਤੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਗਈ। ਡਾਂਸ ਦੇ ਨਾਲ-ਨਾਲ ਭਗਤੀ ਦੇ ਗੀਤ ਪੇਸ਼ ਕੀਤੇ ਗਏ ਅਤੇ ਰਿਆਨ ਸਕੂਲ ਦੀ ਪਰੰਪਰਾ ਨੂੰ ਅੱਗੇ ਵਧਾਉਂਦੇ ਹੋਏ ਮੁੱਖ ਮਹਿਮਾਨ ਵੱਲੋਂ ਸਕੂਲ ਦੇ ਵਿਹੜੇ ਵਿਚ ਵਾਤਾਵਰਨ ਦੀ ਸੰਭਾਲ ਲਈ ਰੁੱਖ ਲਗਾਏ ਗਏ। ਸਕੂਲ ਦੇ ਵੱਖ-ਵੱਖ ਭਾਗਾਂ ਵਿਚ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ, ਜਿਨ੍ਹਾਂ ਵਿਚ ਕਾਗਜ਼ ਦੇ ਟੁਕੜੇ ਚਿਪਕਾ ਕੇ ਤਿਰੰਗਾ ਬਣਾਉਣਾ, ਕਮਲ ਦੇ ਫੁੱਲ ਬਣਾਉਣਾ, ਤਿਰੰਗੇ ਦਾ ਰੁੱਖ ਬਣਾਉਣਾ, ਤਿਰੰਗੇ ਦੇ ਬੈਜ ਬਣਾਉਣਾ, ਤਿਰੰਗੇ ਦਾ ਤਾਜ ਬਣਾਉਣਾ, ਤਿਰੰਗੇ ਦਾ ਸੈਂਡਵਿਚ ਅਤੇ ਇਡਲੀ ਬਣਾਉਣਾ ਗਣਤੰਤਰ ਦਿਵਸ 'ਤੇ ਪੋਸਟਰ ਬਣਾਉਣਾ ਸ਼ਾਮਲ ਸਨ। ਆਜ਼ਾਦੀ ਘੁਲਾਟੀਆਂ ਵੱਲੋਂ ਕੀਤੇ ਕੰਮਾਂ ਨੂੰ ਬਿਆਨ ਕਰਨਾ, ਲੇਖ ਲਿਖਣ ਦੇ ਨਾਲ-ਨਾਲ ਕੁਇਜ਼ ਮੁਕਾਬਲੇ ਵੀ ਕਰਵਾਏ ਗਏ। ਸਾਰੇ ਵਿਦਿਆਰਥੀਆਂ ਨੇ ਸਾਰੀਆਂ ਗਤੀਵਿਧੀਆਂ ਵਿਚ ਪੂਰੇ ਉਤਸ਼ਾਹ ਨਾਲ ਭਾਗ ਲਿਆ। ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਸਮੁੱਚੀ ਗਤੀਵਿਧੀ ਸਕੂਲ ਦੀ ਮੁੱਖ ਅਧਿਆਪਕਾ ਕੰਚਨ ਮਲਹੋਤਰਾ ਦੇ ਨਿਰਦੇਸ਼ਾਂ ਤੇ ਕਰਵਾਈ ਗਈ। ਗਣਤੰਤਰ ਦਿਵਸ ਦੇ ਮੌਕੇ 'ਤੇ ਉਨਾਂ੍ਹ ਨੇ ਸਾਰਿਆਂ ਨੂੰ ਸਕਾਰਾਤਮਕ ਸੋਚ ਦੇ ਨਾਲ ਅੱਗੇ ਵਧਣ ਦਾ ਸੰਦੇਸ਼ ਦਿੱਤਾ ਤਾਂ ਜੋ ਮਜ਼ਬੂਤ ਭਾਰਤ ਦਾ ਨਿਰਮਾਣ ਕੀਤਾ ਜਾ ਸਕੇ।